ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਚੀਨ ਦੇ ਹਾਂਗਜੂ ਵਿੱਚ ਆਰੰਭ ਹੋਈਆਂ ਏਸ਼ੀਆਈ ਖੇਡਾਂ ਤਹਿਤ ਹੋਏ ਰੋਇੰਗ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਕੌਕਸਡ 8 ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ।ਖੁਸ਼ੀ ਦੀ ਗੱਲ ਇਹ ਹੈ ਕਿ ਇਸ ਟੀਮ ਵਿੱਚ ਪੰਜਾਬ ਦੇ ਦੋ ਖਿਡਾਰੀ ਜਸਵਿੰਦਰ ਸਿੰਘ (ਸੰਗਰੂਰ) ਅਤੇ ਚਰਨਜੀਤ ਸਿੰਘ (ਬਠਿੰਡਾ) ਸ਼ਾਮਲ ਹਨ।ਡਿਪਟੀ ਕਮਿਸ਼਼ਨਰ ਜਤਿੰਦਰ ਜੋਰਵਾਲ ਨੇ ਟੀਮ ਵਿੱਚ ਸ਼ਾਮਲ ਧੂਰੀ ਦੇ ਪਿੰਡ ਕਲੇਰਾਂ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਹਾਂਗਜੂ ਵਿਖੇ ਉਚੇਚੇ ਤੌਰ `ਤੇ ਫੋਨ `ਤੇ ਗੱਲਬਾਤ ਕਰਕੇ ਕੌਮਾਂਤਰੀ ਪੱਧਰ ‘ਤੇ ਦੇਸ਼, ਸੂਬੇ ਅਤੇ ਜਿਲ੍ਹਾ ਸੰਗਰੂਰ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਬਾਦ ਦਿੱਤੀ।ਡਿਪਟੀ ਕਮਿਸ਼ਨਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਵਿੱਚ ਖੇਡ ਸਭਿਆਚਾਰ ਦੀ ਪ੍ਰਫੁੱਲਤਾ ਲਈ ਹੋ ਰਹੇ ਸਰਗਰਮ ਉਪਰਾਲਿਆਂ ਦੀ ਕੜੀ ਤਹਿਤ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਰੋਇੰਗ ਟੀਮ ਦੇ ਖਿਡਾਰੀ ਜਸਵਿੰਦਰ ਸਿੰਘ ਨੂੰ ਵੀ ਸਰਕਾਰ ਵਲੋਂ 8 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਏਸ਼ੀਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਾਸ਼ੀ ਵਜੋਂ ਕ੍ਰਮਵਾਰ ਇੱਕ ਕਰੋੜ ਰੁਪਏ, 75 ਲੱਖ ਤੇ 50 ਲੱਖ ਰੁਪਏ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀਬ 26 ਸਾਲਾਂ ਦੇ ਜਸਵਿੰਦਰ ਸਿੰਘ ਆਪਣੇ ਮਨ ਵਿੱਚ ਦੇਸ਼ ਦੀ ਸੇਵਾ ਦਾ ਜਜ਼ਬਾ ਲੈ ਕੇ ਭਾਰਤੀ ਫ਼ੌਜ ਦੀ 19 ਸਿੱਖ ਰੈਜੀਮੈਂਟ ਵਿੱਚ ਹਵਲਦਾਰ ਵਜੋਂ ਪੂਨਾ ਵਿਖੇ ਸੇਵਾ ਨਿਭਾਅ ਰਹੇ ਹਨ ਅਤੇ ਖੇਡਾਂ ਦੇ ਖੇਤਰ ਵਿੱਚ ਹਾਂਗਜ਼ੂ ਵਿੱਚ ਦਰਜ਼ ਇਸ ਬਿਹਤਰੀਨ ਉਪਲੱਬਧੀ ਨਾਲ ਵੀ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਪਣੀ ਖੇਡ ਪ੍ਰਤਿਭਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪੇਸ਼ ਕਰਨ ਵਿੱਚ ਜਸਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਂਗ ਹੋਰ ਖਿਡਾਰੀ ਵੀ ਸਫਲਤਾ ਦੀ ਉਡਾਣ ਭਰਨਗੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …