Sunday, December 22, 2024

44ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪਨ

ਓਵਰਹਾਲ ਚੈਂਪੀਅਨਸ਼ਿਪ ‘ਤੇ ਕੀਤਾ ਸੰਗਰੂਰ ਦੇ ਬਜ਼ੁਰਗਾਂ ਨੇ ਕਬਜ਼ਾ

ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵਡੇਰੀ ਉਮਰ ਦੇ ਅਥਲੀਟਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਨ ਵਾਲੀ ਪੰਜਾਬ ਮਾਸਟਰਅਥਲੈਟਿਕਸ ਐਸੋਸ਼ੀਏਸ਼ਨ ਵਲੋਂ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਅਤੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੋਹਾਲੀ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ 44ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਬੜੀ ਸ਼ਾਨੋਂ ਸ਼ੌਕਤ ਨਾਲ ਸੰਪਨ ਹੋਈ।ਇਸ ਮੀਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚੋਂ 456 ਦੇ ਕਰੀਬ 30 ਸਾਲ ਤੋਂ 97 ਸਾਲ ਦੇ ਵਡੇਰੀ ਉਮਰ ਦੇ ਖਿਡਾਰੀਆਂ (ਮਰਦ ਅਤੇ ਔਰਤਾਂ) ਨੇ ਭਾਗ ਲਿਆ।ਵੱਖ-ਵੱਖ ਮੁਕਾਬਲਿਆਂ ਦੌਰਾਨ ਓਵਰਹਾਲ ਚੈਂਪੀਅਨਸ਼ਿਪ ‘ਤੇ ਸੰਗਰੂਰ ਦੇ ਖਿਡਾਰੀਆਂ ਨੇ 330 ਅੰਕ ਪ੍ਰਾਪਤ ਕਰਕੇ ਕਬਜ਼ਾ ਕੀਤਾ।ਜਦੋਂਕਿ ਲੁਧਿਆਣਾ ਦੇ ਖਿਡਾਰੀਆਂ ਨੇ 313 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਬਠਿੰਡਾ ਦੇ ਖਿਡਾਰੀਆਂ ਨੇ 212 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਦਾ ਉਦਘਾਟਨ ਉਘੇ ਖਿਡਾਰੀ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕੀਤਾ।ਇਨਾਮਾਂ ਦੀ ਵੰਡ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਸਿਆਸਤ ਸਿੰਘ ਗਿੱਲ, ਪ੍ਰਿੰਸੀਪਲ ਵਿਜੇ ਪਲਾਹਾ, ਡਾ. ਉਂਕਾਰ ਸਿੰਘ ਸੈਣੀ, ਡਾ. ਗੀਤਾ ਠਾਕੁਰ ਅਤੇ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸਤਨਾਮ ਸਿੰਘ ਮਸਤੂਆਣਾ ਹੁਰਾਂ ਵਲੋਂ ਕੀਤੀ ਗਈ।ਘੁੱਲੀ ਨੇ ਕਿਹਾ ਕਿ ਇਨਾਂ ਖੇਡਾਂ ਵਿੱਚ ਬਜ਼ੁਰਗਾਂ ਵਲੋਂ ਕੀਤੀ ਜਾ ਰਹੀ ਜ਼ੋਰ ਅਜ਼ਮਾਇਸ਼ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ।ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸਾਡੇ ਦੇਸ਼ ਨੂੰ ਖੁਸ਼ੀਆਂ ਵਿੱਚ ਹੱਸਦੇ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੀ ਨੌਜਵਾਨ ਪੀੜੀ ਨੂੰ ਸਪੋਰਟਸ ਨਾਲ ਜੋੜਨਾ ਹੋਵੇਗਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਪਵੇਗਾ।ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੋਹਾਲੀ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਉਪਰੰਤ ਪੰਜਾਬ ਮਾਸਟਰ ਅਥਲੈਟਿਕ ਮੀਟ ਬਾਰੇ ਅਤੇ ਐਸੋਸ਼ੀਏਸ਼ਨ ਵਲੋਂ ਕੀਤੀਆਂ ਪ੍ਰਾਪਤੀਆਂ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।ਉਨਾਂ ਕਿਹਾ ਕਿ ਅਕਾਲ ਕਾਲਜ ਕੌਂਸਲ ਵਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇੰਨਾਂ ਬਜ਼ੁਰਗਾਂ ਦੀਆਂ ਖੇਡਾਂ ਤੋਂ ਕੁੱਝ ਸਿੱਖਣ ਦਾ ਮੌਕਾ ਮਿਲਦਾ ਹੈ।ਸਟੇਜ ਸੰਚਾਲਨ ਪ੍ਰੋ. ਰਣਧੀਰ ਸ਼ਰਮਾ, ਡਾ. ਪਾਲ, ਪ੍ਰੋ. ਸੁਖਵਿੰਦਰ ਸਿੰਘ ਸੁੱਖੀ, ਪ੍ਰੋ. ਹਰਬੰਸ ਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸੁਖਦੀਪ ਸਿੰਘ ਅਤੇ ਪ੍ਰੋ. ਰਛਪਾਲ ਸਿੰਘ ਹੁਰਾਂ ਨੇ ਕੀਤਾ।
ਮੁਕਾਬਲਿਆਂ ਦੌਰਾਨ ਮਰਦਾਂ ਵਿੱਚ 97 ਸਾਲ ਦੇ ਹਮੀਰ ਸਿੰਘ ਰਾਏ ਪਟਿਆਲਾ ਨੇ ਹੈਮਰ ਥਰੋ ਅਤੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ 93 ਸਾਲ ਦੇ ਤੇਜਾ ਸਿੰਘ ਫੱਲੇਵਾਲ ਲੁਧਿਆਣਾ ਨੇ 100, 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਡਿਸਕਸ ਥਰੋ ਅਤੇ ਸ਼ਾਟ ਪੁੱਟ ਵਿੱਚ 85 ਸਾਲਾ ਪ੍ਰੋ. ਜਗਰੂਪ ਸਿੰਘ ਨਾਗਰੀ ਸੰਗਰੂਰ ਨੇ ਪਹਿਲਾ, 400 ਮੀਟਰ ਦੌੜ ਵਿੱਚ 85 ਸਾਲ ਦੇ ਮੰਗਰੂ ਰਾਮ ਨੇ ਲੁਧਿਆਣਾ ਅਤੇ 83 ਸਾਲ ਦੇ ਅਜੀਤ ਸਿੰਘ ਅੰਮ੍ਰਿਤਸਰ ਨੇ 400 ਮੀਟਰ ਦੌੜ ਵਿੱਚ ਪਹਿਲਾ, 82 ਸਾਲ ਦੇ ਗੁਰਦਿਆਲ ਸਿੰਘ ਗੁਰਦਾਸਪੁਰ ਨੇ ਹਾਈ ਜੰਪ ਵਿੱਚ ਪਹਿਲਾ, ਡਿਸਕਸ ਥਰੋ ਵਿੱਚ 80 ਸਾਲ ਦੇ ਰਜਿੰਦਰ ਸਿੰਘ ਲੁਧਿਆਣਾ ਨੇ ਪਹਿਲਾ, ਉੱਚੀ ਛਾਲ ਮੁਕਾਬਲੇ ਵਿੱਚ 70 ਸਾਲਾ ਮਲਕੀਤ ਸਿੰਘ ਫਾਜਿਲਕਾ ਨੇ ਪਹਿਲਾਂ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 400 ਮੀ. ਦੌੜ ਵਿੱਚ 60 ਸਾਲਾ ਮੋਹਨ ਲਾਲ ਬਾਂਸਲ ਬਠਿੰਡਾ, 10000 ਮੀਟਰ ਵਿੱਚ 60 ਸਾਲਾ ਸੰਤੋਸ਼ ਕੁਮਾਰ ਬਠਿੰਡਾ, 100 ਮੀਟਰ ਹਰਡਲ ਦੌੜ ਵਿੱਚ 65 ਸਾਲਾ ਜਗਦੇਵ ਸਿੰਘ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਔਰਤਾਂ ਵਿਚ 78 ਸਾਲ ਦੀ ਸੰਤੋਸ ਮਹਿਤਾ ਪਟਿਆਲਾ ਨੇ 5 ਕਿਲੋਮੀਟਰ ਵਾਕ, ਸ਼ਾਟ ਪੁੱਟ ਅਤੇ ਜੈਬਲਿਨ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਵਿੱਚ 65 ਸਾਲਾ ਬਖਸ਼ੀਸ਼ ਕੌਰ ਫਰੀਦਕੋਟ, 100 ਮੀਟਰ ਦੌੜ ਵਿੱਚ 55 ਸਾਲਾ ਇੰਦਰਜੀਤ ਕੌਰ ਮਾਨਸਾ ਵਲੋਂ ਪਹਿਲਾ ਅਤੇ ਹਰਕੀਰਤ ਕੌਰ ਸੰਗਰੂਰ ਨੇ ਡਿਸਕਸ ਥਰੋ ਵਿੱਚ ਪਹਿਲਾ, 400 ਮੀਟਰ ਦੌੜ ਵਿਚ 70 ਸਾਲਾ ਬਲਵੀਰ ਕੌਰ ਸੰਗਰੂਰ, 45 ਸਾਲਾ ਹੈਮਰ ਥਰੋ ਅਤੇ ਸ਼ਾਟ ਪੁੱਟ ਵਿੱਚ ਸੁਖਬੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪੋ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …