Thursday, January 23, 2025

“ਚਾਂਦਨੀ ਚੌਕ ਤੋਂ ਸਰਹਿੰਦ ਤੱਕ” ਲਾਈਟ ਐਂਡ ਸਾਊਂਡ ਸ਼ੋਅ` ਰਾਹੀਂ ਸਿੱਖ ਇਤਿਹਾਸ ਦੀ ਪੇਸ਼ਕਾਰੀ

ਇਤਿਹਾਸ ਸਾਨੂੰ ਅਣਖ ਨਾਲ ਜਿਊਣਾ ਸਿਖਾਉਂਦਾ ਹੈ – ਗਿਆਨੀ ਹਰਪ੍ਰੀਤ ਸਿੰਘ

ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦੇਣ ਲਈ ਗੁਰਦੁਆਰਾ ਸੱਤ ਭਾਈ ਗੋਲਾ ਜੀ ਮੋਤੀ ਨਗਰ ਵਲੋਂ ਇਤਿਹਾਸਕ ਪ੍ਰੋਗਰਾਮ ਉਲੀਕਿਆ ਗਿਆ।
ਕਮਿਊਨਿਟੀ ਸੈਂਟਰ ਮੋਤੀ ਨਗਰ ਵਿਖੇ ਹੋਏ “ਚਾਂਦਨੀ ਚੌਕ ਤੋਂ ਸਰਹਿੰਦ ਤੱਕ” ਨਾਮ ਦੇ `ਲਾਈਟ ਐਂਡ ਸਾਊਂਡ ਸ਼ੋਅ` ਰਾਹੀਂ ਸਿੱਖ ਇਤਿਹਾਸ ਨੂੰ ਅਤਿ-ਆਧੁਨਿਕ ਢੰਗ ਨਾਲ ਪੇਸ਼ ਕੀਤਾ ਗਿਆ।ਪੰਜਾਬੀ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਨੇ ਗੁਰਮਤਿ ਦੀ ਰੋਸ਼ਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਰਧਾਰਿਤ ਨਿਯਮਾਂ ਤਹਿਤ ਵਿਲੱਖਣ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ।ਵਿਸ਼ੇਸ਼ ਤੌਰ `ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਇਤਿਹਾਸ ਖੋਜਕਰਤਾ ਤੇ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਅਤੇ ਪ੍ਰਚਾਰਕ ਭਾਈ ਹਿਰਦੇਜੀਤ ਸਿੰਘ ਨੇ ਇਨ੍ਹਾਂ ਮਹਾਨ ਸ਼ਹਾਦਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਜੰਗ ਵਰਗੀ ਦੂਜੀ ਜੰਗ ਨਾ ਕਦੇ ਇਤਿਹਾਸ ਵਿੱਚ ਕਦੇ ਹੋਈ ਹੈ ਅਤੇ ਨਾ ਹੋਣ ਦੀ ਸੰਭਾਵਨਾ ਹੈ।ਇਸ ਜੰਗ ਵਿੱਚ ਇੱਕ ਪਾਸੇ 10 ਲੱਖ ਫੌਜ ਸੀ ਤੇ ਦੂਜੇ ਪਾਸੇ ਸਿਰਫ 40 ਸਿੱਖ।ਇਤਿਹਾਸ ਸਮਝਣਾ ਸਮੇਂ ਦੀ ਵੱਡੀ ਲੋੜ ਹੈ।ਇਤਿਹਾਸ ਸਾਨੂੰ ਰਾਜਨੀਤੀ ਤੇ ਅਣਖ ਨਾਲ ਜਿਉਣਾ ਸਿਖਾਉਂਦਾ ਹੈ, ਇਤਿਹਾਸ ਸਾਨੂੰ ਡਿੱਗਣ ਨਹੀਂ ਦਿੰਦਾ।ਇਸ ਲਈ ਇਤਿਹਾਸ ਪੜ੍ਹਣਾ, ਸੁਨਣਾ ਤੇ ਬੋਲਣਾ ਸਮੇਂ ਦੀ ਲੋੜ ਹੈ।ਪਰ ਅਸੀਂ ਇਤਿਹਾਸ ਨੂੰ ਸਮਝਣ ਵੇਲੇ ਉਨ੍ਹਾਂ ਮਹਾਨ ਗੁਰਸਿੱਖਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ, ਜਿੰਨ੍ਹਾਂ ਨੇ ਸਿੱਖ ਕੌਮ ਲਈ ਹਾਂ-ਪੱਖੀ ਰੋਲ ਨਿਭਾਇਆ ਹੈ।
ਡਾਕਟਰ ਅਨੁਰਾਗ ਸਿੰਘ ਨੇ ਇਤਿਹਾਸ ਵਿਚੋਂ ਹਵਾਲੇ ਦਿੰਦੇ ਹੋਏ ਕਿਹਾ ਕਿ ਬਿਨਾਂ ਇਨਸਾਨੀਅਤ ਧਰਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਯੁੱਧ ਤੇ ਧਰਮ ਯੁੱਧ ਵਿੱਚ ਇਹੀ ਚੀਜ਼ ਫਰਕ ਪੈਦਾ ਕਰਦੀ ਹੈ।ਇਸ ਦਾ ਹਵਾਲਾ ਸਨਾਤਨ ਧਰਮ ਦੇ ਗ੍ਰੰਥਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ ਹੈ।ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲ ਦੀ ਗੱਲ ਕਰਦੇ ਹੋਏ ਧਰਮ ਦੀ ਗੱਲ ਨੂੰ ਸਮਝਾਉਂਦੇ ਹਨ।ਗੁਰਦੁਆਰਾ ਸਤ ਭਾਈ ਗੋਲਾ ਜੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਡਾਕਟਰ ਅਨੁਰਾਗ ਸਿੰਘ ਨੂੰ ਕਿਰਪਾਨ ਦੇ ਕੇ ਸਨਮਾਨਿਤ ਕੀਤਾ।ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਸਟੇਜ ਪਰਮਿੰਦਰ ਪਾਲ ਸਿੰਘ ਨੇ ਸੰਭਾਲੀ।
ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਭਾਭੜਾ ਬਿਰਾਦਰੀ (ਮੁਲਤਾਨ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਨਾਤਨ ਧਰਮ ਮੰਦਰ, ਸਤਿਆ ਨਰਾਇਣ ਮੰਦਰ ਅਤੇ ਮੋਤੀ ਨਗਰ ਦੀਆਂ ਤਮਾਮ ਜਥੇਬੰਦੀਆਂ ਨੇ ਵਿਸ਼ੇਸ਼ ਸਹਿਯੋਗ ਕੀਤਾ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …