Monday, December 23, 2024

ਪ੍ਰਤਾਪ ਸਿੰਘ ਬਾਜਵਾ ਦਿੱਲੀ ‘ਚ ਜਾ ਕੇ ਕੇਂਦਰ ਸਰਕਾਰ ਦਾ ਪਿੱਟ-ਸਿਆਪਾ ਕਰਨ- ਕੌਂਸਲਰ ਸੁਲਤਾਨਵਿੰਡ

24011401

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਸਾਥੀ ਜੇਕਰ ਸੱਚਮੁੱਚ ਹੀ ਪੰਜਾਬ ਹਿਤੈਸ਼ੀ ਹਨ ਤਾਂ ਉਹਨਾਂ ਨੂੰ ਸੂਬੇ ‘ਚ ਬੇਵਜਾ ਭੁੱਖ ਹੜਤਾਲ ਅਤੇ ਧਰਨੇ-ਪ੍ਰਦਰਸ਼ਨ ਕਰਨ ਦੀ ਬਜਾਏ ਦਿੱਲੀ ‘ਚ ਜਾ ਕੇ ਕੇਂਦਰ ਸਰਕਾਰ ਦਾ ਪਿੱਟ-ਸਿਆਪਾ ਕਰਨਾ ਚਾਹੀਦਾ ਹੈ, ਜਿਸ ਨੇ ਪੰਜਾਬ ਨੂੰ ਵਿਸ਼ੇਸ਼ ਸਨਅਤੀ ਪੈਕੇਜ ਨਾ ਦੇ ਕੇ ਸੂਬੇ ਦੇ ਲੋਕਾਂ ਨਾਲ ਇੱਕ ਹੋਰ ਧੋਖਾ ਕੀਤਾ ਹੈ।ਹਲਕਾ ਦੱਖਣੀ ਅਧੀਨ ਪੈਂਦੀ ਵਾਰਡ 35 ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਪੰਜਾਬ ‘ਚ ਵਾਰ-ਵਾਰ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨ ਸਦਕਾ ਕੱਖੋਂ ਹੌਲੇ ਹੋਏ ਕਾਂਗਰਸੀ ਹੁਣ ਜਨਤਾ ਦਾ ਧਿਆਨ ਆਪਣੇ ਵਲ ਖਿੱਚਣ ਲਈ ਆਏ ਦਿਨ ਪੁੱਠੀਆਂ-ਸਿੱਧੀਆਂ ਸਕੀਮਾਂ ਘੜਦੇ ਰਹਿੰਦੇ ਹਨ, ਪ੍ਰੰਤੂ ਇਹਨਾਂ ਦਾ ਪੰਜਾਬ ਵਾਸੀਆਂ ‘ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂ ਕਿ ਲੋਕ ਜਾਣ ਚੁੱਕੇ ਹਨ ਕਿ ਹਰ ਗੱਲ ‘ਤੇ ਪੰਜਾਬ ਨਾਲ ਵਿਤਕਰਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਚਾਪਲੂਸ ਲੀਡਰ ਕਦੇ ਵੀ ਪੰਜਾਬ ਵਾਸੀਆਂ ਦੇ ਹੱਕਾਂ ਅਤੇ ਭਲਾਈ ਲਈ ਕੰਮ ਨਹੀਂ ਕਰ ਸਕਦੇ।  ਸੁਲਤਾਨਵਿੰਡ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਨੂੰ ਦੇਖ ਕੇ ਕਾਂਗਰਸੀ ਬੌਖਲਾ ਗਏ ਹਨ। ਉਹਨਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਅਣਥੱਕ ਯਤਨਾਂ ਸਦਕਾ ਭਗਤਾਂ ਵਾਲਾ ਦਾਣਾ ਮੰਡੀ ਨੇੜਲੇ ਡੰਪ ‘ਤੇ ਲਾਏ ਜਾਣ ਵਾਲੇ ਸਾਲਿਡ ਵੈਸਟ ਪ੍ਰਾਜੈਕਟ ਨਾਲ ਆਸ-ਪਾਸ ਦੀਆਂ ਕਾਲੋਨੀਆਂ ਦੇ ਵਸਨੀਕਾਂ ਨੂੰ ਗੰਦਗੀ ਤੋਂ ਛੁਟਕਾਰਾ ਮਿਲ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply