Monday, October 7, 2024

ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ

ਅਜਕਲ ਹਰ ਰੋਜ਼ ਬੇਹੱਦ ਦੁੱਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ।ਕਿਧਰੇ ਨੌਜਵਾਨ ਮੁੰਡੇ ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ।ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ।ਕਿਧਰੇ ਫੁਕਰਪੁਣੇ ਵਿੱਚ ਝੀਲਾਂ ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ।ਗੱਲ ਇਹ ਨਹੀਂ ਕਿ ਇਧਰ ਇਹ ਕੁੱਝ ਨਹੀਂ ਹੋ ਰਿਹਾ।ਸਗੋਂ ਇਧਰ ਵੀ ਬਾਹਰਲੇ ਦੇਸ਼ਾਂ ਨਾਲੋਂ ਜਿਆਦਾ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ।ਪਰ ਇਧਰ ਨਾਲੋਂ ਉਧਰ ਦਾ ਬਹੁਤ ਫਰਕ ਸੀ।ਪਰ ਹੁਣ ਉਹ ਫਰਕ ਮਿਟਦਾ ਹੋਇਆ ਨਜ਼ਰ ਆ ਰਿਹਾ ਹੈ।ਜੇਕਰ ਗੱਲ ਕਰੀਏ ਕਿ ਇਧਰੋਂ ਜਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਹੀ ਬਾਹਰ ਜਾ ਰਹੇ ਹਨ।ਕੋਈ ਆਈਲੈਟਸ ਕਰਕੇ ਕੋਈ ਵਰਕ ਪਰਮਿਟ ਲੈਕੇ ਤੇ ਕੋਈ ਦੋ ਨੰਬਰ ਵਿੱਚ ਜਾਣ ਦੀ ਹੋੜ ਵਿੱਚ ਲਗਾ ਹੋਇਆ ਹੈ।ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਵਾਸਤੇ ਜੱਦੋਜਹਿਦ ਕਰ ਰਹੇ ਹਨ।ਇੱਧਰ ਕਈ ਤਾਂ ਸਰਦਾਰਾਂ ਦੇ ਤੇ ਕਈ ਚੰਗਿਆਂ ਚੰਗਿਆਂ ਸਰਦੇ ਪੁੱਜਦੇ ਘਰਾਂ ਦੇ ਧੀਆਂ ਪੁੱਤ ਹਨ।ਜਿਹਨਾਂ ਨੇ ਕਦੇ ਇਧਰ ਘਰ ਵਿੱਚ ਰਹਿੰਦਿਆਂ ਡੱਕਾ ਤੋੜ ਕੇ ਦੂਹਰਾ ਨਹੀਂ ਸੀ ਕੀਤਾ ਹੁੰਦਾ।ਉਹ ਵੀ ਉਧਰ ਜਾ ਕੇ ਦਿਨ ਰਾਤ ਇੱਕ ਕਰੀ ਫਿਰਦੇ ਨੇ।ਕਈ ਕਈ ਘੰਟਿਆਂ ਦਾ ਸਫ਼ਰ ਕਰਕੇ ਕੰਮ ਕਰਨ ਲਈ ਜਾਂਦੇ ਹਨ।ਕਈਆਂ ਕੋਲ ਤਾਂ ਰੋਟੀ ਖਾਣ ਵਾਸਤੇ ਵੀ ਟਾਈਮ ਨਹੀਂ ਹੁੰਦਾ।ਇਧਰੋਂ ਆ ਕੇ ਉਧਰ ਕੰਮ ‘ਤੇ ਚਲੇ ਜਾਣਾ।ਨਾ ਸਿਹਤ ਦਾ ਖਿਆਲ ਨਾ ਕਿਸੇ ਹੋਰ ਦਾ, ਬਸ ਡਾਲਰਾਂ ਦੀ ਦੌੜ।ਕੀ ਸੱਚੀਂ ਮੁੱਚੀ ਹਰ ਇਕ ਨੂੰ ਇੰਨੀ ਪੈਸਿਆਂ ਦੀ ਲੋੜ ਪੈ ਗਈ ਹੈ।ਅਗਰ ਇੰਨੇ ਪੈਸੇ ਬੰਦੇ ਕੋਲ ਨਾ ਹੁੰਦੇ, ਫਿਰ ਬਾਹਰ ਕਿਵੇਂ ਚਲੇ ਜਾਂਦੇ।ਬਾਹਰਲੇ ਦੇਸ਼ਾਂ ਦੀ ਹੋੜ ਨੇ ਸਾਡੇ ਸਮੁਚੇ ਪੰਜਾਬ ਦੇ ਕਾਲਜ਼ ਤੇ ਯੂਨੀਵਰਸਿਟੀਆਂ ਬੰਦ ਕਰਵਾ ਕੇ ਰੱਖ ਦਿੱਤੀਆਂ ਹਨ।ਦਸਵੀਂ ਤੋਂ ਬਾਹਦ ਕੋਈ ਵੀ ਕਿਸੇ ਵਿਸ਼ੇਸ਼ ਵਿਸ਼ੇ ਦੀ ਚੋਣ ਹੀ ਨਹੀਂ ਕਰਦਾ।ਬਸ ਇੱਕੋ ਇੱਕ ਨਿਸ਼ਾਨਾ ਕਿ ਆਈਲੈਟਸ ਕਲੀਅਰ ਹੋ ਜਾਵੇ, ਊਨਾ ਹੀ ਪੜ੍ਹਨਾ ਹੈ।
ਮੈਂ ਹਰਗਿਜ਼ ਇਹ ਗੱਲ ਨਹੀਂ ਕਹਿੰਦਾ ਕਿ ਬਾਹਰ ਨਾ ਜਾਵੋ।ਜਾਵੋ ਜ਼ੰਮ ਜ਼ੰਮ ਜਾਵੋ, ਪਰ ਇਧਰੋਂ ਚੰਗੀਆਂ ਡਿਗਰੀਆਂ ਕਰ ਕੇ ਜਾਵੋ।ਬਾਹਰ ਜਾ ਕੇ ਚੰਗੀ ਪੜ੍ਹਾਈ ਕਰਕੇ ਉਧਰ ਚੰਗੀਆਂ ਨੌਕਰੀਆਂ ਹਾਸਲ ਕਰੋ।ਉਹਨਾਂ ਨੂੰ ਆਪਣਾ ਟੇਲੈਂਟ ਵਿਖਾਵੋ।ਅੰਗਰੇਜ਼ ਤੁਹਾਡੇ ਨੌਕਰ ਲੱਗਣ, ਨਾ ਕਿ ਤੁਸੀਂ ਅੰਗਰੇਜ਼ਾਂ ਦੇ।ਫਾਇਦਾ ਫਿਰ ਹੈ ਬਾਹਰ ਜਾਣ ਦਾ।ਘਰ ਬਾਹਰ ਵੀ ਛੱਡਿਆ ਤੇ ਸਰਦਾਰੀ ਵੀ।ਫਿਰ ਜਾ ਕੇ ਦਿਹਾੜੀਆਂ ਕਰਨ ਦਾ ਕੀ ਫਾਇਦਾ।ਕੁੱਝ ਹੋਸ਼ ਕਰੋ ਆਪਣੀ ਮੱਤ ਤੋਂ ਕੰਮ ਲਵੋ।ਜੇ ਦਿਹਾੜੀਆਂ ਹੀ ਕਰਨੀਆਂ ਹਨ, ਫਿਰ ਇਧਰ ਕੋਈ ਕੰਮ ਘੱਟ ਨੇ।ਅਜਕਲ ਵੇਖ ਲਵੋ ਪੰਜਾਬ ਵਿੱਚ ਪਰਵਾਸੀ ਭਾਈਆਂ (ਭਰਾਵਾਂ) ਨੇ ਮਿਹਨਤ ਕਰ ਕਰ ਕੇ ਇਧਰ ਕਾਰਖਾਨੇ ਖੋਲ੍ਹ ਲਏ ਹਨ।ਜਿਹੜੇ ਪਹਿਲਾਂ ਆਪ ਦਿਹਾੜੀਆਂ ਕਰਦੇ ਸੀ।ਅੱਜ ਉਹ ਠੇਕੇਦਾਰ ਬਣ ਕੇ ਬੈਠੇ ਹੋਏ ਹਨ।ਕੀ ਅਸੀਂ ਨਹੀਂ ਠੇਕੇਦਾਰ ਬਣ ਸਕਦੇ।ਅਸੀਂ ਕੀ ਨਹੀਂ ਕਰ ਸਕਦੇ, ਸਭ ਕੁੱਝ ਕਰ ਸਕਦੇ ਹਾਂ, ਪਰ ਇਧਰ ਨਹੀਂ ਉਧਰ ਜਾ ਕੇ।ਅਜੇ ਵੀ ਸਮਾਂ ਸਾਡੇ ਕੋਲ ਹੈ।ਬਚਿਆ ਜਾ ਸਕਦਾ ਹੈ, ਬਚ ਜਾਈਏ।ਸਮਾਂ ਫਿਰ ਹੱਥ ਨਹੀਂ ਆਉਣਾ ਫਿਰ ਪਛਤਾਉਣਾ ਪਵੇਗਾ।ਆਪਣੀ ਸਰਦਾਰੀ ਛੱਡ ਕੇ ਬਾਹਰ ਦੀ ਮਜ਼ਦੂਰੀ ਨਾ ਕਰੀਏ।ਮਜ਼ਦੂਰੀ ਸਾਡੀ ਮਜ਼ਬੂਰੀ ਨਾ ਬਣੇ। 2109202302

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫਿਰੋਜ਼ਪੁਰ। ਮੋ – 7589155501

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …