ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ‘ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਭਾਈ ਵੀਰ ਸਿੰਘ ਦੀ ਚੌਥੀ ਪੀੜ੍ਹੀ ਦੇ ਮੈਂਬਰ ਹਰੀਰਾਜ ਸਿੰਘ ਵਾਸ਼ਿਗਿੰਟਨ (ਅਮਰੀਕਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਰਨਦੀਪ ਸਿੰਘ ਅਤੇ ਮਨਰਾਜ ਸਿੰਘ ਛੀਨਾ ਵੀ ਉਚੇਚੇ ਤੌਰ ’ਤੇ ਪੁੱਜੇ ਸਨ।
ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਭਾਈ ਵੀਰ ਸਿੰਘ ਅੰਮ੍ਰਿਤਸਰ ਦੀ ਸਾਹਿਤਕ ਅਤੇ ਧਾਰਮਿਕ ਵਿਰਾਸਤ ਸਨ।ਉਨ੍ਹਾਂ ਦੇ ਜਿਕਰ ਬਿਨ੍ਹਾਂ ਆਧੁਨਿਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਨਹੀਂ ਹੋ ਸਕਦੀ।ਹਰੀਰਾਜ ਸਿੰਘ ਨੇ ਕਾਲਜ ਆ ਕੇ ਭਾਈ ਵੀਰ ਸਿੰਘ ਦੀ ਯਾਦ ਨੂੰ ਫਿਰ ਤਾਜ਼ਾ ਕੀਤਾ ਹੈ ਅਤੇ ਇਸ ਬਹਾਨੇ ਸਾਨੂੰ ਭਾਈ ਵੀਰ ਸਿੰਘ ਬਾਰੇ ਮੁੜ ਚਿੰਤਨ ਕਰਨ ਦਾ ਮੌਕਾ ਦਿੱਤਾ ਹੈ।
ਪ੍ਰਿੰਸੀਪਲ: ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਆਪਣੇ ਜੀਵਨ-ਕਾਲ ’ਚ ਵਾਪਰੀਆਂ ਧਾਰਮਿਕ ਅਤੇ ਰਾਜਨੀਤਕ ਲਹਿਰਾਂ ਦੇ ਕੇਂਦਰ ਬਣੇ ਰਹੇ।ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ ਅਤੇ ਖ਼ਾਲਸਾ ਕਾਲਜ ਦੇ ਨਿਰਮਾਣ ’ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।ਉਹ ਧਾਰਮਿਕ ਪ੍ਰਚਾਰ ਰਾਹੀਂ ਲੋਕਾਂ ’ਚ ਏਕਤਾ ਕਾਇਮ ਕਰਨ ’ਚ ਸਫਲ ਰਹੇ, ਜਿਸ ਕਰਕੇ ਦੇਸ਼ ਆਜ਼ਾਦ ਹੋ ਸਕਿਆ।ਅੰਗਰੇਜ਼ਾਂ ਦੀ ਖੁਫੀਆ ਰਿਪੋਰਟ ’ਚ ਭਾਈ ਵੀਰ ਸਿੰਘ ਅੰਗਰੇਜ਼ ਸਰਕਾਰ ਲਈ ਵੱਡਾ ਖਤਰਾ ਰਹੇ ਸਨ।
ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਈ ਸਾਹਿਬ ਦੀ ਸ਼ਖਸੀਅਤ ਬਹੁਤ ਨਿਰਾਲੀ ਸੀ ਉਹ ਹਰ ਸਮੇਂ ਗੁਰੂ ਭਾਣੇ ਵਿਚ ਰਹਿੰਦੇ ਸਨ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ। ਉਹਨਾਂ ਨੇ ਪੰਜਾਬੀਆਂ ਦਾ ਬਰਿਜ਼ ਭਾਸ਼ਾ ਤੋਂ ਪੰਜਾਬੀ ਭਾਸ਼ਾ ਵੱਲ ਮੁਹਾਣ ਮੋੜਿਆ ਅਤੇ ਪੰਜਾਬੀ ਸਾਹਿਤ ਦੀਆਂ ਨਵੀਆਂ ਵਿਧਾਵਾਂ ਨੂੰ ਪ੍ਰਫੁਲਿਤ ਕੀਤਾ। ਨਾਵਲ, ਕਹਾਣੀ, ਨਾਟਕ ਅਤੇ ਕਵਿਤਾ ਅਤੇ ਪੱਤਰਕਾਰੀ ਦੇ ਪੰਜਾਬੀ ਵਿੱਚ ਨਵੇਂ ਰੂਪ ਭਾਈ ਸਾਹਿਬ ਨੇ ਹੀ ਪੇਸ਼ ਕੀਤੇ।
ਹਰੀਰਾਜ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਸਿੱਖੀ ਦੇ ਪ੍ਰਚਾਰਕ ਸਨ।ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਸਿੱਖੀ ਤੋਂ ਦੂਰ ਜਾ ਰਹੀ ਹੈ।ਸਾਨੂੰ ਆਪਣੇ ਬੱਚਿਆਂ ਨੂੰ ਭਾਈ ਵੀਰ ਸਿੰਘ ਦੀਆਂ ਲਿਖਤਾਂ ਰਾਹੀਂ ਸਿੱਖੀ ਨਾਲ ਜੋੜਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵਿੱਚ ਇੱਕ ਸੰਤ ਆਤਮਾ ਦਾ ਵਾਸ ਸੀ, ਜੋ ਦੂਸਰਿਆਂ ਦੇ ਮਨ ਨੂੰ ਸਮਝ ਲੈਂਦੀ ਸੀ।ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਸਾਹਿਤ ਸਭਾ ਇੰਚਾਰਜ ਡਾ. ਹੀਰਾ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ, ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਿਆ ਸਿੰਘ, ਡਾ. ਚਿਰਜੀਵਨ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …