ਨਵੇਂ ਸਾਲ ਦੇ ਸੂਰਜ ਜੀ,
ਲੈ ਆਇਓ ਖ਼ੁਸ਼ੀਆਂ ਖੇੜੇ।
ਸਾਂਝਾਂ ਪਿਆਰ ਮੁਹੱਬਤ ਦੀਆਂ,
ਇਥੇ ਮੁੱਕਣ ਝਗੜੇ ਝੇੜੇ।
ਨਾ ਕਿਸੇ ਦਾ ਸੁਹਾਗ ਉੱਜੜੇ,
ਉਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ।
ਭੈਣਾਂ ਤੋਂ ਭਾਈ ਵਿਛੜਨ ਨਾ,
ਨਾ ਵਿਛੜੇ ਕਿਸੇ ਮਾਂ ਦਾ ਜਾਇਆ।
ਸਭ ਦੇ ਸਿਰ `ਤੇ ਹੱਥ ਧਰਿਓ,
ਜੰਗ ਦੀ ਗੱਲ ਕੋਈ ਨਾ ਛੇੜੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਕੋਰੋਨਾ ਵਰਗੀ ਮਹਾਂਮਾਰੀ,
ਫਿਰ ਕਦੇ ਨਾ ਆਵੇ ਰੱਬ ਜੀ!
ਕੋਈ ਭੁੱਖ ਨਾਲ ਵਿਲ਼ਕੇ ਨਾ,
ਚੁੱਲ੍ਹਾ ਤਪਦਾ ਰਹੇ ਘਰ ਸਭ ਜੀ।
ਕਦੇ ਘਰਾਂ ਚ ਤਾੜੀਂ ਨਾ,
ਲੱਗਦੇ ਰਹਿਣ ਸੱਜੇ-ਖੱਬੇ ਗੇੜੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਰੁਜ਼ਗਾਰ ਮਿਲੇ ਸਭ ਨੂੰ,
ਕਰ ਦਿਓ ਦੂਰ ਬੇਰੁਜ਼ਗਾਰੀ।
ਪੜ੍ਹੀ ਵਿੱਦਿਆ ਕੰਮ ਆਵੇ,
ਨਾ ਹੋਵੇ ਖੱਜ਼ਲ ਖੁਆਰੀ।
ਸੁਖਬੀਰ ਕਰੇ ਦੁਆਵਾਂ ਜੀ,
ਰਿਸ਼ਤੇ ਕਦੇ ਨਾ ਜਾਣ ਤਰੇੜੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਸਾਂਝਾਂ ਪਿਆਰ ਮੁਹੱਬਤ ਦੀਆਂ,
ਇਥੇ ਮੁੱਕਣ ਝਗੜੇ ਝੇੜੇ।
(ਕਵਿਤਾ 3112202302)

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ। ਮੋ – 98555 12677
Punjab Post Daily Online Newspaper & Print Media