Monday, May 20, 2024

ਪਰਾਲੀ ਨੂੂੰ ਖੇਤਾਂ ‘ਚ ਵਾਹ ਕੇ 20 ਫੀਸਦੀ ਵੱਧ ਝਾੜ ਪ੍ਰਾਪਤ ਕਰ ਰਿਹਾ ਹੈ ਬੱਗਾ ਕਲਾਂ ਦਾ ਜਗਰੂਪ ਸਿੰਘ ਮੰਡ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਜਿਥੇ ਜਿਲ੍ਹੇ ਦੇ ਜ਼ਿਆਦਾਤਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉਥੇ ਕਈ ਕਿਸਾਨ ਅਜਿਹੇ ਵੀ ਹਨ, ਜੋ ਖੇਤੀਬਾੜੀ ਅਧਿਕਾਰੀਆਂ ਦੀ ਗੱਲ ਮੰਨ ਕੇ ਪਰਾਲੀ ਨੂੰ ਲੰਮੇ ਸਮੇਂ ਤੋਂ ਖੇਤਾਂ ਵਿੱਚ ਵਾਹ ਕੇ ਫਸਲਾਂ ਦਾ ਝਾੜ ਆਮ ਕਿਸਾਨਾਂ ਨਾਲੋਂ ਵੱਧ ਪ੍ਰਾਪਤ ਕਰ ਰਹੇ ਹਨ।ਅੱਜ ਜਿਲ੍ਹਾ ਖੇਤੀ ਅਧਿਕਾਰੀ ਜਤਿੰਦਰ ਸਿੰਘ ਨੇ ਹੋਰ ਅਧਿਕਾਰੀਆਂ ਨਾਲ ਪਿੰਡ ਬੱਗਾ ਬਲਾਕ ਹਰਸ਼ਾ ਛੀਨਾ ਦੇ ਕਿਸਾਨ ਜਗਰੂਪ ਸਿੰਘ ਮੰਡ ਦੇ ਖੇਤਾਂ ਵਿੱਚ ਪਹੁੰਚ ਕੇ ਕਣਕ ਦੀ ਬਿਜ਼ਾਈ ਦਾ ਜਾਇਜ਼ਾ ਲਿਆ ਤੇ ਕਿਸਾਨ ਨੂੰ ਸਾਬਾਸ਼ ਦਿੱਤੀ।ਮੰਡ ਨੇ ਦੱਸਿਆ ਕਿ ਮੈਂ ਪਿਛਲੇ 5 ਸਾਲ ਤੋਂ ਨਾ ਕਣਕ ਦਾ ਨਾੜ ਸਾੜਿਆ ਤੇ ਨਾ ਹੀ ਝੋਨੇ ਦੀ ਪਰਾਲੀ।ਉਨਾਂ ਦੱਸਿਆ ਕਿ ਮੈਂ ਖੇਤੀ ਵਿਭਾਗ ਵਲੋਂ ਦੱਸੇ ਨੁਕਤੇ ‘ਤੇ ਕੰਮ ਕਰਕੇ ਆਪਣਾ ਝੋਨਾ ਐਸ.ਐਮ.ਐਸ ਵਾਲੀ ਕੰਬਾਇਨ ਤੋਂ ਕਟਾਉਂਦਾ ਹਾਂ, ਜਿਸ ਨਾਲ ਪਰਾਲੀ ਦੇ ਛੋਟੇ ਟੁੱਕੜੇ ਹੋ ਜਾਂਦੇ ਹਨ।ਇਸ ਪਿਛੋਂ ਖੇਤ ਨੂੰ ਉਲਟਾਵੇਂ ਹੱਲ ਨਾਲ ਵਾਹ ਕੇ ਇਸ ਪਰਾਲੀ ਨੂੰ ਜ਼ਮੀਨ ਵਿੱਚ ਦੱਬ ਦਿੰਦਾ ਹੈ ਅਤੇ ਫਿਰ ਕਣਕ ਦੀ ਬਿਜ਼ਾਈ ਕਰਦਾ ਹਾਂ।ਉਨਾਂ ਕਿਹਾ ਕਿ ਇਸ ਨਾਲ ਮੇਰੇ ਖੇਤ ਦੀ ਉਪਜਾਊ ਸ਼ਕਤੀ ਵਧੀ ਹੈ, ਮੀਂਹ ਦਾ ਪਾਣੀ ਖੇਤ ਵਿਚ ਖੜਦਾ ਨਹੀਂ, ਬਲਕਿ ਹੇਠਾਂ ਰਸ ਜਾਂਦਾ ਹੈ।ਉਨਾਂ ਦੱਸਿਆ ਕਿ ਮੈਂ ਸਾਰੇ ਕਿਸਾਨਾਂ ਨਾਲੋਂ ਘੱਟ ਰਸਾਣਿਕ ਖਾਦਾਂ ਦੀ ਵਰਤੋਂ ਕਰਦਾ ਹਾਂ, ਪਰ ਮੇਰੀਆਂ ਫਸਲਾਂ ਦਾ ਝਾੜ ਸਾਰੇ ਪਿੰਡ ਨਾਲੋਂ ਵੱਧ ਆਉਂਦਾ ਹੈ, ਜੋ ਕਿ ਕਰੀਬ 20 ਤੋਂ 25 ਫੀਸਦੀ ਵੱਧ ਹੁੰਦਾ ਹੈ।ਉਨਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਕ ਵਾਰ ਅਜਿਹਾ ਕਰਕੇ ਵੇਖਣ, ਨਤੀਜਾ ਸਾਹਮਣੇ ਆ ਜਾਵੇਗਾ।
ਇਸ ਮੌਕੇ ਖੇਤੀ ਅਧਿਕਾਰੀ ਗਿੱਲ ਨੇ ਕਿਸਾਨ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਅਜਿਹੇ ਕਿਸਾਨ ਕਈ ਹੋਰ ਕਿਸਾਨਾਂ ਲਈ ਮਾਰਗ ਦਰਸ਼ਕ ਬਣ ਰਹੇ ਹਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …