Saturday, July 27, 2024

ਉਸਾਰੀ ਕਿਰਤੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ’ਚ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ

ਸੰਗਰੂਰ, 21 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਨੂੰ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਦਾ ਲਾਭ ਲੈਣ ਲਈ ਆਪਣੀ ਰਜਿਸਟਰੇਸ਼ਨ ਨੇੜਲੇ ਸੇਵਾ ਕੇਂਦਰਾਂ ਵਿੱਚ ਲਾਜਮੀ ਤੌਰ ’ਤੇ ਕਰਵਾਉਣ ਦੀ ਅਪੀਲ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਉਸਾਰੀ ਕਿਰਤੀਆਂ, ਉਨ੍ਹਾਂ ਦੇ ਆਸ਼ਰਿਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਰਜਿਸਟਰੇਸ਼ਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕੋਈ ਵੀ ਕਿਰਤੀ ਕਾਮਾ ਇਨ੍ਹਾਂ ਸਹੂਲਤਾਂ ਦੇ ਲਾਭ ਤੋਂ ਵਾਂਝਾ ਨਾ ਰਹੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਮਿਸਤਰੀ, ਇੱਟਾਂ ਤੇ ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟਰੀਸ਼ਨ, ਸੀਵਰਮੈਨ, ਮਾਰਬਲ ਤੇ ਟਾਇਲਾਂ ਲਗਾਉਣ ਵਾਲੇ, ਫਰਸ਼ ਰਗੜਨ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ, ਇਮਾਰਤਾਂ ਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਹੁਣ ਵਾਲੇ, ਮੁਰੰਮਤ ਤੇ ਰੱਖ ਰਖਾਵ, ਭੱਠਿਆਂ ‘ਤੇ ਕੰਮ ਕਰਨ ਵਾਲੇ ਕਿਰਤੀ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ।ਉਨ੍ਹਾਂ ਕਿਹਾ ਕਿ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਨਿਰੰਤਰ ਜਾਗਰੂਕ ਕੀਤਾ ਜਾਵੇ।
ਸਹਾਇਕ ਕਿਰਤ ਕਮਿਸ਼ਨਰ ਸੁਨੀਲ ਕੁਮਾਰ ਭੋਗੀਵਾਲ ਨੇ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟਰਡ ਲਾਭਪਾਤਰੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ 3 ਹਜ਼ਾਰ ਰੁਪਏ ਤੋਂ 80 ਹਜ਼ਾਰ ਰੁਪਏ ਤੱਕ ਸਲਾਨਾ ਵਜੀਫਾ, ਸ਼ਗਨ ਸਕੀਮ ਤਹਿਤ ਲੜਕੀ ਦੀ ਸ਼ਾਦੀ ਸਮੇਂ (ਵੱਧ ਤੋਂ ਵੱਧ ਦੋ ਲੜਕੀਆਂ) ਲਈ 51 ਹਜ਼ਾਰ ਦੀ ਸਹਾਇਤਾ, ਕਿਰਤੀਆਂ ਤੇ ਆਸ਼ਰਿਤਾਂ ਨੂੰ ਖ਼ਤਰਨਾਕ ਬਿਮਾਰੀਆਂ ਦੇ ਇਲਾਜ਼ ਦੀ ਪ੍ਰਤੀ ਪੂਰਤੀ ਲਈ ਵੱਧ ਤੋਂ ਵੱਧ 1 ਲੱਖ ਰੁਪਏ ਜਾਂ ਅਸਲ ਖਰਚਾ, ਜੋ ਵੀ ਘੱਟ ਹੋਵੇ, ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਐਨਕ ਲਈ 800 ਰੁਪਏ, ਦੰਦਾਂ ਦੇ ਇਲਾਜ਼ ਲਈ 5000 ਅਤੇ ਸੁਣਨ ਵਾਲੇ ਯੰਤਰ ਲਈ 6000 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜਨਰਲ ਸਰਜਰੀ ਲਈ 50 ਹਜ਼ਾਰ ਰੁਪਏ ਸਲਾਨਾ ਸਹਾਇਤਾ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 24 ਹਜ਼ਾਰ ਰੁਪਏ ਦੀ ਸਲਾਨਾ ਵਿੱਤੀ ਸਹਾਇਤਾ, ਪ੍ਰਸੂਤਾ ਲਾਭ ਸਕੀਮ ਅਧੀਨ ਪਹਿਲੇ ਦੋ ਬੱਚਿਆਂ ਦੇ ਜਨਮ ਸਮੇਂ 5 ਹਜ਼ਾਰ ਰੁਪਏ, ਜੇਕਰ ਇਸਤਰੀ ਖੁਦ ਲਾਭਪਾਤਰੀ ਹੈ ਤਾਂ ਉਸ ਨੂੰ ਇਸ ਸਕੀਮ ਅਧੀਨ 21 ਹਜ਼ਾਰ ਰੁਪਏ ਦਿੱਤੇ ਜਾਣਗੇ।ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਕਿਰਤੀ ਜਿਸਨੇ ਪਿਛਲੇ ਸਾਲ (12 ਮਹੀਨਿਆਂ) ਦੌਰਾਨ ਨਿਰਮਾਣ ਕਾਰਜਾਂ/ਉਸਾਰੀ ਕੰਮਾਂ ਵਿੱਚ ਘੱਟੋ ਘੱਟ 90 ਦਿਨ ਕੰਮ ਕੀਤਾ ਹੋਵੇ, ਉਹ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਸੇਵਾ ਕੇਂਦਰ ਵਿਖੇ ਆਧਾਰ ਕਾਰਡ, ਜਨਮ ਮਿਤੀ ਦਾ ਸਬੂਤ, ਬੈਂਕ ਖਾਤੇ ਦੀ ਫੋਟੋ ਕਾਪੀ, ਫਾਰਮ 29, ਫਾਰਮ 27 ਅਤੇ 27 ਏ ਜਮ੍ਹਾਂ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਨੇਕਾਂ ਹੋਰ ਭਲਾਈ ਸਕੀਮਾਂ ਜਿਵੇਂ ਐਕਸਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਸਕੀਮ, ਐਲ.ਟੀ.ਸੀ ਸਕੀਮ, ਬਾਲੜੀ ਸਕੀਮ, ਟੂਲ ਕਿੱਟ ਸਕੀਮ, ਹੁਨਰ ਵਿਕਾਸ, ਕੈਸ਼ ਰਿਵਾਰਡ ਸਕੀਮ, ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਆਦਿ ਦਾ ਲਾਭ ਵੀ ਰਜਿਸਟਰਡ ਕਿਰਤੀ ਕਾਮੇ ਹਾਸਲ ਕਰ ਸਕਦੇ ਹਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …