Saturday, December 21, 2024

ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਆਪਸੀ ਪਿਆਰ ਅਤੇ ਮਿਲਵਰਤਨ ਦੇ ਰਿਸ਼ਤੇ ਨੂੰ ਜ਼ਾਹਰ ਕਰਦਾ ਹੈ।ਵੀਰ ਹਰ ਤਿਉਹਾਰ ਤੇ ਸੋਹਰੇ ਵੱਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ।ਭੈਣ ਵੀਰ ਦੀ ਹਰ ਖੁਸ਼ੀ ਦੇ ਵਾਰੇ ਵਾਰੇ ਜਾਂਦੀ ਹੈ।
ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ।ਦਿਖਾਵੇ ਤੇ ਕੱਪੜੇ ਗਹਿਣੇ ਨਾਲ ਨਹੀਂ।ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਨੇ ਜੋ ਭਰਾਵਾਂ ਨੁੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਨੇ, ਪਰ ਅਜਿਹੇ ਹੁਣ ਬਹੁਤ ਘੱਟ ਹਨ।ਭੈਣ ਵਾਂਗ ਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ ਬੰਨ੍ਹਣ ਦਾ ਉਦੇਸ਼ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਦਾ ਕੋਈ ਮਹੱਤਵ ਨਹੀਂ ਹੈ।ਕਈ ਭੈਣਾਂ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਨੇ।ਇਹ ਆਪਣੀ ਪਹੁੰਚ ਜਾਂ ਸੋਚ ‘ਤੇ ਨਿਰਭਰ ਹੈ।ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿਬੜਦਾ ਹੈ।ਅੱਜ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ ਕੱਪੜੇ ਤੇ ਗਹਿਣੇ ਜਾ ਪੈਸੇ ਨਾਲ ਪੈਂਦਾ ਹੈ।ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ।ਕਈ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆਂ ਨੇ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣ ਤੇ ਮੂੰਹ ਮੋਟਾ ਕਰਨ ਵਾਲੀਆਂ ਵੀ।ਪਹਿਲੇ ਜ਼ਮਾਨੇ ਵਿਚ ਭੈਣਾਂ ਆਪ ਰੱਖੜੀ ਤਿਆਰ ਕਰਦੀਆਂ ਸਨ ਅਤੇ ਆਪਣੇ ਵੀਰ ਦਾ ਮੂੰਹ ਮਿੱਠਾ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਘਰ ਦੀ ਰਸੋਈ ਵਿਚ ਬਣਾਉਂਦੀਆਂ ਸਨ। ਜਿਨ੍ਹਾਂ ਵਿਚ ਖੋਏ ਦੀਆਂ ਪਿੰਨੀਆਂ, ਲੱਡੂ, ਗੁੜ ਵਾਲੀਆਂ ਮੱਠੀਆਂ, ਗੁਲਗਲੇ, ਖੀਰ, ਸੇਵੀਆਂ ਆਦਿ ਵਿਸ਼ੇਸ਼ ਹੁੰਦੇ ਸਨ।ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਇਕ ਰਸਮੀ ਤਿਉਹਾਰ ਨਾ ਸਮਝਣ।ਦੋ ਚਾਰ ਦਿਨ ਬਾਅਦ ਟੁੱਟ ਜਾਣ ਵਾਲੀ ਡੋਰ ਨਾਲੋਂ ਇਸ ਦੀ ਕਦਰ ਪੈਂਦੀ ਹੈ।ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਨਾਲ ਇਹ ਮੋਹ ਦੀਆਂ ਤੰਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ।
ਅੱਜ ਦੇ ਸਮੇਂ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਉਹਨਾਂ ਉਪਰ ਵੱਧ ਰਹੇ ਜ਼ੁਲਮਾਂ ਨੂੰ ਦੇਖਦੇ ਹੋਏ ਔਰਤ ਦਾ ਆਪਣੀ ਸੁਰੱਖਿਆ ਲਈ ਸਵੈ-ਨਿਰਭਰ ਹੋਣਾ ਜਰੂਰੀ ਹੈ।ਇਸ ਦੇ ਨਾਲ ਹੀ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਤਾਂ ਜੋ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ।ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਤੋਹਫ਼ਾ ਹੋਵੇਗਾ। 1709202301

ਰਾਜਿੰਦਰ ਰਾਣੀ
ਪਿੰਡ ਗੰਢੂਆਂ (ਸੰਗਰੂਰ)

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …