Sunday, December 22, 2024

ਸਰਕਾਰੀ ਦਫ਼ਤਰਾਂ ‘ਚ ਸੀਨੀਅਰ ਸਿਟੀਜਨ ਦਾ ਕੰਮ ਪਹਿਲ ਦੇ ਅਧਾਰ ‘ਤੇ ਕਰਨਾ ਯਕੀਨੀ ਬਣਾਇਆ ਜਾਵੇ – ਈ.ਟੀ.ਓ

ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡੀ ਨੈਤਿਕ ਸਮਾਜਿਕ ਜਿੰਮੇਵਾਰੀ

ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਸਾਡੀ ਤਰੱਕੀ ਵਿਚ ਹੀ ਸਾਡੇ ਬਜ਼ੁਰਗਾ ਦਾ ਹੱਥ ਹੈ ਤੇ ਇਨਾਂ ਦੀ ਬਦੌਲਤ ਹੀ ਅਸੀਂ ਇਸ ਮੁਕਾਮ ’ਤੇ ਪਹੁੰਚ ਸਕੇ ਹਾਂ।ਇਹ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਨੇ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਗਦੀਸ਼ ਸਦਨ ਹਾਲ ਡਲਿਆਨਾ ਮੰਦਿਰ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪੱਧਰੀ ਸੀਨੀਅਰ ਸਿਟੀਜਨ ਦਿਵਸ ਮਨਾਉਣ ਮੌਕੇ ਕੀਤਾ।ਬਜ਼ੁਰਗ ਵਿਅਕਤੀਆਂ ਲਈ “ਸਾਡੇ ਬਜ਼ੁਰਗ, ਸਾਡਾ ਮਾਣ”ਮੁਹਿੰਮ ਤਹਿਤ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਸੀਨੀਅਰ ਸੀਟੀਜਨ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸ਼ਲਾਘਾਯੋਗ ਕਦਮ ਹੈ ਕਿ ਹਰੇਕ ਜਿਲ੍ਹੇ ਵਿੱਚ ਜਿਲ੍ਹਾ ਪੱਧਰੀ ਸਮਾਗਮ ਕਰਕੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਹੀ ਉਨਾਂ ਦੀਆਂ ਪੈਨਸ਼ਨਾਂ ਦੇ ਫਾਰਮ, ਆਯੁਸ਼ਮਾਨ ਕਾਰਡ, ਮੁਫ਼ਤ ਐਨਕਾਂ, ਦਵਾਈਆਂ ਆਦਿ ਦਿੱਤੀਆਂ ਜਾ ਰਹੀਆਂ ਹਨ।ਉਨਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਇਨਾਂ ਦੇ ਤਜ਼ੱਰਬਿਆਂ ਤੋਂ ਫਾਇਦਾ ਲੈ ਕੇ ਸਮਾਜ ਨੂੰ ਨਵੀਂ ਸੇਧ ਦੇ ਸਕਦੇ ਹਾਂ।
ਈ.ਟੀ.ਓ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਦਫ਼ਤਰਾਂ ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਦਫ਼ਤਰਾਂ ਵਿਖੇ ਆਉਣ ਵਾਲੇ ਸੀਨੀਅਰ ਸਿਟੀਜਨ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਂਪ ਦੌਰਾਨ ਸੀਨੀਅਰ ਸਿਟੀਜ਼ਨਾਂ ਦੀ ਪੂਰੀ ਜੀਰੀਏਟ੍ਰਿਕ ਜਾਂਚ ਤੋਂ ਇਲਾਵਾ ਨੱਕ, ਕੰਨ, ਗਲੇ ਤੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ ਅਤੇ ਅੱਖਾਂ ਦੀ ਮੁਫਤ ਸਰਜਰੀ ਅਸੈਂਸਮੈਂਟ ਕੀਤੀ ਗਈ।ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨ ਸਕੀਮ ਅਧੀਨ ਫਾਰਮ ਭਰੇ ਗਏ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਕਾਰਡ ਮੌਕੇ ‘ਤੇ ਬਣਾ ਕੇ ਵੰਡੇ ਗਏ।
‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਲਗਾਏ ਗਏ ਮੈਡੀਕਲ ਕੈਂਪ ਦੌਰਾਨ 1052 ਬਜ਼ੁਰਗਾਂ ਦੀ ਸਿਹਤ ਜਾਂਚ ਕੀਤੀ ਗਈ, ਜਿਸ ਵਿੱਚ 170 ਈ.ਐਨ.ਟੀ, 147 ਆਰਥੋ, 150 ਜਨਰਲ ਓ.ਪੀ.ਡੀ, 550 ਬਜ਼ੁਰਗਾਂ ਦੀ ਅੱਖਾਂ ਦੀ ਜਾਂਚ ਕਰਕੇ 500 ਬਜ਼ੁਰਗਾਂ ਨੂੰ ਐਨਕਾਂ ਦੀ ਵੰਡ ਕੀਤੀ ਅਤੇ 35 ਬਜ਼ੁਰਗਾਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ।
ਬਜ਼ੁਰਗਾਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ।ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਕੈਬਨਿਟ ਮੰਤਰੀ ਈ.ਟੀ.ਓ ਆਪਣੀ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਲੈ ਕੇ ਪੁੱਜੇ।
ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਅਸੀਸਇੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪਹਿਲਾਂ ਹੀ ਆਪਣੇ ਬਜੁਰਗਾਂ ਦਾ ਪੂਰਾ ਮਾਣ-ਸਤਿਕਾਰ ਕਰਦੇ ਹੋਏ ਬੁੱਢਾਪਾ ਪੈਨਸ਼ਨ ਅਤੇ ਹੋਰ ਸਹੂਲਤਾਂ ਬਜੁਰਗਾਂ ਨੂੰ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਹੋਰ ਕਿਹਾ ਕਿ ਬਜੁਰਗਾਂ ਦਾ ਸਤਿਕਾਰ ਕਰਨਾ ਸਾਡੀ ਨੈਤਿਕ ਤੇ ਸਮਾਜਿਕ ਜਿੰਮੇਵਾਰੀ ਹੈ।
ਇਸ ਮੌਕੇ ਚੇਅਰਮੈਨ ਸੂਬੇਦਾਰ ਸਨਾਖ਼ ਸਿੰਘ, ਸਿਵਲ ਸਰਜਨ ਡਾਕਟਰ ਵਿਜੇ ਕੁਮਾਰ, ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ, ਸੀਨੀਅਰ ਮੈਡੀਕਲ ਅਫਸਰ ਮਾਨਾਂਵਾਲਾ ਡਾਕਟਰ ਸੁਮੀਤ ਸਿੰਘ, ਜ਼ਿਲਾ ਪ੍ਰੋਗ੍ਰਾਮ ਅਫਸਰ ਕੁਲਦੀਪ ਕੌਰ, ਸੀ.ਡੀ.ਪੀ.ਓ ਖੁਸ਼ਮੀਤ ਕੌਰ, ਮੈਡਮ ਸੁਨੈਣਾ ਰੰਧਾਵਾ, ਸਤਿੰਦਰ ਸਿੰਘ, ਸੌਰਭ ਸ਼ਰਮਾ, ਮਾਸ ਮੀਡੀਆ `ਚ ਲੋਕ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …