ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਢਾਡੀ ਸਿੰਘਾਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਭਰਿਆ
ਸ੍ਰੀ ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਨੀਲੇ ਦੇ ਸ਼ਾਹ ਅਸਵਾਰ, ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ-ਛੋਟੇ ਲਾਲਾਂ, ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਜਿਸ ਵਿੱਚ ਰਾਗੀ ਸਿੰਘਾਂ ਨੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ, ਪੰਥ ਪ੍ਰਸਿੱਧ ਢਾਡੀ ਅਤੇ ਕਵੀਸ਼ਰ ਸਿੰਘਾਂ ਨੇ ਬੀਰ ਰਸੀ ਅਤੇ ਵੈਰਾਗਮਈ ਵਾਰਾਂ ਗਾ ਕੇ ਸੰਗਤਾਂ ਨੂੰ ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ।ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਬਾਹਰ ਪੰਡਾਲ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਨਿੱਕੀਆਂ ਜ਼ਿੰਦਾਂ ਦੇ ਵੱਡੇ ਸਾਕੇ ਹੋਏ ਹਨ ਜਿਸ ਦੇ ਦੋ ਅਹਿਮ ਪੱਖ ਹਨ ਇਕ ਸੱਤ ਤੇ ਨੌ ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਜ਼ਿੰਦਾ ਚਿਣਵਾਂ ਦੇਣਾ ਤੇ ਦੂਸਰਾ ਆਪਣੇ ਜਜ਼ਬੇ ਨੂੰ ਕਾਇਮ ਰੱਖਦਿਆਂ ਧਰਮ ਦੀ ਖਾਤਰ ਜਾਨਾਂ ਵਾਰ ਕੇ ਸੁਨਹਿਰੀ ਇਤਿਹਾਸ ਦੀ ਸਿਰਜਣਾ ਕਰਨੀ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਵਿੱਚ ਮਾਧੋ ਦਾਸ ਬੇਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ ਸੀ ਤੇ 1710 ਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿਖੇ ਵਜ਼ੀਦ ਖਾਨ ਨੂੰ ਕਤਲ ਕਰਕੇ ਨਾ ਸਿਰਫ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ, ਬਲਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਬਦਲਾ ਲਿਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਅਜਾਇਬਘਰ ਦੀ ਇਮਾਰਤ ਵੀ ਤਿਆਰ ਹੋ ਚੁੱਕੀ ਹੈ ਜਿਸ ਵਿੱਚ ਲਾਈਟ ਐਂਡ ਸਾਊਂਡ ਲਈ ਪੰਜਾਬ ਸਰਕਾਰ ਵੱਲੋਂ ਢੁੱਕਵੇਂ ਪ੍ਰਬੰਧ ਕਰਨ ਲਈ ਅਪੀਲ ਕੀਤੀ ਗਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਠੰਢੇ ਬੁਰਜ ਵਿੱਚ ਤਿੰਨ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਣ ਵਾਲੇ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗ੍ਹਾ ਦਿੱਤੀ ਜਾਵੇਗੀ।ਉਨ੍ਹਾਂ ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਤੇ ਸ਼ਰਧਾ ਸਤਿਕਾਰ ਭੇਟ ਕਰਦਿਆਂ ਸਮੂਹ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਨਾਲ ਜੁੜਣ ਲਈ ਕਿਹਾ।ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਸ਼ਹੀਦੀ ਦਿਹਾੜੇ ਤੇ ਪ੍ਰੇਰਦਿਆਂ ਕਿਹਾ ਕਿ ਜੋ ਬੱਚੇ ਪਤਿਤਪੁਣੇ ਅਤੇ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਸਿੱਖੀ ਤੋਂ ਮੁੱਖ ਮੌੜ ਚੁੱਕੇ ਹਨ ਉਹ ਛੋਟੀਆਂ ਜਿੰਦਾਂ ਦੀਆਂ ਵੱਡੀਆਂ ਕੁਰਬਾਨੀਆਂ ਤੋਂ ਸਬਕ ਲੈਂਦੇ ਹੋਏ ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਕਲਗੀਧਰ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤ) ਛਕ ਕੇ ਗੁਰੂ ਵਾਲੇ ਬਨਣ ਅਤੇ ਖਾਲਸੇ ਦੀ ਅਸਲੀ ਪਹਿਚਾਣ ਕਾਇਮ ਕਰਨ।ਇਸ ਉਪਰੰਤ ਪੰਥ ਪ੍ਰਸਿੱਧ ਵਿਦਵਾਨਾਂ ਅਤੇ ਕੌਮ ਦੀਆਂ ਕਈ ਮਾਇਆਨਾਜ ਹਸਤੀਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ,ਸ. ਦਲਮੇਘ ਸਿੰਘ ਸਕੱਤਰ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਭੁਪਿੰਦਰ ਸਿੰਘ ਮੀਤ ਸਕੱਤਰ, ਸ. ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ.ਪਰਮਦੀਪ ਸਿੰਘ ਇੰਚਾਰਜ, ਸ.ਅਮਰਜੀਤ ਸਿੰਘ ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’, ਸ. ਅਰਵਿੰਦਰ ਸਿੰਘ ਸਾਸਨ, ਸ. ਜਤਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।