Wednesday, April 24, 2024

ਵਫ਼ਾਦਾਰੀ

ਨਿਮਾਣਾ ਸਿਹੁੰ ਸਵੇਰ ਦੀ ਸੈਰ ਕਰ ਰਿਹਾ ਸੀ।ਸਾਹਮਣੇ ਪਾਸਿਓਂ ਇੱਕ ਨਿਮਾਣੇ ਦੇ ਜਾਣਕਾਰ ਪਤੀ-ਪਤਨੀ ਵੀ ਸੈਰ ਕਰਦੇ ਆ ਰਹੇ ਸਨ।ਇੱਕ ਅਵਾਰਾ ਕੁੱਤਾ ਉਹਨਾਂ ਦੇ ਆਲੇ-ਦੁਆਲੇ ਚੱਕਰ ਕੱਟਦਾ, ਉਹਨਾਂ ਦੇ ਪੈਰ ਚੁੰਮਦਾ ਅਥਾਹ ਲਾਡ-ਪਿਆਰ ਦਾ ਪ੍ਰਗਟਾਵਾ ਕਰਦਾ ਉਹਨਾਂ ਦੇ ਨਾਲ਼-ਨਾਲ਼ ਮਟਕ-ਮਟਕ ਚਲਦਾ ਆ ਰਿਹਾ ਸੀ।ਨਿਮਾਣਾ ਬੋਲਿਆ,” ਵੇਖਿਓ ਪੁੱਤਰ ਜੀ! ਕਿਤੇ ਇਹ ਲਾਡ-ਪਿਆਰ `ਚ ਤੁਹਾਨੂੰ ਦੰਦ ਹੀ ਨਾ ਮਾਰ ਦੇਵੇ।”ਨਹੀਂ ਭਾਅ-ਜੀ, ਦੰਦ ਮਾਰਨ ਵਾਲ਼ੀ ਕੋਈ ਗੱਲ ਨਹੀਂ।ਦਰਅਸਲ ਜਿਥੇ ਅਸੀਂ ਰਹਿੰਦੇ ਹਾਂ, ਇਹ ਵੀ ਉਸੇ ਗਲੀ `ਚ ਰਹਿੰਦਾ ਸੀ।ਅਸੀਂ ਇਸ ਨੂੰ ਹਰ ਰੋਜ਼ ਰੋਟੀ ਪਾਇਆ ਕਰਦੇ।ਇਸ ਦੇ ਪੀਣ ਲਈ ਪਾਣੀ ਇਕ ਕਠਾਰੇ `ਚ ਮੁੱਖ ਗੇਟ ਦੇ ਬਾਹਰ ਰੱਖਿਆ ਹੋਇਆ ਸੀ।ਕਦੇ-ਕਦੇ ਦੁੱਧ ਵੀ ਪੀਣ ਲਈ ਕਠਾਰੇ ਵਿੱਚ ਪਾ ਦਿੰਦੇ ਸੀ।ਪਿੱਛਲੇ ਕੁੱਝ ਮਹੀਨਿਆਂ ਤੋਂ ਇਹ ਸਾਡੀ ਗਲ਼ੀ ਵਿਚੋਂ ਗਾਇਬ ਸੀ।ਅੱਜ ਸਾਨੂੰ ਸੈਰ ਕਰਦਿਆਂ ਅਚਾਨਕ ਇਸ ਨੇ ਵੇਖ ਕੇ ਪਹਿਚਾਣ ਲਿਆ ਤੇ ਸਾਡੇ ਵੱਲ ਛਲਾਂਗਾਂ ਲਗਾਉਂਦਾ ਦੌੜਿਆ ਆਇਆ।ਪਹਿਲਾਂ ਅਸੀਂ ਕਾਲੋਨੀ ਵਿੱਚ ਹੀ ਸੈਰ ਕਰ ਲੈਂਦੇ ਸੀ।ਅੱਜ ਅਸੀਂ ਸੈਰ ਕਰਨ ਕਾਲੋਨੀ ਤੋਂ ਬਾਹਰ ਆ ਗਏ।ਇਹ ਹੁਣ ਸਾਡੇ ਘਰ ਤੋਂ ਦੂਰ ਇਸ ਠੇਕੇ ਦੇ ਨਾਲ ਲੱਗਦੇ ਆਹਾਤੇ ਦੇ ਬਾਹਰ ਬੈਠਾ ਰਹਿੰਦਾ।ਅਸੀਂ ਹੈਰਾਨ ਹਾਂ ਕਿ ਇਹਨੇ ਸਾਨੂੰ ਪੰਜ 6 ਮਹੀਨਿਆਂ ਬਾਅਦ ਵੀ ਪਹਿਚਾਣ ਲਿਆ ਤੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਸਾਡੇ ਨਾਲ-ਨਾਲ ਚੱਲਦਾ।ਦੋ ਤਿੰਨ ਦਿਨ ਤੋਂ ਅਸੀਂ ਵੀ ਸੈਰ ਕਰਨ ਹੁਣ ਇਧਰ ਹੀ ਆਉਂਦੇ ਹਾਂ।ਇਹ ਵੀ ਸਾਡਾ ਰਾਹ ਤੱਕਣ ਡਿਹਾ ਹੁੰਦਾ।ਜਿਥੋਂ ਤੱਕ ਅਸੀਂ ਸੈਰ ਕਰਨ ਜਾਦੇ, ਉਥੋਂ ਤੱਕ ਸਾਡੇ ਨਾਲ ਜਾਂਦਾ ਤੇ ਫਿਰ ਵਾਪਸੀ ਤੇ ਅਹਾਤੇ ਦੇ ਕੋਲ ਆਣ ਕੇ ਸਾਡੇ ਦੁਆਲੇ ਹੋਰ ਤੇਜ਼ ਤੇਜ਼ ਗੇੜੀਆਂ ਕੱਢਦਾ ਤੇ ਇਰਦ ਗਿਰਦ ਘੁੰਮਦਾ ਤੇ ਪੈਰ ਚੁੰਮਦਾ।ਸੈਰ ਕਰਦਿਆਂ ਜਦ ਅਸੀਂ ਆਪਣੇ ਘਰ ਵੱਲ ਨੂੰ ਤੁਰੇ ਜਾਂਦੇ ਪਿਛੇ ਦੂਰ ਰਹਿ ਗਏ ਕੁੱਤੇ ਵੱਲ ਵੇਖਦੇ ਤੇ ਉਹ ਮੂੰਹ ਚੁੱਕੀ ਸਾਡੇ ਵੱਲ ਵੇਖ ਪੂਛ ਹਿਲਾਉਂਦਾ”।ਉਹ ਦੋਵੇਂ ਜੀਅ ਕੁੱਤੇ ਦੀ ਵਫ਼ਾਦਾਰੀ ਦੇ ਗੁਣ-ਗਾਣ ਕਰਦੇ ਆਪਣੇ ਰਾਹ ਚੱਲ ਪਏ।
ਨਿਮਾਣਾ ਆਪਣੇ ਰਾਹ ਚੱਲਦਾ ਇਹ ਸੋਚਦਾ ਕਿ ਅੱਜ ਦੇ ਪਦਾਰਥਵਾਦੀ ਸਮੇਂ `ਚ ਕੀਤੇ ਭਲੇ ਦਾ ਮਨੁੱਖ ਦਾ ਅਹਿਸਾਨ ਜਾਨਵਰ ਯਾਦ ਰੱਖਦੇ ਹਨ, ਪਰ ਮਨੁੱਖ ਨੂੰ ਜਿਸ ਦੇ ਕੋਲੋਂ ਚੰਗਾ ਖਾਣ ਨੂੰ ਮਿਲ਼ੇ, ਓਧਰ ਹੋ ਜਾਂਦਾ ਤੇ ਪਹਿਲੇ ਨਾਲ ਮੂੰਹ ਵੱਟ ਲੈਂਦਾ।ਨਿਮਾਣਾ ਡੂੰਘੀਆਂ ਸੋਚਾਂ `ਚ ਘਿਰਦਾ ਜਾਂਦਾ ਤੇ ਉਸ ਦੇ ਮਨ `ਚ ਖਿਆਲਾਤ ਵਾ-ਵਰੋਲੇ ਵਾਂਗ ਘੁੰਮਦੇ ਕਿ ਜਾਨਵਰ ਕੀਤੇ ਗਏ ਜ਼ਰਾ ਕੁ ਜਿੰਨੇ ਭਲੇ ਬਦਲੇ ਵੀ ਵਫਾਦਾਰੀ ਵਿਖਾਉਂਦੇ ਹਨ, ਪਰ ਮਨੁੱਖ ਵੱਡੇ ਤੋਂ ਵੱਡੇ ਕੀਤੇ ਪਰਉਪਕਾਰ ਬਦਲੇ ਵੀ——। 1709202301

ਸੁਖਬੀਰ ਸਿੰਘ ਖੁਰਮਣੀਆਂ
53, ਗੁਰੂ ਹਰਿਗੋਬਿੰਦ ਐਵਨਿਊ
ਪੈਰਾਡਾਈਜ਼ 2, ਛੇਹਰਟਾ, ਅੰਮ੍ਰਿਤਸਰ 143105

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …