ਡਾ. ਦਿਨੇਸ਼ ਕੁਮਾਰ ਇੱਕ ਵਧੀਆ ਲੇਖਕ, ਵਕਤਾ, ਸਫਲ ਪ੍ਰਬੰਧਕ, ਲੋਕ ਹਿੱਤਾਂ ਲਈ ਲੜਨ ਵਾਲੇ ਅਤੇ ਬਹੁਤ ਚੰਗੇ ਈ.ਐਨ.ਟੀ ਰੋਗਾਂ ਦੇ ਮਾਹਿਰ ਸਰਜਨ ਹਨ।ਹੱਥਲੀ ਪੁਸਤਕ ਅਕਾਰ ਪੱਖੋਂ ਛੋਟੀ ਹੈ, ਪਰ ਸਾਹਿਤਕ ਤੇ ਭੌਤਿਕ ਸਮੱਗਰੀ ਪੱਖੋਂ ਬਹੁਤ ਮਹੱਤਵਪੂਰਨ ਤੇ ਮੁਲਵਾਨ ਹੈ।ਉਨ੍ਹਾਂ ਆਪਣੇ ਡਾਕਟਰੀ ਵਿਸ਼ੇ ਅਤੇ ਈ.ਐਨ.ਟੀ ਨਾਲ ਸੰਬੰਧਤ ਵਧੀਆ ਵਿਗਿਆਨਕ ਪੁਸਤਕਾਂ ਵੀ ਲਿਖੀਆਂ ਹਨ।ਇਸ ਤਰ੍ਹਾਂ ਡਾ. ਦਿਨੇਸ਼ ਸ਼ਰਮਾ ਬਹੁ-ਪਾਸਾਰੀ ਬਹੁਪਰਤੀ, ਪ੍ਰਤਿਭਾ ਦਾ ਮਾਲਕ ਹੈ ਬਹੁਤ ਸਾਲ ਉਸ ਨੇ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਵਿਖੇ ਸੇਵਾ ਨਿਭਾਈ ਹੈ।ਉਸ ਕੋਲ ਵਧੀਆ ਲਿਖਣ ਦੀ ਮੁਹਾਰਤ ਵੀ ਹੈ।ਛੋਟੇ ਛੋਟੇ ਵਾਕ ਵਾਰਤਕ ਨੂੰ ਬਲ ਬਖਸ਼ਦੇ ਹਨ ਤੇ ਪਾਠਕ ਰਚਨਾ ‘ਚ ਖੁਭਦਾ ਜਾਂਦਾ ਹੈ।
ਸਤਲੁਜ ਦੇ ਕੰਢੇ ਕੰਢੇ ਕਿਤਾਬ ਵਿੱਚ ਇੱਕ ਸੌ ਵੀਹ ਛੋਟੇ ਛੋਟੇ ਜਾਣਕਾਰੀ ਭਰਪੂਰ ਦਿਲਚਸਪ ਨਿਬੰਧ ਹਨ। ਇਹ ਪੁਸਤਕ ਹਿੰਦੀ ਵਿੱਚ ਲਿਖੀ ਗਈ, ਜਿਸ ਦਾ ਪੰਜਾਬੀ ਅਨੁਵਾਦ ਬਲਰਾਜ ਧਾਰੀਵਾਲ ਨੇ ਸਫਲਤਾ ਪੂਰਵਕ ਕੀਤਾ ਹੈ।ਲੇਖਕ ਨੇ ਹੱਥਲੀ ਪੁਸਤਕ ਆਪਣੀ ਮਾਤਾ ਸ੍ਰੀਮਤੀ ਰਾਜਕੁਮਾਰੀ ਅਤੇ ਪਿਤਾ ਸ੍ਰੀ ਵਿਦਿਆ ਪ੍ਰਕਾਸ਼ ਦੀਆਂ ਮਿਠੀਆਂ ਨਿੱਘੀਆਂ ਯਾਦਾਂ ਨੂੰ ਸਮਰਪਿਤ ਕੀਤੀ ਹੈ।ਇਸ ਕਿਤਾਬ ਦਾ ਮੁੱਖ ਬੰਦ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਅਤੇ ਉਘੇ ਕਹਾਣੀਕਾਰ ਡਾ. ਬਲਜੀਤ ਸਿੰਘ ਢਿੱਲੋਂ ਤੋਂ ਇਲਾਵਾ ਦੋ ਸ਼ਬਦ ਡਾ. ਦਿਨੇਸ਼ ਕੁਮਾਰ ਨੇ ਆਪ ਲਿਖੇ ਹਨ। ਲੇਖਕ ਨੇ ਨੰਗਲ ਟਾਊਨ ਵਿੱਚ ਮੇਰੇ ਬਚਪਨ ਦੇ ਦਿਨ ਨਿਬੰਧ ਨੂੰ ਅੱਗੇ ਤਿੰਨ ਸਬ ਸਿਰਲੇਖਾਂ ਸਤਲੁਜ ਦਰਿਆ, ਜਾਲਫ਼ਾ ਦੇਵੀ ਮੰਦਿਰ, ਗੁਰਦੁਆਰਾ ਬਿਭੋਰ ਸਾਹਿਬ ਵਿੱਚ ਵੰਡਿਆ ਹੈ।ਏਸੇ ਤਰ੍ਹਾਂ ਨੰਗਲ ਟਾਊਟਸ਼ਿਪ ਵਿੱਚ ਵੀ ਚਾਰ ਸਬ ਸਿਰਲੇਖ ਹਨ, ਗੁਰਦੁਆਰਾ ਸ੍ਰੀ ਘਾਟ ਸਾਹਿਬ, ਸਨਾਤਨ ਧਰਮ ਸਭਾ ਮੰਦਰ, ਚੁੱਪ-ਸ਼ਾਂਤ ਸੰਤ, ਅਤੇ ਅੱਖਾਂ ਦੇ ਆਪਰੇਸ਼ਨ ਦਾ ਸਲਾਨਾ ਕੈਂਪ ਦਰਜ਼ ਹੈ।ਇਸ ਵਿੱਚ ਸਤਲੁਜ ਸਦਨ, ਸ਼ਿਵਾਲਿਕ ਟਾਕੀਜ਼, ਨੰਗਲ ਟਾਊਨਸ਼ਿਪ ਵਰਕਸ਼ਾਪ ਤੇ ਟਰੇਡ ਯੂਨੀਅਨ ਲਹਿਰ ਦੇ ਪਹਿਲੇ ਸਬਕ, ਨੰਗਲ ਟਾਊਨਸ਼ਿਪ ਦਾ ਨਹਿਰੀ ਹਸਪਤਾਲ, ਜਦੋਂ ਮੈਂ ਚੱਲਦੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ, ਭਾਖੜਾ ਡੈਮ ਅਤੇ ਗੋਬਿੰਦ ਸਾਗਰ, ਪੰਡਿਤ ਜਵਾਹਰ ਲਾਲ ਨਹਿਰੂ, ਮੈਨਲੇ ਹਾਰਵੇ ਸਲੋਕਮ, ਲਾਲ ਬਹਾਦਰ ਸ਼ਾਸਤਰੀ ਅਤੇ 1965 ਦੀ ਭਾਰਤ-ਪਾਕਿਸਤਾਨ ਦੀ ਲੜਾਈ, ਮਰਫ਼ੀ ਰੇਡੀਓ-ਬਾਹਰਲੀ ਦੁਨੀਆਂ ਨਾਲ ਮੇਰੀ ਜਾਣ-ਪਛਾਣ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ, ਮੇਰੇ ਬਚਪਨ ਦਾ ਇਕ ਦ੍ਰਿਸ਼, ਇੰਦਰਾ ਗਾਂਧੀ, ਅਗਲੇ ਪ੍ਰਧਾਨ ਮੰਤਰੀ, ਹਰਾ ਇਨਕਲਾਬ, ਖੰਭਾਂ ਵਾਲੇ ਮਹਿਮਾਨਾਂ ਦਾ ਪਹੁੰਚਣਾ ਅਤੇ ਖੱਟੀਆਂ-ਮਿੱਠੀਆਂ ਯਾਦਾਂ ਲੇਖਕ ਨੇ ਅੱਠ ਸਬ ਸਿਰਲੇਖ ਅੰਕਿਤ ਕੀਤੇ ਹਨ।ਜਿਨ੍ਹਾਂ ਵਿੱਚ ਰਾਜਨੀਤਿਕ ਤੌਰ ’ਤੇ ਜਾਗਰੂਕ ਭਾਈਚਾਰਾ, ਓਰਲ ਪੋਲੀਓ ਵੈਕਸੀਨ (ਓ.ਪੀ.ਵੀ) ਨਾਲ ਮੇਰਾ ਪਹਿਲੀ ਵਾਰ ਸਾਹਮਣਾ, ਰਾਮ-ਲੀਲ੍ਹਾ ਅਤੇ ਵਿਜੇ ਦਸਮੀ, ਸਰਦਾਰ ਪ੍ਰਤਾਪ ਸਿੰਘ ਕੈਰੋਂ, ਤਾਰਿਆਂ ਨੂੰ ਵੇਖਣਾ, ਬੀਤੇ ਦਿਨਾਂ ਦੇ ਰਸਾਲੇ, ਕਦੀ ਧੁੱਪ ਤੇ ਕਦੀ ਛਾਂ, ਅਤੇ ਡਲਹੌਜ਼ੀ ਦਾ ਸਫ਼ਰ ਹਨ।ਗੁਰਸ਼ਰਨ ਸਿੰਘ: ਨਾਟਕਕਾਰ ਅਤੇ ਨੰਗਲ ਨੂੰ ਅਲਵਿਦਾ ਅੰਕਿਤ ਹੈ।
ਉਨ੍ਹਾਂ ‘ਦਿ ਬੈਂਕਸ ਓਫ ਰੀਵਰ ਸਤਲੁਜ’ ਉਸ ਵਲੋਂ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਹੈ।ਇਸ ਪੁਸਤਕ ਵਿੱਚ ਬ੍ਰਿਤਾਂਤ ਇੱਕ ਫਿਲਮ ਵਾਂਗ ਤੁਰਦੇ ਹਨ।
ਡਾ. ਦਿਨੇਸ਼ ਸ਼ਰਮਾ ਦੇ ਮਾਤਾ ਪਿਤਾ ਸਕੂਲ ਵਿੱਚ ਹਿੰਦੀ ਅਧਿਆਪਕ ਸਨ।ਉਸ ਨੇ ਉਸਾਰੀ ਅਧੀਨ ਭਾਖੜਾ ਡੈਮ, ਨੰਗਲ ਟਾਊਨਸ਼ਿਪ ਅਤੇ ਡੱਲ ਹਾਈਡਲ ਚੈਨਲ ਨੂੰ ਆਪਣੀਆਂ ਅੱਖਾਂ ਸਾਹਮਣੇ ਉਸਰਦੇ ਵੇਖਿਆ। ਹਸਪਤਾਲ, ਹੋਰ ਗਤੀਵਿਧੀਆਂ ਅਤੇ ਮਜ਼ਦੂਰਾਂ ਦੇ ਸੰਘਰਸ਼ ਨੂੰ, ਬਚਪਨ ਦੀ ਅੱਖ ਰਾਹੀਂ ਵੇਖਿਆ, ਮਾਣਿਆ ਹੈ ਬਹੁਤ ਸਾਰੇ ਵੀ.ਵੀ.ਆਈ.ਪੀ, ਜਿਹੜੇ ਭਾਖੜਾ ਡੈਮ ਵੇਖਣ ਆਉਂਦੇ ਸਨ, ਉਸ ਨੇ ਨੇੜੇ ਹੋ ਕੇ ਵੇਖਿਆ।ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ 1957 ਵਿੱਚ ਨੰਗਲ ਵਿਖੇ ਹੋਈ।ਉਸ ਮੀਟਿੰਗ ਵਿੱਚ “ਪੰਚ-ਸ਼ੀਲ ’ਤੇ ਵਿਚਾਰ-ਵਟਾਂਦਰਾ ਹੋਇਆ।ਬਾਅਦ ਵਿੱਚ ਉਹ “ਹਿੰਦੀ-ਚੀਨੀ-ਭਾਈ-ਭਾਈ” ਦੀ ਅਧਾਰਸ਼ਿਲਾ ਬਣਿਆ।ਉਹ ਥਾਂ ਹਾਲੇ ਵੀ ਕਾਇਮ ਹੈ।ਡਾ. ਸ਼ਰਮਾ ਦੀਆਂ ਹਜ਼ਾਰਾਂ ਯਾਦਾਂ ਹਨ, ਜਿਨ੍ਹਾਂ ਨੂੰ ਉਨ੍ਹਾਂ ਇਸ ਪੁਸਤਕ ਦੇ ਪੰਨਿਆਂ `ਤੇ ਉਲੀਕਿਆ, ਮੋਤੀਆਂ ਵਾਂਗ ਮਾਲਾ ਪਰੋਈ।ਪਰ ਇੱਕ ਟੁੰਬਣ ਵਾਲੀ ਘਟਨਾ, ਉਸ ਨਿੱਕੀ ਰੇਲ ਦਾ ਸਫ਼ਰ ਸੀ, ਜਿਸ ਵਿੱਚੋਂ ਡਾਕਟਰ ਦਿਨੇਸ਼ ਨੇ ਅਚਾਨਕ ਛਾਲ ਮਾਰ ਦਿੱਤੀ ਸੀ।
ਡਾਕਟਰ ਦਿਨੇਸ਼ ਨੇ ਟਰੇਡ ਯੂਨੀਅਨ ਨੇਤਾ ਨਬੂੰਦਰੀਪਾਦ, ਰਾਜੇਸ਼ਵਰ ਰਾਉ ਅਤੇ ਅਟੱਲ ਬਿਹਾਰੀ ਵਾਜਪਾਈ, ਪ੍ਰਤਾਪ ਸਿੰਘ ਕੈਰੋਂ, ਪੰਡਿਤ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ ਨੂੰ ਵੀ ਸੁਣਿਆ।ਉਸ ਨੇ ਪ੍ਰਤਾਪ ਸਿੰਘ ਕੈਰੋਂ, ਚੌਧਰੀ ਹੁੱਡਾ ਅਤੇ ਭਾਜੀ ਗੁਰਸ਼਼ਰਨ ਸਿੰਘ ਨੂੰ ਖਿਰਾਜ਼ੇ ਅਕੀਦਤ ਪੇਸ਼ ਕੀਤੇ ਹਨ।ਸਾਰੀ ਪੁਸਤਕ ਨੂੰ ਮਨ ਲਾ ਕੇ ਪੜ੍ਹੀਏ ਤਾਂ ਨੰਗਲ ਟਾਊਨਸ਼ਿਪ, ਭਾਖੜਾ ਡੈਮ, ਗੋਬਿੰਦ ਸਾਗਰ, ਨੰਗਲ ਡੈਮ, ਜੋ ਕਿ ਨਵ-ਨਿਰਮਾਣ ਅਧੀਨ ਨਵੇਂ ਆਧੁਨਿਕ ਭਾਰਤ ਵਰਸ਼ ਦੇ ਟੈਂਪਲ ਦੇ ਸ਼ਾਖ਼ਸ਼ਾਤ ਦਰਸ਼ਨ ਹੋ ਜਾਂਦੇ ਹਨ, ਉਨਤੀ ਦੀਆਂ ਪਰਤਾਂ ਆਪਣੇ ਆਪ ਖੁੱਲ੍ਹ ਜਾਂਦੀਆਂ ਹਨ।ਡਾਕਟਰ ਸ਼ਰਮਾ ਨੇ ਬਚਪਨ ਦੀਆਂ ਯਾਦਾਂ ਨੂੰ ਸਾਕਾਰ ਰੂਪ ਵਿੱਚ ਪੇਸ਼ ਕੀਤਾ।
ਬਚਪਨ ਦੇ ਦਿਨ ਸੱਚਮੁੱਚ ਬੜੇ ਪਿਆਰੇ ਹੁੰਦੇ ਹਨ।ਇਹਨਾਂ ਦੀਆਂ ਯਾਦਾਂ ਬਹੁਤ ਹੀ ਮਿੱਠੀਆਂ ਹੁੰਦੀਆਂ ਹਨ।ਜ਼ਿੰਦਗੀ ਦੇ ਲਹਿੰਦੇ ਵਰ੍ਹਿਆਂ ਵਿੱਚ ਇਹ ਯਾਦਾਂ ਹੋਰ ਵੀ ਜ਼ਿਆਦਾ ਯਾਦ ਆਉਂਦੀਆਂ ਹਨ।ਲੇਖਕ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਬਹੁਤ ਰੌਚਕ ਢੰਗ ਨਾਲ ਕਲਮਬੰਧ ਕੀਤਾ ਹੈ।1960 ਦਾ ਦਹਾਕਾ ਨਵੇਂ-ਨਵੇਂ ਆਜ਼ਾਦ ਹੋਏ ਭਾਰਤ ਲਈ ਬਹੁਤ ਮਹੱਤਵਪੂਰਨ ਸੀ।ਪੱਛਮੀ ਪੰਜਾਬ ਤੋਂ ਬੇਘਰ ਹੋ ਕੇ ਆਏ ਸ਼ਰਨਾਰਥੀ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਸਨ।ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰਤ, ਲੁੱਟ-ਮਾਰ ਅਤੇ ਬਰਬਾਦੀ ਦੀਆਂ ਡਰਾਉਣੀਆਂ ਯਾਦਾਂ ਹਾਲੇ ਵੀ ਉਸ ਨੂੰ ਵਿਚਿਲਤ ਕਰਦੀਆਂ ਹਨ।
ਪੰਜਾਬ ਵਿੱਚ ਭਾਖੜਾ ਡੈਮ ਦਾ ਨਿਰਮਾਣ ਭਾਰਤ ਦਾ ਇੱਕ ਵੱਕਾਰੀ ਪ੍ਰੋਜੈਕਟ ਸੀ।ਲੇਖਕ ਦਾ ਬਚਪਨ ਭਾਖੜਾ ਡੈਮ ਨਾਲ ਸੰਬੰਧਤ ਨੰਗਲ ਟਾਊਨਸ਼ਿਪ ਵਿੱਚ ਬੀਤਿਆ।ਸਤਲੁਜ ਦੇ ਕੰਢੇ ਵਸਾਏ ਗਏ ਇਸ ਛੋਟੇ ਜਿਹੇ ਕਸਬੇ ਦਾ ਬਹੁਤ ਮਨਮੋਹਕ ਚਿੱਤਰ ਅਤੇ ਉਸ ਵੇਲੇ ਦੇ ਜੀਵਨ ਦਾ ਵਰਣਨ ਪਾਠਕ ਦਾ ਦਿਲ ਮੋਹ ਲੈਂਦਾ ਹੈ।ਪਿਛਲੇ ਪੰਜਾਹ ਵਰ੍ਹਿਆਂ ਵਿੱਚ ਜੀਵਨ ਦੇ ਢੰਗ ਵਿੱਚ ਬਹੁਤ ਬਦਲਾਓ ਹੋਇਆ ਹੈ।ਇਸ ਤੋਂ ਪਹਿਲਾਂ ਜੀਵਨ ਬਹੁਤ ਸਧਾਰਨ ਸੀ।ਇਸ ਦਾ ਬਹੁਤ ਖੂਬਸੂਰਤ ਵਰਣਨ ਪਾਠਕ ਨੂੰ ਹੱਥਲੀ ਕਿਤਾਬ ਵਿੱਚ ਪੜ੍ਹਨ ਲਈ ਮਿਲਦਾ ਹੈ।ਅਜਕਲ ਦੀ ਜ਼ਿੰਦਗੀ ਬਹੁਤ ਗੁੰਝਲਦਾਰ ਹੋ ਗਈ ਹੈ।ਲੇਖਕ ਨੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਦਾ ਗੁਲਦਸਤਾ, ਹੱਥਲੀ ਪੁਸਤਕ ਰਾਹੀਂ ਪਾਠਕਾਂ ਨੂੰ ਸਮਰਪਿਤ ਕੀਤਾ ਹੈ।ਇਸ ਪੁਸਤਕ ਦੇ 96 ਪੰਨੇ ਹਨ, ਪੁਸਤਕ ਦੇ ਪ੍ਰਕਾਸ਼ਨ ਅਜ਼ਾਦ ਬੁੱਕ ਡਿੱਪੂ ਅੰਮ੍ਰਿਤਸਰ ਨੇ ਕੀਤਾ ਹੈ। 2109202301
ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ।