Saturday, May 25, 2024

ਗੁਰੂ ਨਾਨਕ ਦਰਬਾਰ ਸਿੱਖ ਟੈਂਪਲ ਡੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਵਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਨਾਨਕ ਸਿੰਘ ਸੈਂਟਰ ਦਾ ਦੌਰਾ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਡੁਬਈ ਦੇ ਉਘੇ ਕਾਰੋਬਾਰੀ ਅਤੇ ਗੁਰੂ ਨਾਨਕ ਦਰਬਾਰ ਸਿੱਖ ਟੈਂਪਲ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਕੰਧਾਰੀ ਨੇ ਅੱਜ ਅਮ੍ਰਿੰਤਸਰ ਫੇਰੀ ਦੋਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਥਿਤ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸ. ਨਾਨਕ ਸਿੰਘ ਲਿਟਰੇਰੀ ਫਾਉਂਡੇਸ਼ਨ ਵੱਲੋਂ ਸਥਾਪਿਤ ਪੰਜਾਬੀ ਦੇ ਉੱਘੇ ਨਾਵਲਕਾਰ ਸ. ਨਾਨਕ ਸਿੰਘ ਜੀ ਦੀ ਪੁੂਰੀ ਜ਼ਿੰਦਗੀ ਨੂੰ ਪ੍ਰਦਰਸ਼ਿਤ ਕਰਦੇ ਨਾਨਕ ਸਿੰਘ ਸੈਂਟਰ ਦਾ ਦੌਰਾ ਕੀਤਾ।ਇਸ ਸਮੇਂ ਉਹਨਾਂ ਦੇ ਨਾਲ ਸਾਬਕਾ ਸੀਨੀਅਰ ਆਈ.ਐਫ.ਐਸ ਅਫਸਰ ਅਤੇ ਨਾਵਲਕਾਰ ਸ. ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਵੀ ਹਾਜਰ ਸਨ।ਉਹਨਾਂ ਦਾ ਸੈਂਟਰ ਵਿੱਚ ਪੁੱਜਣ ਤੇ ਸੈਂਟਰ ਦੀ ਕੋਆਡੀਨੇਟਰ ਡਾ. ਹਰਿੰਦਰ ਕੋਰ ਸੋਹਲ ਨੇ ਗੁਲਦਸਤਾ ਦੇ ਕੇ ਨਿੱਘਾ ਸੁਆਗਤ ਕੀਤਾ।ਇਸ ਤੋਂ ਪਹਿਲਾਂ ਯੁਨੀਵਰਸਿਟੀ ਵਿਚ ਆਉਣ ਤੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਵੀ ਸੁਆਗਤ ਕੀਤਾ ਗਿਆ।ਉਹ ਸ. ਕੰਧਾਰੀ ਉਚੇਚੇ ਤੋਰ ‘ਤੇ ਨਾਨਕ ਸਿੰਘ ਸੈਂਟਰ ਦਾ ਦੌਰਾ ਕਰਨ ਲਈ ਇਥੇ ਪੁੱਜੇ ਸਨ।ਭਾਈ ਗੁਰਦਾਸ ਲਾਈਬ੍ਰੇਰੀ ਦੇ ਇੰਚਾਰਜ਼ ਡਾ. ਸੰਦੀਪ ਸ਼ਰਮਾ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਮਨਜਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਡਾ. ਬਲਜੀਤ ਕੌਰ ਰਿਆੜ ਤੋਂ ਇਲਾਵਾ ਹੋਰ ਵੀ ਸਾਹਿਤ ਪ੍ਰੇਮੀ, ਵਿਦਿਆਰਥੀ ਅਤੇ ਅਧਿਕਾਰੀ ਹਾਜਰ ਸਨ।ਸ. ਸੂਰੀ ਨੇ ਇਸ ਮੌਕੇ ਸ. ਕੰਧਾਰੀ ਨੂੰ ਸ. ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਸਮੁੱਚਾ ਸਾਹਿਤ, ਉਨ੍ਹਾਂ ਨੂੰ ਮਿਲੇ ਵੱਖ-ਵੱਖ ਸਨਮਾਨ, ਉਹਨਾਂ ਦਾ ਪੈਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ-ਵਸਤਾਂ, ਕਿਤਾਬਾਂ ਦੇ ਸਰਵਰਕਾਂ ਵਜੋਂ ਚਿੱਤਰਕਾਰ ਸੋਭਾ ਸਿੰਘ ਵਲੋਂ ਬਣਾਏ ਗਏ ਮੌਲਿਕ ਚਿੱਤਰ, ਉਨ੍ਹਾਂ ਦੀਆਂ ਤਸਵੀਰਾਂ, ਜੀਵਨ ਦਰਸ਼ਨ ਅਤੇ ਵੱਡੀ ਦੀਵਾਰ ਉਪਰ ਲਿਖੀ ਗਈ, ਉਨ੍ਹਾਂ ਦੀ ਲਾਈਫ਼ ਲਾਈਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਉਹਨਾਂ ਨੇ ਸਰਦਾਰ ਨਾਨਕ ਸਿੰਘ ਲਿਟਰੇਰੀ ਫਾਉਂਡੈਸ਼ਨ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਵਾਇਆ।ਉਹਨਾਂ ਨੇ ਦੱਸਿਆ ਕਿ ਸਰਦਾਰ ਨਾਨਕ ਸਿੰਘ ਨਾਲ ਸੰਬੰਧਿਤ ਸਾਰਾ ਸਾਹਿਤ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਜਿਸ ਦਾ ਵਿਦਿਆਰਥੀ ਲਾਭ ਲੈ ਰਹੇ ਹਨ।ਉਹਨਾਂ ਨੇ ਇਸ ਕਾਰਜ ਨੂੰ ਸਿਰੇ ਚੜਾਉਣ ਵਿਚ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਸਹਿਯੋਗ ਦਾ ਜਿਕਰ ਕਰਦਿਆਂ ਕਿਹਾ ਕਿ ਲੇਖਕਾਂ ਦੀ ਵਿਰਾਸਤ ਨੂੰ ਸਾਂਭਣ ਦੀ ਪਾਈ ਉਹਨਾਂ ਦੀ ਪਿਰਤ ਪੈੜਾਂ ਛੱਡ ਰਹੀ ਹੈ।
ਉਹਨਾਂ ਨੇ ਕਿਹਾ ਕਿ ਸ. ਨਾਨਕ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਅਤੇ ਇਤਿਹਾਸਕ ਵਸਤਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਾਂਭਿਆ ਗਿਆ ਹੈ, ਉਸ ਨੂੰ ਵੇਖਣ ਲਈ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਦੀ ਕਾਫੀ ਦਿਲਚਸਪੀ ਵਧੀ ਹੋਈ ਹੈ।
ਇਸ ਮੌਕੇ ਕੰਧਾਰੀ ਨੇ ਬੜੀ ਦਿਲਚਸਪੀ ਨਾਲ ਜਿਥੇ ਪੂਰੇ ਸੈਂਟਰ ਦਾ ਦੌਰਾ ਕੀਤਾ, ਉਥੇ ਨਾਨਕ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਜਾਣਿਆ।ਉਨ੍ਹਾਂ ਸੂਰੀ ਪਰਿਵਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਉਤਪੋਤ ਸ੍ਰ ਨਾਨਕ ਸਿੰਘ ਦੇ ਵਿਰਸੇ ਨੂੰ ਸਾਂਭ ਕੇ ਬਹੁਤ ਵੱਡਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਬਾਹਰਲੇ ਮੁਲਕਾਂ ਨੇ ਬਹੁਤ ਚਿਰ ਪਹਿਲਾਂ ਹੀ ਆਪਣੇ ਲੇਖਕਾਂ ਦੀ ਵਿਰਾਸਤ ਨੂੰ ਸਾਂਭ ਲਿਆ।ਸੈਂਟਰ ਦਾ ਦੌਰਾ ਕਰਕੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਿਵੇਂ ਉਹ ਸ੍ਰ. ਨਾਨਕ ਸਿੰਘ ਹੋਰਾਂ ਨੂੰ ਹੀ ਮਿਲ ਕੇ ਨਿਕਲੇ ਹਨ।ਉਨ੍ਹਾਂ ਕਿਹਾ ਇਸ ਸੈਂਟਰ ਦਾ ਪ੍ਰਭਾਵ ਉਨ੍ਹਾਂ ਦੇ ਦਿਲ-ਦਿਮਾਗ਼ ਵਿੱਚ ਚਿਰਾਂ ਤੱਕ ਬਣਿਆ ਰਹੇਗਾ।ਉਹਨਾਂ ਸੈਂਟਰ ਦੇ ਮਨੋਰਥ ਜਿਸ ਵਿਚ ਨਾਨਕ ਸਿੰਘ ਦੀਆਂ ਸਾਹਿਤਕ ਕਿਰਤਾਂ ਨੂੰ ਸਾਂਭਣ ਅਤੇ ਇਸ ਪ੍ਰਤੀ ਖੋਜ਼-ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਤਾਰੀਫ ਕੀਤੀ ਅਤੇ ਕਿਹਾ ਇਹ ਸਾਰਾ ਖ਼ਜ਼ਾਨਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਆਉਣ ਵਾਲੇ ਸਮੇਂ ਵਿੱਚ ਲਾਹੇਵੰਦ ਸਾਬਿਤ ਹੋਵੇਗਾ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …