Tuesday, June 17, 2025
Breaking News

ਸਰਸਾ ਦੇ ਕੰਢੇ ਤੋਂ ਸਰਹੰਦ ਦੀ ਨੀਂਹ ਤੱਕ

History1

ਬਾਬੂ ਸਿੰਘ ਚੌਹਾਨ

 ਖਮਾਣੋਂ (ਫਤਹਿਗੜ ਸਾਹਿਬ)

ਮਾਤਾ ਗੁਜਰ ਕੌਰ ਜੀ ਨੇ ਸਰਸਾ ਨਦੀ ਦੇ ਕਿਨਾਰੇ ਸੰਘਣੀ ਧੁੰਦ ਵਿੱਚ ਘਮਸਾਣ ਦਾ ਯੁੱਧ ਦੇਖ ਲਿਆ ਸੀ। ਤੁਰਕਾਂ ਦੇ ਅੱਲਾ ਹੂ ਅਕਬਰ, ਹਿੰਦੂ ਰਾਜਿਆਂ ਦੀ ਫੌਜ ਦੇ ਜੈ ਦੇਵਾ ਦੇ ਨਾਅਰੇ ਅਤੇ ਸਿੰਘਾਂ ਦੇ ਜੈਕਾਰੇ ਸੁਣ ਲਏ ਸਨ। ਤਲਵਾਰ ਨਾਲ ਖੜਕਦੀ ਤਲਵਾਰ ਦੀ ਟੁਣਕਾਰ ਅਤੇ ਕਾੜ-ਕਾੜ ਕੜਕਦੀ ਗੋਲੀ ਦੀ ਗੁੰਜਾਰ ਸੁਣ ਲਈ ਸੀ। ਨੇਜੇ, ਬਰਛੇ, ਗੰਡਾਸੇ ਆਦਿ ਹਥਿਆਰਾਂ ਦੇ ਵਾਰ ਦੇਖ ਲਏ ਸਨ। ਜੋਰਦਾਰ ਮੀਂਹ ਵਾਂਗ ਤੀਰਾਂ ਦੀ ਬੁਛਾੜ ਦੇਖ ਲਈ ਸੀ। ਲਹੂ ਅਤੇ ਮਿੰਝ ਦੀ ਘਾਣੀ ਵਿਚ ਲਾਸ਼ਾਂ ਦੇਖ ਲਈਆਂ ਸਨ। ਵੱਢੇ ਟੁੱਕੇ ਅਧਮੋਏ ਜਖ਼ਮੀ ਪਾਣੀ ਦੀ ਬੂੰਦ ਨੂੰ ਤਰਸ ਰਹੇ ਸਨ। ਸਰਸਾ ਨਦੀ ਦਾ ਪਾਣੀ ਲਹੂ ਨਾਲ ਲਾਲ ਹੋ ਗਿਆ ਸੀ। ਉਸਦੇ ਤਿੱਖੇ ਵੇਗ ਵਿਚ ਗੁਰੂ ਜੀ ਦੇ ਵਹੀਰ ਵਿਚੋਂ ਬਹੁਤ ਸਾਰੇ ਹੜ ਗਏ ਸਨ। ਕੀਮਤੀ ਸਮਾਨ ਅਤੇ ਵਿਦਿਆਸਾਗਰ ਵਰਗੇ ਗ੍ਰੰਥ ਸਰਸਾ ਦੇ ਭੇਟ ਹੋ ਗਏ ਸਨ।
ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਅਤੇ ਪੰਜਾਹ ਸਿੰਘ ਉਨਾਂ ਦੇ ਨਾਲ ਸਰਸਾ ਪਾਰ ਕਰ ਗਏ ਸਨ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੋ ਟਹਿਲਣਾਂ ਬੀਬੀ ਭਾਗੋ ਅਤੇ ਬੀਬੋ ਸਮੇਤ ਭਾਈ ਮਨੀ ਸਿੰਘ ਭਾਈ ਜਵਾਹਰ ਸਿੰਘ ਅਤੇ ਭਾਈ ਧੰਨਾ ਸਿੰਘ ਦੇ ਜੱਥੇ ਨਾਲ ਰੋਪੜ ਪਹੁੰਚ ਗਏ ਸਨ।
ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਪਿੱਛੇ ਰਹਿ ਗਏ ਸਨ। ਗੁਰੂ ਜੀ ਦੇ ਪਰਵਾਰ ਵਿਚੋਂ ਸਭ ਤੋਂ ਵਡੇਰੀ 85 ਸਾਲ ਦੀ ਮਾਤਾ ਆਪਣੇ 7 ਅਤੇ 9 ਸਾਲ ਦੇ ਪੋਤਿਆਂ ਸਮੇਤ ਸਰਸਾ ਪਾਰ ਕਰਨ ਤੋਂ ਅਸਮਰਥ ਸੀ। ਇਸ ਸਥਿਤੀ ਵਿਚ ਸਰਸਾ ਨਦੀ ਕਿਨਾਰੇ ਖੜੀ ਮਾਤਾ ਜੀ ਦੀ ਮਾਨਸਿਕ ਅਵਸਥਾ ਨੂੰ ਸ਼ਹੀਦਾਨਿ ਵਫ਼ਾ ਦੇ ਕਰਤਾ ਯੋਗੀ ਅੱਲਾ ਯਾਰ ਖਾਂ ਨੇ ਇਸ ਤਰਾਂ ਬਿਆਨ ਕੀਤਾ ਹੈ।
ਕਹਤੀ ਥੀਂ ਜੀ ਮੇਂ ਲੇ ਕੇ ਇਨੇ ਕਿਸ ਤਰਫ਼ ਕੋ ਜਾਊ
ਬੇਟੇ ਕੋ ਔਰ ਬਹੁਓਂ ਕੋ ਯਾਰਬ ਮੈਂ ਕੈਸੇ ਪਾਉਂ
ਲਖਤਿ-ਜਿਗਰ ਕੇ ਲਾਲ ਯਿਹ ਦੋਨੋ ਕਹਾਂ ਛੁਪਾਊਂ
ਤੁਰਕੋਂ ਸੇ, ਰਾਜਪੂਤੋਂ ਸੇ ਕਿਉਂ ਕਰ ਇਨੇਂ ਬਚਾਉੂਂ
ਮਾਤਾ ਜੀ ਨੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਖੱਚਰ ਉੱਤੇ ਬੈਠਾ ਕੇ ਵਾਂਗ ਖਿੱਚ ਕੇ ਸਰਸਾ ਨਦੀ ਦੇ ਵਹਿਣ ਦੇ ਨਾਲ ਨਾਲ ਕਿਨਾਰੇ ਕਿਨਾਰੇ ਤੁਰ ਪਈ। ਇਹ ਕੋਈ ਪਗਡੰਡੀ ਰਸਤਾ ਨਹੀਂ ਸੀ। ਉੱਚਾ-ਨੀਵਾਂ, ਟੋਏ-ਟਿੱਬੇ ਅਤੇ ਝਾੜ-ਝਾੜੀਆਂ ਵਾਲਾ ਸੰਘਣਾ ਜੰਗਲ ਸੀ। ਇਹ ਦੁਰਸ਼ਵਾਰੀਆਂ ਭਰਿਆ ਸਫਰ ਕਰਦਿਆਂ ਮਾਤਾ ਜੀ ਨੂੰ ਜਦੋਂ ਸਾਹਿਬਜ਼ਾਦੇ ਆਪਣੇ ਪਿਤਾ ਮਾਤਾਵਾਂ ਅਤੇ ਭਰਾਵਾਂ ਨੂੰ ਯਾਦ ਕਰਦੇ ਪੁੱਛਦੇ ਗੁਫਤਗੂ ਕਰਦੇ ਤਾਂ ਉਸਦਾ ਤ੍ਰਾਹ ਨਿਕਲ ਜਾਂਦਾ। ਯੋਗੀ ਅੱਲਾ ਯਾਰ ਖਾਂ ਨੇ ਇਉਂ ਕਲਮਬੰਦ ਕੀਤਾ ਹੈ :-

ਇਸ ਤਰਾਂ ਦੀ ਗੁ ਬੱਚੋਂ ਕੀ ਗੁਫਤਗੂ ਜੋ ਸੁਨੀ ਦਾਦੀ ਜਾਨ ਨੇ,
ਬੇਇਖਤਿਯਾਰ ਰੋ ਦਿਯਾ ਇਸ ਵਾਲਾ ਸ਼ਾਨ ਨੇ।
ਫਤਗੂ ਸੁਣ ਕੇ ਪੋਤਿਆਂ ਨੂੰ ਝੂਠੀਆਂ ਤਸੱਲੀਆਂ ਦਿੰਦੀ, ਪੱਥਰਾਂ-ਝਾੜੀਆਂ ਵਿੱਚੋਂ ਰਾਹ ਬਣਾਉਂਦੀ ਉਹ ਉੱਥੇ ਪਹੁੰਚ ਗਈ, ਜਿੱਥੇ ਸਰਸਾ ਨਦੀ ਸਤਲੁਜ ਵਿੱਚ ਮਿਲ ਗਈ ਸੀ। ਸ਼ਾਮ ਹੋ ਗਈ ਸੀ। ਸਰਸਾ ਨਦੀ ਦੇ ਪਾਣੀ ਵਾਂਗ ਹੀ ਜਿਵੇਂ ਸੁੂਰਜ ਸਤਲੁਜ ਵਿੱਚ ਡੁੱਬ ਗਿਆ ਸੀ। ਉਸਦੀਆਂ ਲਹਿਰਾਂ ਤੇ ਲਾਲੀ ਝਲਕਦੀ ਸੀ। ਦੋਵੇਂ ਪਾਸੇ ਨਜ਼ਰ ਦੀ ਸੀਮਾ ਤੀਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਜੰਗਲ ਵਿੱਚੋਂ ਜਾਨਵਰਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ। ਕੋਈ ਆਦਮ ਜਾਤ ਨਜ਼ਰ ਨਹੀਂ ਸੀ ਆਉਂਦੀ। ਸਮੇਂ ਦੇ ਗੇੜ ਵਿੱਚ ਪਿਸ ਰਹੀ ਆਤਮਾ ਦੀ ਅਵਾਜ਼ ਪੇਸ਼ ਹੈ :-
ਬੱਚੋਂ ਕਾ ਸਾਥ ਰਾਹ ਕਠਨ ਸਰ ਪ: ਸ਼ਾਮ ਹੈ
ਸੁਨਸਾਨ ਦਸਤ ਚਾਰਸੂ ਹੂ ਕਾ ਮਕਾਮ ਹੈ
ਹੋਤਾ ਕਹਾਂ ਪ: ਦੇਖੀਏ ਸ਼ਬ ਕੋ ਕਯਾਮ ਹੈ।
ਮਾਤਾ ਗੁਜਰੀ ਨੇ ਦੇਖਿਆ ਸਰਕੜੇ ਦੇ ਝੁੰਡ ਵਿੱਚੋਂ ਇੱਕ ਬੰਦਾ ਨਿਕਲ ਆਇਆ। ਇਸ ਬੰਦੇ ਨੇ ਆਉਂਦੇ ਸਾਰ ਮਾਤਾ ਜੀ ਦੇ ਚਰਨੀ ਹੱਥ ਲਾਏ। ਇਹ ਕੁੰਮਾ ਮਲਾਹ ਸੀ। ਇਹ ਚੱਕ ਢੇਰਾ ਪੱਤਣ ਤੇ ਰਹਿੰਦਾ ਸੀ। ਸ੍ਰੀ ਅਨੰਦਪੁਰ ਨੂੰ ਜਾਣ ਆਉਣ ਵਾਲੇ ਮੁਸਾਫਰ ਇਸਦੀ ਬੇੜੀ ਤੋਂ ਹੀ ਦਰਿਆ ਨੂੰ ਪਾਰ ਕਰਦੇ ਸਨ। ਇਸਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੁਰਕਾਂ ਅਤੇ ਗੁਰੂ ਜੀ ਦੇ ਵਿਚਕਾਰ ਹੋ ਰਹੀ ਜੰਗ ਦੀ ਖਬਰ ਬੇੜੀ ਤੇ ਸਤਲੁਜ ਪਾਰ ਕਰਨ ਵਾਲਿਆਂ ਕੋਲੋਂ ਮਿਲਦੀ ਰਹਿੰਦੀ ਸੀ।
ਭਾਈ ਸੰਤੋਖ ਸਿੰਘ ਜੀ ਆਪਣੀ ਲਿਖਤ ਵਿੱਚ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਕੁੰਮੇ ਮਾਸ਼ਕੀ ਕੋਲ ਰਾਤ ਕੱਟਣ ਦੀ ਪੁਸ਼ਟੀ ਕਰਦੇ ਹਨ:-
ਸ੍ਰੀ ਗੁਜਰੀ ਵਿੱਚ ਸਯੰਦਨ ਕੇ ਜੁਗ ਨੰਦਨ ਕੇ ਨੰਦ ਸੰਗ ਚਢਾਈ।
ਤਾਹਿ ਸੁਭਾਖ ਕਰੀਂ ਸਮਝਾਵਨ ਲੈ ਅਗਵਾਨ ਚਲੋ ਸਹਾਈ
ਏਕ ਦੂ ਰਾਤ ਕਹੂੰ ਬਸਿਕੈ ਤਟ ”ਸਦੋ੍ਰਵ” ਕੇ ਗਮਨੌ ਪਿਖ ਥਾਈ
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਪੰਨਾ : 4868 ਭਾਸ਼ਾ ਵਿਭਾਗ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਭ ਤੋਂ ਪਹਿਲਾਂ ਭਾਈ ਦੁੱਨਾਂ ਸਿੰਘ ਹੰਡੂਰੀਆ ਨੇ ਕਵਿਤਾ ਦੁਆਰਾ 18ਵੀਂ ਸਦੀ ਵਿੱਚ ਅੰਕਿਤ ਕੀਤਾ ਹੈ। ਉਸਨੇ ਜਿਵੇਂ ਸਾਰੀਆਂ ਘਟਨਾਵਾਂ ਨੂੰ ਚਸ਼ਮਦੀਦ ਗਵਾਹ ਵਾਂਗ ਬਿਆਨ ਕੀਤਾ ਹੈ। ਹੰਡੂਰੀਆ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਗੁਰੂ ਜੀ ਦੇ ਪਰਿਵਾਰ ਨਾਲ ਚੱਲੇ ਸਨ।
ਹੰਡੂਰੀਆ ਜੀ ਸਾਕਾ ਸਰਹੰਦ ਦਾ ਭਾਣਾ ਬੀਤਣ ਸਮੇਂ ਪਿੰਡ ਹਰਗਣਾ (ਨੇੜੇ ਸਰਹੰਦ) ਵਿੱਚ ਰਹਿੰਦੇ ਸਨ। ਉਸ ਤੋਂ ਬਾਅਦ ਇਹ ਸੰਘੋਲ ਵਸ ਗਏ। ਏਥੇ ਰਹਿ ਕੇ ਹੀ ਇਨਾਂ ਨੇ ਕਥਾ ਗੁਰੂ ਕੇ ਸੁਤਨ ਕੀ ਪ੍ਰਸੰਗ ਲਿਖਿਆ ਜਿਸਨੂੰ ਇਨਾਂ ਨੇ 1764 ਈ: ਵਿੱਚ ਪ੍ਰਕਾਸ਼ਤ ਕੀਤਾ ਸੀ। ਇਨਾਂ ਦੇ ਖਾਨਦਾਨ ਵਿੱਚੋਂ ਹੁਣ ਤੱਕ ਇਨਾਂ ਦੇ ਸਪੁੱਤਰ ਭਗਵਾਨ ਸਿੰਘ, ਠਾਕੁਰ ਸਿੰਘ, ਸੋਹਣਾ ਸਿੰਘ, ਪਿਸ਼ੌਰਾ ਸਿੰਘ, ਲਹਿਣਾ ਸਿੰਘ, ਵਜੀਰ ਸਿੰਘ ਅਤੇ ਰੁਪਿੰਦਰਜੀਤ ਸਿੰਘ ਦੇ ਸਪੁੱਤਰ ਰਮਨਜੀਤ ਸਿੰਘ ਆਦਿ ਤੀਕ ਸੱਤ ਪੀੜੀਆਂ ਵਿੱਚੋਂ ਇੱਕੋ-ਇੱਕ ਸਪੁੱਤਰ ਦਾ ਜਨਮ ਹੁੰਦਾ ਰਿਹਾ ਹੈ। ਜਿਹੜੇ ਦੁੰਨਾ ਸਿੰਘ ਹੰਡੂਰੀਆ ਜੀ ਦੇ ਰੌਸ਼ਨ ਚਰਾਗ ਹਨ। ਹੰਡੂਰੀਆ ਜੀ ਇਸ ਪ੍ਰਸੰਗ ਵਿੱਚ ਲਿਖਦੇ ਹਨ:-
ਜੋ ਜੋ ਬੀਤੀ ਕਹਤ ਹੋ, ਗੁਰੂ ਚਰਨਨ ਧਰਿ ਧਿਆਨ
ਮੈਂ ਬਾਲਕ ਲਘੁ ਸਤਿ ਸੁ ਮਮ, ਕਥਾ ਰਚੀ ਸੋ ਜਾਨ
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਬਿਜ਼ਾਦਿਆਂ ਨੇ ਕੁੰਮਾ ਮਲਾਹ ਦੀ ਕੁੱਲੀ ਵਿੱਚ 21 ਦਸੰਬਰ 1704 ਨੂੰ ਰਾਤ ਗੁਜਾਰੀ ਸੀ। ਉੁਸ ਘਟਨਾ ਨੂੰ ਕਵੀ ਹੰਡੂਰੀਆ ਇਸ ਤਰਾਂ ਬਿਆਨ ਕਰਦਾ ਹੈ।
ਇੱਕ ਸੱਕਾ ਹਿੰਦੂ ਤਹਿ ਆਹੀ
ਤੁਰਕ ਜੋਰ ਤਿਹ ਜਨਮ ਵਟਾਹੀ
ਕੁੰਮੇ ਤੇ ਕੀਮਾ ਤਹਿ ਕੀਨਾ
ਤਿਸਹੀ ਕੈ ਗ੍ਰਿਹ ਬਾਸਾ ਲੀਨਾ
ਤਹਾਂ ਏਕ ਬ੍ਰਾਹਮਨੀ ਰਹੈ। ‘ਲੱਛਮੀ ਨਾਮ ਤਾਸ ਜਗ ਕਹੈ।
ਵਾਹਿ ਪ੍ਰਸਦ ਕਰਿ ਹਮੇਂ ਜਿਵਾਵੈਂ
ਤਿਸ ਕੇ ਗ੍ਰਹਿ ਮੈਂ ਆਪ ਲਯਾਵੈ।
ਕੁੰਮਾ ਮਲਾਹ ਪਹਿਲਾਂ ਹਿੰਦੂ ਸੀ, ਉਸਦਾ ਨਾਉਂ ਕਰਮੂ ਸੀ। ਉਸਨੂੰ ਜੋਰ ਜਬਰਦਸਤੀ ਨਾਲ ਤੁਰਕਾਂ ਨੇ ਮੁਸਲਮਾਨ ਬਣਾਇਆ ਸੀ। ਉਸਦਾ ਨਾਂ ਬਦਲ ਕੇ ਕਰੀਮ ਬਖਸ਼ ਰੱਖ ਦਿੱਤਾ ਸੀ। ਉਸ ਗਰੀਬ ਨੂੰ ਲੋਕ ਕੁੰਮਾ ਕਹਿ ਕੇ ਬੁਲਾਉਂਦੇ ਸਨ। ਉਸਦੀ ਕੁੱਲੀ ਸਤਲੁਜ ਦਰਿਆ ਦੇ ਨਾਲ ਹੀ ਸੀ ਅਤੇ ਉਸਦੇ ਨੇੜੇ ਹੀ ਪਿੰਡ ਵਿੱਚ ਲੱਛਮੀ ਨਾਂ ਦੀ ਧਰਮਾਤਮਾ ਬ੍ਰਾਹਮਣੀ ਰਹਿੰਦੀ ਸੀ। ਕੁੰਮਾ ਉਸਦੇ ਘਰ ਤੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਵਾਸਤੇ ਪ੍ਰਸ਼ਾਦੇ ਲੈ ਕੇ ਆਇਆ ਸੀ। ਲੱਛਮੀ ਨੇ ਉਸ ਦੇ ਹੱਥ ਉਨਾਂ ਵਾਸਤੇ ਗਰਮ ਕੱਪੜਾ ਵੀ ਭੇਜ ਦਿੱਤਾ ਸੀ। ਦੂਜੇ ਦਿਨ ਸਵੇਰੇ ਹੀ ਉਹ ਆਪ ਰੋਟੀ ਲੈ ਕੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਵਿੱਚ ਪਹੁੰਚ ਗਈ ਸੀ। ਉਨਾਂ ਦੇ ਚਰਨ ਪਰਸ ਕੇ ਧੰਨ ਹੋ ਗਈ ਸੀ। ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਸੀ। ਮਾਤਾ ਜੀ ਉਸਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਆਰਸੀ ਦਿੱਤੀ, ਜਿਸ ਦੀ ਕੀਮਤ ਦੋ ਮੋਹਰ ਦੇ ਬਰਾਬਰ ਸੀ ਅਤੇ ਪੰਜ ਚੂੜੀਆਂ ਦਿੱਤੀਆਂ ਸਨ। ਕੀਮਾ ਮਲਾਹ ਨੂੰ ਪੰਜ ਰੁਪਏ ਦਿੱਤੇ ਸਨ । ਉਸਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਲੈ ਲਏ ਸਨ। ਭਾਈ ਦੁਨਾ ਸਿੰਘ ਹੰਡੂਰੀਆ ਇਸ ਦ੍ਰਿਸ਼ ਨੂੰ ਆਪਣੀ ਕਾਵਿ ਸ਼ੈਲੀ ਵਿੱਚ ਜਿਵੇਂ ਬਿਆਨ ਕਰਦਾ ਹੈ। ਕਾਵਿ ਵੰਨਗੀ ਵੇਖੋ :
ਦੁਇ ਮੋਹਰ ਕੀ ਆਰਸੀ, ਪੰਚ ਚੂੜੀਆਂ ਸਾਥ
ਤਿਸੀ ਬ੍ਰਾਹਮਨੀ ਕੋ ਦਈ, ਜੋ ਪ੍ਰਸਾਦ ਵਹ ਖਾਤ।
ਰਪਯਾ ਪਾਂਚ ਸੈ ਤਿਸ ਦਯੋ ‘ਕੀਮਾ’ ਨਾਮ ਜੁ ਆਹਿ।
ਤਿਨਹੁ ਜੁ ਮਸਤਕ ਟੇਕ ਕੈ ਲੀਨਾ ਤਬਹਿ ਉਠਾਹਿੰ
ਇਸ ਤੋਂ ਅੱਗੇ ਕਵੀ ਭਾਈ ਹੰਡੂਰੀਆ ਜੀ ਸਹੇੜੀ ਦੇ ਰਹਿਣ ਵਾਲੇ ਮਸੰਦ ਦਰਬਾਰੀ ਤੇ ਧੂਮਾ ਦੀ ਕਥਾ ਬਿਆਨ ਕਰਦੇ ਹਨ :-
ਅਬੈ ਇਕ ਕਥਾ ਅਵਰ ਜਨਾਊ। ਜੋ ਜੋ ਬੀਤੀ ਸਭੈ ਸਨਾਊਂ
ਦੋਇ ਮਸੰਦ ਸਹੇੜੀ ਰਹੈ। ਇੱਕ ਦਰਬਾਰੀ ਧੂਮਾ ਕਹੈਂ।
ਇਨਾਂ ਮਸੰਦਾਂ ਨੂੰ ਇਹ ਕਨਸੋ ਮਿਲ ਗਈ ਸੀ ਕਿ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਨਾਲੋਂ ਵਿਛੜ ਕੇ ਕਿਸੇ ਮਲਾਹ ਪਾਸ ਠਹਿਰੇ ਹੋਏ ਹਨ। ਉਨਾਂ ਦੀ ਭਾਲ ਕਰਦੇ ਕੁੰਮਾ ਮਾਸ਼ਕੀ ਕੋਲ ਪਹੁੰਚ ਗਏ। ਉਨਾਂ ਨੇ ਕੁੰਮੇ ਤੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਨਾਉਂ ਪੁੱਛੇ। ਮਲਾਹ ਨੇ ਕਿਹਾ ਕਿ ਤੁਸੀਂ ਉਨਾਂ ਦੇ ਨਾਉਂ ਕਿਉਂ ਪੁੱਛਦੇ ਹੋ :-
ਤਉ ਸੱਕੇ ਯਹ ਬਾਤ ਚਲਾਈ, ਤੁਮ ਕਿਮ ਪੂਛਤ ਬਾਤ ਜਨਾਈ
ਤਨਹਿ ਕਹਯੋ ਹਮ ਉਨਕੇ ਦਾਸਹ। ਮਸੰਦ ਨਾਮ ਜਗ ਮਹੇ ਬਾਸਾ
ਇਹ ਸੁਣਕੇ ਕੁੰਮੇ ਨੂੰ ਤਸੱਲੀ ਹੋ ਗਈ ਕਿ ਇਸ ਦੁੱਖ ਦੀ ਘੜੀ ਉਨਾਂ ਦੀ ਮੱਦਦ ਕਰਨ ਵਾਲੇ ਹਨ ਇਸ ਲਈ ਉਨਾਂ ਨੂੰ ਝੌਪੜੀ ਵਿੱਚ ਮਾਤਾ ਜੀ ਕੋਲ ਲੈ ਗਿਆ। ਉਨਾਂ ਨੇ ਮਾਤਾ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਹ ਤਸੱਲੀ ਕਰਵਾ ਦਿੱਤੀ ਕਿ ਅਸੀਂ ਗੁਰੂ ਪਰਿਵਾਰ ਦੇ ਸੇਵਕ ਹਾਂ। ਉਨਾਂ ਨੇ ਕੁੰਮਾ ਮਲਾਹ ਅਤੇ ਲੱਛਮੀ ਨੂੰ ਖੁਰਜੀ ਵਿੱਚੋਂ ਕੱਢ ਕੇ ਜੋ ਕੁਝ ਦਿੱਤਾ ਸੀ, ਉਹ ਦੇਖ ਕੇ ਉਨਾਂ ਦਾ ਪਾਪੀ ਮਨ ਡੋਲ ਗਿਆ ਸੀ। ਕੁੰਮੇ ਮਲਾਹ ਨੇ ਉਨਾਂ ਸਾਰਿਆਂ ਨੂੰ ਬੇੜੀ ਉੱਤੇ ਬੈਠਾ ਕੇ ਚੱਕ ਢੇਰੇ ਪੱਤਣ ਉੱਤੇ ਉਤਾਰ ਦਿੱਤਾ ਸੀ। ਮਾਤਾ ਜੀ ਰੋਪੜ ਨਿਹੰਗ ਖਾਂ ਦੇ ਘਰ ਰੋਪੜ ਜਾਣਾ ਚਾਹੁੰਦੇ ਸਨ। ਉਹ ਇਸ ਇਲਾਕੇ ਵਿੱਚ ਸਰਕਾਰੇ ਦਰਬਾਰੇ ਮੰਨੇ ਪ੍ਰਮੰਨੇ ਰਸੂਖ ਵਾਲੇ ਗੁਰੂ ਸਾਹਿਬ ਦੇ ਪਰਿਵਾਰ ਦੇ ਸਨੇਹੀ ਸਨ। ਮਸੰਦਾਂ ਨੇ ਮਾਤਾ ਜੀ ਨੂੰ ਰੋਪੜ ਵੱਲ ਜਾਣ ਤੋਂ ਜਿਵੇਂ ਰੋਕਿਆ ਪੇਸ਼ ਹੈ:-
ਦੁੁਸ਼ਟ ਚਿੱਤ ਭਰਮਾਇ, ਮਾਤਾ ਜੀ ਕੋ ਇਸ ਕਹੈ
ਤੁਰਕ ਜੋ ਉਤਰੇ ਆਇ, ਰੋਪੜ ਤੀਰ ਜੁ ਯਹ ਸੁਨੀ।
ਉਨਾਂ ਨੇ ਮਾਤਾ ਜੀ ਨੂੰ ਰੋਪੜ ਵਿਚ ਤੁਰਕਾਂ ਦੇ ਆਉਣ ਦੀ ਖ਼ਬਰ ਸੁਣਾ ਕੇ ਨਿੰਹਗ ਖਾਂ ਨੂੰ ਮਿਲਣ ਤੋਂ ਰੋਕ ਦਿੱਤਾ ਕਿਉਂਕਿ ਉੱਥੇ ਪਹੁੰਚਣ ਨਾਲ ਉਨਾਂ ਦੀ ਮੋਹਰਾਂ ਵਾਲੀ ਖੁਰਜੀ ਚੁਰਾਉਣ ਦੀ ਯੋਜਨਾ ਠੁੱਸ ਹੋ ਜਾਣੀ ਸੀ। ਮਾਤਾ ਜੀ ਉਨਾਂ ਨਾਲ ਸਹਿਮਤ ਹੋ ਗਏ:-
ਤਬ ਮਾਤਾ ਬਿਲਖੀ ਭਈ, ਜਿਉਂ ਜਾਨਉਂ ਤਿਉਂ ਕੀਨ।
ਤਬ ਦੁਸ਼ਟਾਤਮ ਯਹ ਕਹੀ,
ਮਸੰਦਾਂ ਨੇ ਕਿਹਾ ਕਿ ਤੁਸੀਂ ਸਾਡੇ ਘਰ ਸਹੇੜੀ ਚੱਲੋ। ਚੱਕ ਢੇਰਾ ਤੋਂ ਕਾਈਨੌਰ 27 ਕਿਲੋ ਮੀਟਰ ਹੈ। ਏਥੇ ਪਹੁੰਚਣ ਤੱਕ ਹਨੇਰਾ ਹੋ ਗਿਆ ਸੀ। ਮਸੰਦ ਦਾ ਪਿੰਡ ਸਹੇੜੀ ਏਥੋਂ ਦੋ ਕਿਲੋਮੀਟਰ ਹੈ ਪਰ ਉਹ ਆਪਣੇ ਘਰ ਸਰਕਾਰ ਦੇ ਬਾਗੀ ਪਰਿਵਾਰ ਦੇ ਜੀਆਂ ਨੂੰ ਪਨਾਹ ਦੇਣ ਤੋਂ ਝਿਜਕਦਾ ਸੀ। ਉਸਦਾ ਇਰਾਦਾ ਇਹ ਸੀ ਕਿ ਜਦੋਂ ਮਾਤਾ ਜੀ ਥੱਕ ਹਾਰ ਕੇ ਸੌਂ ਜਾਣਗੇ ਉਹ ਖੁਰਜੀ ਖਿਸਕਾ ਲਵੇਗਾ। ਇਸ ਲਈ ਉਨਾਂ ਨੂੰ ਇਕ ਤਲਾਅ ਦੇ ਕਿਨਾਰੇ ਬੈਠਾ ਕੇ ਆਪਦੇ ਘਰੋਂ ਰੋਟੀ ਲੈਣ ਤੁਰ ਗਿਆ। ਮਾਤਾ ਜੀ ਨੇ ਕਹਿਰ ਦੀ ਸਰਦੀ ਵਿੱਚ ਲੱਛਮੀ ਵੱਲੋਂ ਦਿੱਤੇ ਕੰਬਲ ਨੂੰ ਅੱਧਾ ਹੇਠ ਵਿਛਾਅ ਲਿਆ ਅਤੇ ਅੱਧਾ ਪੋਤਿਆਂ ਉੱਤੇ ਪਾ ਕੇ ਬੈਠ ਗਈ ਸੀ। ਇਹ ਕਹਿਰ ਦੀ ਰਾਤ ਉਨਾਂ ਨੇ ਅਸਮਾਨ ਦੀ ਖੁੱਲੀ ਛੱਤ ਹੇਠ ਬੈਠ ਕੇ ਗੁਜ਼ਾਰ ਦਿੱਤੀ ਸੀ। ਪਰਵਾਰ ਨਾਲੋਂ ਵਿਛੜ ਕੇ ਅੱਠ ਪੋਹ 22 ਦਸੰਬਰ 1704 ਦੀ ਦੂਜੀ ਰਾਤ ਸੀ। ਇਸ ਅਸਥਾਨ ਦੀ ਖੋਜ ‘ਪੋਹ ਦੀਆਂ ਰਾਤਾਂ’ ਪੁਸਤਕ ਦੇ ਕਰਤਾ ਭਾਈ ਸੁਰਿੰਦਰ ਸਿੰਘ ਖਾਲਸਾ ਨੇ ਏਥੇ ਰਾਤਾਂ ਗੁਜਾਰ ਕੇ ਪਿੰਡ ਦੇ ਸਿਆਣੇ ਪੁਰਸ਼ਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਕੀਤੀ ਹੈ। ਇਸ ਖੋਜ ਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਨੇ ਹੇਠ ਲਿਖੀਆ ਪੰਕਤੀਆਂ ਵਿਚ ਕੀਤੀ ਹੈ:-
ਜ਼ੋਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ।
ਕਾਈਨੌਰ ਕੇ ਤਲ ਕੇ ਵਸੇ ਏਕ ਪੁਰ ਰਾਤ
ਹਵਾਲਾ:- ਸਿੰਘ ਸਾਗਰ-ਭਾਈ ਵੀਰ ਸਿੰਘ ਬਲ- ਪੰਨਾ 124 (ਪੰ:ਯੂ: ਪੁਟਿਆਲਾ) 23 ਦਸੰਬਰ 1704 ਨੂੰ ਕਾਈਨੌਰ ਦੇ ਉਸ ਤਲਾਅ ਤੇ ਮਾਤਾ ਗੁਜਰ ਕੌਰ ਜੀ ਨੇ ਹੱਥ ਮੂੰਹ ਧੋ ਕੇ ਅੰਮ੍ਰਿਤ ਵੇਲੇ ਨਿੱਤ ਨੇਮ ਵਿਚ ਲੀਨ ਬੈਠੀ ਸੀ। ਸਾਹਿਬਜ਼ਾਦੇ ਸੱਥਰ ਤੇ ਕੰਬਲ ਵਿਚ ਲਿਪਟੇ ਪਏ ਸਨ। ਗੁਰੂ ਘਰ ਦਾ ਸੇਵਕ ਅਖਵਾਉਣ ਵਾਲਾ ਮਸੰਦ ਸੁੱਤਾ ਪਿਆ ਇਸ ਤਰਾਂ ਜਾਪਦਾ ਸੀ ਜਿਵੇਂ ਉਹ ਸਾਰੀ ਰਾਤ ਮਾਤਾ ਜੀ ਨੂੰ ਸੁੱਤਿਆਂ ਦੇਖਣ ਲਈ ਖੁਰਜੀ ਚੋਰੀ ਕਰਨ ਦੀ ਤਾਂਘ ਵਿਚ ਜਾਗਦਾ ਰਿਹਾ ਸੀ। ਜਦੋਂ ਉਸ ਦੀ ਅੱਖ ਖੁੁੱਲੀ ਉਸ ਵੇਲੇ ਜੰਗਲ ਦੇ ਪੰਛੀ ਚੋਗਾ ਚੁਗਣ ਲਈ ਆਲਣੇ ਵਿਚੋਂ ਉਡਾਰੀ ਮਾਰ ਗਏ ਸਨ। ਉਹ ਉੱਠਦੇ ਸਾਰ ਉਨਾਂ ਨੂੰ ਸੰਘਣੇ ਝਾੜ ਝੁੰਡਾ ਦੇ ਜੰਗਲ ਵਿੱਚ ਲੈ ਗਿਆ ਜੋ ਉਸਦੇ ਪਿੰਡ ਦੇ ਨੇੜੇ ਹੀ ਸੀ। ਉਹ ਆਪਣੇ ਘਰ ਗਿਆ ਸ਼ਾਮ ਤੱਕ ਮੁੜ ਕੇ ਹੀ ਨਹੀਂ ਆਇਆ। ਜਦੋਂ ਹਨੇਰਾ ਹੋ ਗਿਆ ਮਾਤਾ ਜੀ ਪੋਤਿਆ ਨੂੰ ਲੈ ਕੇ ਇਕ ਝੋਪੜੀ ਵਿਚ ਪਹੁੰਚ ਗਈ। ਕੁੱਝ ਸਮੇਂ ਪਿੱਛੋਂ ਉੱਥੇ ਇਕ ਸੰਤ ਸੁਭਾਅ ਰੱਬੀ ਬੰਦੇ ਨੇ ਪੁੱਛਿਆ ”ਤੁਸੀਂ ਏਥੇ ਕਿਉਂ ਆਏ ਹੋ?” ਮਾਤਾ ਜੀ ਨੇ ਕਿਹਾ ”ਐਮਾ।” ਉਸ ਅਸਥਾਨ ਤੇ ਗੁਰਦੁਆਰਾ ਐਮਾ ਸਾਹਿਬ ਸਹੇੜੀ ਪਿੰਡ ਦੇ ਦੱਖਣ ਵੱਲ ਸੁਸ਼ੋਭਿਤ ਹੈ। ਏਥੋਂ ਹੀ ਉਹ ਮਸੰਦ ਉਨਾਂ ਨੂੰ ਉਸ ਰਾਤ ਆਪਣੇ ਘਰ ਲੈ ਕੇ ਗਿਆ ਸੀ। ਸਾਹਿਬਜਾਦਿਆਂ ਨਾਲ ਉਸਦੀ ਕੋਠੜੀ ਵਿਚ ਪਈ ਮਾਤਾ ਗੁਜਰ ਕੌਰ ਦੇ ਸਰਾਣੇ ਤੋਂ ਮੋਹਰਾਂ ਵਾਲੀ ਖੁਰਜੀ ਚੁੱਕ ਕੇ ਲੈ ਗਿਆ ਸੀ। ਆਪੇ ਹੀ ਚੋਰ-ਚੋਰ ਦਾ ਰੋਲਾ ਪਾ ਰਿਹਾ ਸੀ। ਮਾਤਾ ਜੀ ਨੇ ਕਿਹਾ ਕਿ ਰੌਲਾ ਨਾ ਪਾ। ਉਹ ਟਲਿਆ ਨਾ। ਉਸਦੇ ਹੱਥ ਮੋਹਰਾਂ ਵਾਲੀ ਖੁਰਜੀ ਲੱਗ ਗਈ ਸੀ। ਹੁਣ ਉਹ ਸਰਕਾਰ ਦੇ ਉਹਨਾਂ ਬਾਗੀਆਂ ਨੂੰ ਫੜਾ ਕੇ ਸਰਹੰਦ ਦੇ ਸੂਬੇਦਾਰ ਤੋਂ ਇਨਾਮ ਲੈਣਾ ਚਾਹੁੰਦਾ ਸੀ।
ਭਾਈ ਹੰਡੂਰੀਆਂ ਜੀ ਉਸ ਮਸੰਦ ਦੀ ਹੱਦ ਦਰਜੇ ਦੀ ਮਾੜੀ ਹਰਕਤ ਗਰਦਾਨ ਕੇ ਲਿਖਿਆ ਹੈ ਜਿਸ ਨੇ ਮਾਤਾ ਜੀ ਦੀ ਇਕ ਨਹੀਂ ਸੁਣੀ:-
ਜਬ ਬਾਤ ਕਹੀ ਮਾਇ, ਤਬੈ ਕਾਢ ਘਰ ਕੇ ਦਏ
ਲੀਨੇ ਤਖ਼ਤ ਅੜਾਇ, ਕੋਊ ਵੜਨ ਨ ਦੇਵਹੀ।
ਜਦ ਮਾਤਾ ਜੀ ਨੇ ਹਲੀਮੀ ਨਾਲ ਉਜਰ ਕੀਤਾ ਤਾਂ ਉਨਾਂ ਨੂੰ ਘਰ ਤੋਂ ਬਾਹਰ ਕੱਢ ਕੇ ਬੂਹਾ ਬੰਦ ਕਰ ਲਿਆ। ਇਸ ਦੇ ਨਾਲ ਹੀ ਉਸਨੇ ਇਹ ਮੰਦੇ ਬੋਲ ਵੀ ਕਹਿ ਸੁਣਾਏ ਕਿ ਪਹਿਲਾਂ ਅਸੀਂ ਗੁਰਸਿੱਖ ਤੁਹਾਨੂੰ ਮੱਥਾ ਟੇਕਦੇ ਸੀ ਹੁਣ ਤੁਸੀਂ ਸਾਨੂੰ ਸਹਾਇਤਾ ਕਰਨ ਲਈ ਮੱਥਾ ਟੇਕਦੇ ਹੋ।
ਮਾਤਾ ਜੀ ਨੇ ਤੀਜੀ ਰਾਤ ਸਹੇੜੀ ਪਿੰਡ ਵਿੱਚ ਪਾਪੀ ਮਸੰਦ ਦੇ ਘਰ 23 ਦਸੰਬਰ 1704 ਨੂੰ ਗਜਾਰੀ ਸੀ, ਜਿੱਥੇ ਉਸਨੇ ਮੋਹਰਾਂ ਵਾਲੀ ਖੁਰਜੀ ਚੋਰੀ ਕਰਕੇ ਚੋਰ ਚੋਰ ਦਾ ਰੌਲਾ ਪਾਇਆ ਸੀ।
ਏਥੇ ਹੀ ਬਸ ਨਹੀਂ ਉਸ ਪਾਪੀ ਨੇ ਉਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਉਹ ਕਿੱਕਰ ਦੇ ਹੇਠ ਬੈਠ ਗਏ। ਮਹਿਲ ਮਾੜੀਆਂ ਦੇ ਮਾਲਕਾਂ ਨੂੰ ਜਿਵੇਂ ਪੂਰਬ ਸਮੇਂ ਦੇ ਕਰਮਾਂ ਦਾ ਫਲ ਸੀ। ਹੰਡੂਰੀਆ ਜੀ ਦੀ ਕਾਵਿ ਪੰਕਤੀ ਪੇਸ਼ ਹੈ:-
ਨਗਰਹੁੰ ਕਾਢਿ ਬਾਹਰ ਤਹਿ ਦਏ। ਜਾ ਕੀਕਰ ਕੇ ਹੇਠ ਜੁ ਬਹੇ।
ਮਹਲ ਮਾੜੀਆਂ ਛੋਡਿ ਸਿਧਾਏ। ਪੂਰਬ ਕਰਮ ਹਮ ਆਏ।
ਲਾਲਚ ਨੇ ਉਸਨੂੰ ਅੰਨਾ ਕਰ ਦਿੱਤਾ ਸੀ। ਉਸਨੇ ਮੁਰਿੰਡੇ ਥਾਣੇ ਵਿਚ ਜਾ ਕੇ ਖ਼ਬਰ ਕਰ ਦਿੱਤੀ। ਪਠਾਣ ਥਾਣੇਦਾਰ ਨੇ ਆ ਕੇ ਮਾਤਾ ਜੀ ਨੂੰ ਇਓਂ ਪੁੱਛਿਆ:-
ਤੂੰ ਹੈ ਕਵਨ ਏਹ ਕਾਂਕੇ ਤਾਤਾ। ਸਾਚ ਕਹੋ ਤੁਮ ਹਮ ਸੋਂ ਬਾਤਾ।
ਮਾਤਾ ਜੀ ਵੱਲੋਂ ਜੋ ਉੱਤਰ ਦਿੱਤਾ ਗਿਆ ਉਸਨੂੰ ਭਾਈ ਹੰਡੂਰੀਆ ਨੇ ਕਾਵਿ ਪੰਕਤੀ ਵਿਚ ਇਸ ਤਰਾਂ ਅੰਕਤ ਕੀਤਾ ਹੈ:-
”ਮੈਂ ਜੁ ਧੀਵਰੀ ਸੁਤ ਯਹ ਮੇਰੇ।”
ਮਾਤਾ ਜੀ ਨੇ ਕਿਹਾ ਕਿ ਝੀਵਰੀ ਹਾਂ ਇਹ ਮੇਰੇ ਪੁੱਤਰ ਹਨ। ਤਾਂ ਉਨਾਂ ਨੇ ਕਿਹਾ ਤੁਸੀਂ ਝੂਠ ਬੋਲਦੇ ਹੋ।
ਉਸ ਵੇਲੇ ਮਸੰਦ ਨੇ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਅਤੇ ਦੋਵੇਂ ਉਨਾਂ ਦੇ ਪੁੱਤਰ ਤੁਹਾਡੇ ਚੋਰ ਢੋਰ ਹਨ। ਕਾਵਿ ਵੰਨਗੀ ਪੜੋ:-
ਤਬ ਮਸੰਦ ਐਸੇ ਫੁਨ ਕਹੈ। ਗੋਬਿੰਦ ਸਿੰਘ ਇਹ ਮਾਤਾ ਅਹੈ।
ਦੁਇ ਸੁਤ ਹੈ ਯੇ ਤਿਨ ਕੇ ਮਾਨਹੁ। ਚੋਰ ਢੋਰ ਤੁਮਰੇ ਯਹ ਜਾਨਹੁ।
ਭਾਈ ਹੰਡੂਰੀਆਂ ਜੀ ਲਿਖਦੇ ਹਨ ਕਿ ਮੁਰਿੰਡੇ ਥਾਣੇ ਤੋਂ ਆਏ ਪਠਾਣਾਂ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਇਕ ਬੋਰੀ ਵਿਚ ਪਾ ਕੇ ਘੋੜੇ ਉੱਤੇ ਮਸ਼ਕ ਵਾਂਗ ਲੱਦ ਲਏ। ਮਾਤਾ ਗੁਜਰ ਕੌਰ ਜੀ ਦੇ ਮੂੰਹ ਉੱਤੇ ਉਹ ਤੋਬਰ ਚੜਾ ਦਿੱਤਾ ਜਿਸ ਵਿਚੋਂ ਘੋੜਾ ਖੁਰਾਕ ਖਾਂਦਾ ਹੈ। ਉਸ ਵਿਚ ਉਨਾਂ ਨੇ ਮਿਰਚਾਂ ਪਾਈਆਂ ਸਨ। ਇਸ ਤਰਾਂ ਦੇ ਤਸੀਹੇ ਉਨਾਂ ਨੂੰ ਬੰਦੀ ਬਨਾਉਣ ਵੇਲੇ ਦਿੱਤੇ ਸਨ। ਉਸ ਦੁਖਦਾਇਕ ਦ੍ਰਿਸ਼ ਨੂੰ ਜਿਵੇਂ ਹੰਡੂਰੀਆ ਜੀ ਨੇ ਲਿਖਿਆ ਹੈ ਉਹ ਪੜੋ:-
ਫਿਰ ਫਤੇ ਸਿੰਘ ਜ਼ੋਰਾਵਰ ਸਿੰਘ ਤਹਿੰ ਪਾਇ ਬੋਰੀ ਮੇਂ ਲਏ।
ਊਪਰ ਸੁ ਘੋੜੇ ਲਾਦ ਕੈ ਤਿਨ ਬਹੁਰ ਆਗੈ ਕਰ ਲਏ।
ਮਾਤਾ ਗੁਜਰੀ ਪਕੜਿ ਲੀਨੀ ਕਟਿ ਸੁਰਜ ਬਾਧੀ ਦਈ।
ਤੋਬਰ ਸੁ ਮਿਰਚਨ ਚਾੜ ਕੈ, ਮੁਹਿ ਬਾਂਧ ਘੋੜੇ ਪੈ ਲਈ।
ਉਨਾਂ ਨੂੰ ਫੜ ਕੇ ਜਿਵੇਂ ਤਸੀਹੇ ਦੇ ਕੇ ਘੋੜਿਆਂ ਉੱਤੇ ਜਲੀਲ ਕੀਤਾ ਗਿਆ ਉਹ ਰੋਂਦੇ ਕੁਰਲਾਉਂਦੇ ਸਨ। ਹੰਡੂਰੀਆ ਜੀ ਨੇ ਜਿਵੇਂ ਲਿਖਿਆ ਹੈ ਉਸਨੂੰ ਪੜ ਕੇ ਕਲੇਜਾ ਮੂੰਹ ਨੂੰ ਆਉਦਾ ਹੈ। ਉਹ ਜ਼ਾਲਮ ਪਠਾਣ ਉਨਾਂ ਨੂੰ ਕੋਤਵਾਲੀ ਮੋਰਿੰਡਾ ਵਿਚ ਲੈ ਗਏ ਸਨ। ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੇ ਪਰਿਵਾਰ ਤੋਂ ਵਿਛੜਨ ਤੋਂ ਬਾਅਦ ਇਹ ਚੌਥੀ ਰਾਤ 24 ਦਸੰਬਰ 1704 ਨੂੰ ਮੁਰਿੰਡਾ ਕੋਤਵਾਲੀ ਵਿਚ ਗੁਜਾਰੀ ਸੀ। ਏਥੇ ਵੀ ਉਨਾਂ ਨੂੰ ਤਸੀਹੇ ਦੇਣ ਲਈ ਅਸਮਾਨ ਦੀ ਖੁੱਲੀ ਛੱਤ ਹੇਠ ਹੀ ਰੱਖਿਆ ਗਿਆ ਸੀ।
ਸਰਹੰਦ ਦੇ ਸੂਬੇਦਾਰ ਦੇ ਹੁਕਮ ਨਾਲ ਉਹ ਕੋਤਵਾਲ ਸਰਕਾਰ ਦੇ ਬਾਗੀ ਪਰਵਾਰ ਦੀ ਬਿਰਧ ਮਾਤਾ ਗੁਜਰ ਕੌਰ ਅਤੇ ਉਸਦੇ ਮਾਸੂਮ ਪੋਤਰਿਆਂ ਨੂੰ ਸਰਹੰਦ ਲੈ ਗਏ।
ਭਾਈ ਦੁੱਨਾ ਸਿੰਘ ਹੰਡੂਰੀਆ ਉਨਾਂ ਦੀ ਕਦਮ-ਕਦਮ ਤੇ ਹੁੰਦੀ ਬੇਇਜਤੀ ਦਾ ਬਿਆਨ ਬਹੁਤ ਹੀ ਕਰੁਣਾਮਈ ਸ਼ਬਦਾਂ ਵਿੱਚ ਇਸ ਤਰਾਂ ਬਿਆਨ ਕਰਦਾ ਹੈ:-
ਜਾਇ ਸੀਰੰਦ ਵੜੇ ਜਬਹੀ, ਤਬ ਆਨ ਸੁ ਪੀਪਲ ਹੇਠ ਬਿਠਾਏ।
ਪੂਛ ਰਹੇ ਯੲ ਕੌਨ ਸੁਬਾਲਕ, ਤੋਹਿ ਜੁ ਗੋਦ ਮੈਂ ਕਾਹਿ ਛਿਪਾਏ।
ਜਦੋਂ ਪਿੱਪਲ ਹੇਠ ਬੈਠੇ ਬੱਚਿਆਂ ਦੀ ਸ਼ਨਾਖਤ ਹੋ ਗਈ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਹਨ ਤਾਂ ਮਾਤਾ ਜੀ ਨੇ ਪੋਤਿਆ ਨੂੰ ਹੌਸਲਾ ਦਿੱਤਾ ਸੀ ਕਿ ਇਸ ਸ਼ਹਿਰ ਵਿੱਚ ਹਿੰਦੂ ਵਸਦੇ ਹਨ ਉਹ ਤੁਹਾਨੂੰ ਛੁਡਾ ਦੇਣਗੇ। ਕਾਵਿ ਵੰਨਗੀ ਪੇਸ਼ ਹੈ:-
ਤਬ ਮਾਤਾ ਨਿਜ ਸੁਤਨ ਕੋ, ਐਸੋ ਕਹਯੋ ਸੁਨਾਇ।
ਸ਼ਹਿਰ ਜੁ ਹਿੰਦੂ ਬਸਤ ਹੈ, ਤੁਮ ਕੋ ਲੇਹੁ ਛੁਡਾਇ।
ਮਾਤਾ ਜੀ ਨੇ ਇਹ ਉਮੀਦ ਇਸ ਲਈ ਰੱਖੀ ਸੀ ਕਿਉਂਕਿ ਦੀਵਾਨ ਸੁੱਚਾ ਨੰਦ ਖੱਤਰੀ ਸੀ ਉਹ ਅਨੰਦਪੁਰ ਉਨਾਂ ਦੇ ਗ੍ਰਹਿ ਆਇਆ ਸੀ। ਜਦੋਂ ਸੁੱਚਾ ਨੰਦ ਪਿਪਲ ਹੇਠ ਬੈਠੇ ਬੱਚਿਆਂ ਦੀ ਸ਼ਨਾਖਤ ਕਰਨ ਆਇਆ ਉਸ ਵੇਲੇ ਉਸ ਨੇ ਇਹ ਕਹਿ ਕੇ ਮਾਤਾ ਜੀ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਕਿ ਜਦੋਂ ਮੈਂ ਤੁਹਾਡੇ ਘਰ ਗਿਆ ਸੀ ਤੁਸੀਂ ਇਹ ਕਿਹਾ ਸੀ ਕਿ ਮਲੇਛਾਂ ਦਾ ਧੰਨ ਖਾਣ ਵਾਲੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੋ ਸਕਦਾ:-
ਜਬ ਟਿੱਕਾ ਤੁਮ ਗ੍ਰਿਹ ਗਯੋ। ਤੁਮਹਿ ਸੁਮੋੜਿ ਦਯੋ।
ਧਾਨ ਮਲੇਛਹਿ ਖਾਤਹੋਂ। ਹਮ ਕੋ ਏਹੁ ਕਹਯੋ।
ਸੁੱਚਾ ਨੰਦ ਨੇ ਜਾਤੀ ਦੁਸ਼ਮਨੀ ਦੀ ਅੱਗ ਨੂੰ ਹਵਾ ਦੇਂਦੇ ਹੋਏ ਉਸ ਵੇਲੇ ਮਾਤਾ ਜੀ ਤੋਂ ਸਾਹਿਬਜ਼ਾਦੇ ਵੱਖ ਕਰਕੇ ਸੂਬੇਦਾਰ ਦੀ ਕਚਹਿਰੀ ਵਿੱਚ ਪਹੁੰਚਾ ਦਿੱਤੇ ਅਤੇ ਮਾਤਾ ਗੁਜ਼ਰ ਕੌਰ ਜੀ ਠੰਡੇ ਬੁਰਜ ਵਿੱਚ ਬੰਦ ਕਰ ਦਿੱਤੀ ਸੀ। ਸਾਹਿਬਜ਼ਾਦਿਆਂ ਨੂੰ ਸੂਬੇਦਾਰ ਦੀ ਕਚਹਿਰੀ ਵਿੱਚ ਪੇਸ਼ ਕਰਨ ਸਮੇਂ ਇੱਕ ਨੀਵੀਂ ਖਿੜਕੀ ਵਿੱਚੋਂ ਲੰਘਾਇਆ ਗਿਆ। ਉਨਾਂ ਨੇ ਜਿਸ ਸ਼ਾਨ ਨਾਲ ਪਹਿਲਾਂ ਪੈਰ ਅੰਦਰ ਲੰਘਾਏ ਅਤੇ ਸਿਰ ਉੱਚੇ ਕਰਕੇ ਬਲੰਦ ਅਵਾਜ਼ ਵਿੱਚ ਗੁਰੂ ਦੀ ਬਖਸ਼ੀ ਹੋਈ ਫਤਹਿ ਬੁਲਾਈ:-
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ
ਇਹ ਸੁਣ ਕੇ ਵਜ਼ੀਰ ਖਾਂ ਸੜ ਬਲ ਕੋਲੇ ਹੋ ਗਿਆ। ਸਾਰੇ ਦਰਬਾਰੀ ਦੰਗ ਰਹਿ ਗਏ। ਦਰਬਾਰ ਵਿੱਚ ਸਨਾਟਾ ਛਾ ਗਿਆ। ਸਥਿਤੀ ਨੂੰ ਸੰਭਾਲਣ ਲਈ ਦੀਵਾਨ ਸੁੱਚਾ ਨੰਦ ਨੇ ਸਾਹਿਬਜਾਦਿਆਂ ਨੂੰ ਕਿਹਾ, ”ਬੱਚਿਓ! ਇਹ ਸਰਹੰਦ ਸੂਬੇਦਾਰ ਦਾ ਦਰਬਾਰ ਹੈ। ਝੁਕ ਕੇ ਅਦਬ ਨਾਲ ਸਲਾਮ ਕਰੋ।”
ਗੁਰੂ ਗੋਬਿੰਦ ਸਿੰਘ ਦੇ ਸਪੂਤਾਂ ਨੇ ਇਸ ਦੇ ਜਵਾਬ ਵਿੱਚ ਸੁੱਚਾ ਨੰਦ ਨੂੰ ਚਿੜਾਉਣ ਲਈ ਪਹਿਲਾਂ ਨਾਲੋਂ ਵੀ ਕੜਕਵੀ ਅਵਾਜ਼ ਵਿੱਚ ਫਤਹਿ ਬੁਲਾਈ।
ਵਜੀਰ ਖਾਂ ਨੇ ਧਮਕਾ ਕੇ ਡਰਾਉਣ ਦਾ ਯਤਨ ਕੀਤਾ ਪਰ ਉਹ ਅਡੋਲ ਰਹੇ। ਅੰਤ ਉਨਾਂ ਨੂੰ ਸਮਝਣ ਦਾ ਮੌਕਾ ਦੇਣ ਲਈ ਦਾਦੀ ਕੋਲ ਠੰਡੇ ਬੁਰਜ ਵਿੱਚ ਭੇਜ ਦਿੱਤਾ। ਮਾਤਾ ਜੀ ਨੇ ਠੰਡੇ ਬੁਰਜ ਦੀਆਂ ਸਰਦ ਹਵਾਵਾਂ ਤੋਂ ਬਚਾਉਣ ਲਈ ਬੁੱਕਲ ਵਿੱਚ ਲੈ ਕੇ ਸੀਨੇ ਨਾਲ ਲਾ ਕੇ ਰਾਤ ਲੰਘਾਈ। ਵਜੀਰ ਖਾਂ ਨੇ ਮਾਤਾ ਗੁਜਰ ਕੌਰ ਜੀੀ ਅਤੇ ਸਾਹਿਬਜ਼ਾਦਿਆਂ ਨੂੰ ਕੋਈ ਖੁਰਾਕ ਦੇਣ ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਵੱਲੋਂ ਹਿੰਦੂ ਕੈਦੀਆਂ ਨੂੰ ਭੋਜਨ ਦੇਣ ਵਾਲਾ ਰਸੋਈਆ ਮੋਤੀ ਰਾਮ ਮਹਿਰਾ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਗੁਰੂ ਪਰਿਵਾਰ ਦੇ ਕੈਦੀਆਂ ਨੂੰ ਦੁੱਧ ਅਤੇ ਭੋਜਨ ਨਾਲ ਸੇਵਾ ਕਰਦਾ ਸੀ। ਜਿਸ ਕਰਕੇ ਵਜ਼ੀਰ ਖਾਂ ਨੇ ਉਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ। ਸਵੇਰੇ ਹੀ ਜਾਲਮ ਸਰਕਾਰ ਦਾ ਸਾਹਮਣਾ ਕਰਨ ਲਈ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਅਤੇ ਉਨਾਂ ਦੇ ਪੋਤਰੇ ਸ਼ਹੀਦ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦੀ ਕੁਰਬਾਨੀ ਯਾਦ ਕਰਾਈ। ਸਿਪਾਹੀ ਲੈਣ ਆਏ। ਸ਼ਹੀਦ ਦਾਦੇ ਦੇ ਪੋਤਿਆਂ ਦੇ ਕਦਮ ਸ਼ਹੀਦੀ ਪੰਧ ‘ਤੇ ਤੁਰਦਿਆਂ ਨਾ ਡਗਮਗਾਏ।
ਸੂਬੇ ਦੇ ਦਰਬਾਰ ਵਿੱਚ ਸਾਹਿਬਜ਼ਾਦੇ ਦੂਜੀ ਵਾਰ ਗਏ ਸਨ। ਉਨਾਂ ‘ਦੇ ਚੇਹਰੇ ਉੱਤੇ ਲਾਲੀਆਂ ਦਗਦੀਆਂ ਸਨ। ਮਾਤਾ ਗੁਜਰ ਕੌਰ ਜੀ ਨੇ ਉਨਾਂ ਦੇ ਸਿਰਾਂ ਤੇ ਕਲਗੀ ਸਜਾ ਕੇ ਮੌਤ ਦੇ ਲਾੜੇ ਬਣਾ ਕੇ ਭੇਜਿਆ ਸੀ। ਉਨਾਂ ਨੇ ਦਰਬਾਰ ਪੈਰ ਧਰਦਿਆਂ ਹੀ ਉੱਚੀ ਬਾਂਹ ਕਰਕੇ ਗੱਜ-ਬੱਜ ਕੇ ਫਤਹਿ ਬੁਲਾਈ। ਉਹ ਨਿਰਭੈ ਅਡੋਲ ਵਜੀਰ ਖਾਂ ਅਤੇ ਸੁੱਚਾ ਨੰਦ ਦੀਆਂ ਦਲੀਲਾਂ ਦੇ ਜਵਾਬ ਦੇਂਦੇ ਰਹੇ। ਸੂਬੇਦਾਰ ਦੇ ਕਹਿਣ ਤੇ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣਨ ਦਾ ਫਤਵਾ ਸੁਣਾ ਦਿੱਤਾ। ਉਸ ਸਮੇਂ ਦਰਬਾਰ ਵਿੱਚ ਨਵਾਬ ਮਲੇਰਕੋਟਲਾ ਹੀ ਹਾਜ਼ਰ ਸੀ। ਉਸਨੇ ਸੁੱਚਾ ਨੰਦ ਨੂੰ ਕਿਹਾ ਕਿ ਤੂੰ ਵਜੀਰ ਖਾਂ ਦਾ ਖੁਸ਼ਾਮਦੀ ਚਮਚਾ ਹੈ। ਤੇਰੀ ਚੁੱਕ ਵਿੱਚ ਆ ਕੇ ਮਸੂਮ ਬੱਚਿਆਂ ਨੂੰ ਇਹ ਅਣਹੋਣੀ ਸਜਾ ਸੁਣਾਈ ਗਈ ਹੈ:-
ਚਮਚੀ ਸਾਥ ਜੁ ਲਗੇ ਤਬੇ ਦੁਖ ਦੇਵਨੰ।
ਏਹ ਸੁ ਬਾਲਕ ਫੂਲ ਧੂਪ ਨਹਿ ਖੇਵਨੰ।
ਇਹ ਫੁਲ ਵਰਗੇ ਮਸੂਮ ਬੱਚੇ ਧੁੱਪ ਸਹਿਣ ਦੇ ਯੋਗ ਵੀ ਨਹੀਂ ਹਨ। ਉਸ ਹੋਰ ਕਿਹਾ, ”ਸੁੱਚਾ! ਇਹ ਸਾਹਿਬਜ਼ਾਦੇ ਤੇਰੀ ਜਾਤ ਵਿੱਚੋਂ ਹਨ ਇਨਾਂ ਨੂੰ ਨਾ ਮਾਰੋ।”
ਭਾਈ ਹੰਡੂਰੀਆ ਨੇ ਨਵਾਬ ਮਲੇਰਕੋਟਲੇ ਦਾ ਹਾਅ ਦਾ ਨਾਅਰਾ ਇਸ ਤਰਾਂ ਬਿਆਨ ਕੀਤਾ ਹੈ:-
ਸ਼ੀਰਖੋਰ ਯਹਿ ਬਾਲ ਹੈਂ, ਇਨ ਕੋ ਮਾਰਹੁ ਨਾਹਿ।
ਨੰਦ ਸੁ ਝੂਠੇ ਕੋ ਕਹਯੋ, ਜਾਤਿ ਤੁਮਾਰੀ ਆਹਿ।
ਉਸ ਤੋਂ ਬਾਅਦ ਨਵਾਬ ਮਲੇਰਕੋਟਲਾ ਨੇ ਵਜ਼ੀਰ ਖਾਂ ਨੂੰ ਵੀ ਰਹਿਮ ਦੀ ਅਪੀਲ ਕੀਤੀ। ਜਦ ਉਹ ਵੀ ਨਾ ਮੰਨਿਆ ਉਸਨੇ ਬਾਦਸ਼ਾਹ ਹਿੰਦ ਔਰੰਗਜ਼ੇਬ ਨੂੰ ਫਾਰਸੀ ਵਿੱਚ ਹਾਅ ਦਾ ਨਾਅਰਾ ਲਿਖਿਆ ਜਿਸਦੇ ਸਦਕਾ ਪੰਜਾਬ ਵਿੱਚ ਮਾਲੇਰਕੋਟਲਾ ਦੀ ਗੱਦੀ ਕਾਇਮ ਹੈ।
ਦਾਦੀ ਜੀ ਨੇ ਸਾਹਿਬਜ਼ਾਦਿਆਂ ਨੂੰ ਤੀਜੀ ਪੇਸ਼ੀ ਲਈ ਤਿਆਰ ਕਰਦਿਆਂ ਸਮਝ ਲਿਆ ਸੀ ਕਿ ਉਨਾਂ ਨੇ ਮੁੜ ਕੇ ਨਹੀਂ ਆਉਣਾ। ਸਿਪਾਹੀ ਲੈਣ ਆ ਗਏ ਸਨ। ਯੋਗੀ ਅੱਲਾ ਯਾਰ ਖਾਂ ਨੇ ਇਨਾਂ ਦੁਖਦਾਇਕ ਪਲਾਂ ਨੂੰ ਫੜ ਕੇ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਅਮਰ ਕਰ ਦਿੱਤਾ ਹੈ:-
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪ੍ਰਯਾਰੇ ਸਰੋਂ ਪ: ਨਨੀ ਸੀ ਕਲਗੀ ਸਜਾ ਤੋ ਲੂੰ।
ਸਾਹਿਬਜਾਦਾ ਜ਼ੋਰਾਵਾਰ ਸਿੰਘ, ਸਾਹਿਬਜ਼ਾਦਾ ਫਤਹਿ ਸਿੰਘ ਜੀ ਮਾਤਾ ਗੁਜਰ ਕੌਰ ਦੇ ਅਸ਼ੀਰਵਾਦ ਨਾਲ ਲਾੜੀ ਮੌਤ ਨੂੰ ਵਰਨ ਲਈ ਏਨੇ ਕਾਹਲੇ ਸਨ ਕਿ ਦੇਰੀ ਨਾਲ ਤੁਰਨ ਸਮੇਂ ਕਿਤੇ ਉਨਾਂ ਦੇ ਲਗਨ ਦੀ ਘੜੀ ਨਾ ਖੁੰਝ ਜਾਵੇ। ਯੋਗੀ ਅਲਾ ਯਾਰ ਖਾਂ ਨੇ ਆਪਣੀ ਅਮਰ ਰਚਨਾ ਵਿਚ ਇਉਂ ਬਿਆਨ ਕੀਤਾ ਹੈ:-
ਰੁਖ਼ਸਤ ਦੋ ਖ਼ੁਸ਼ੀ ਸੇ ਕਿ ਜਾਨੇਂ ਫ਼ਿਦਾ ਕਰੇਂ।
ਦੁਨੀਆਂ ਸੇ ਜਬ੍ਰੋ-ਜ਼ੋਰ ਕਾ ਹਮ ਖਾਤਮਾ ਕਰੇਂ।
ਹਾਸਿਲ ਸਿਰੋਂ ਕੋ ਦੇ ਕੇ ਖੁਦਾ ਕੀ ਰਜ਼ਾ ਕਰੇ।
ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਸਿਵਾ ਕਰੇਂ।
ਗਿਰਯ:- ਕੋ ਜ਼ਬਤ ਕਰ ਕੇ ਬਹੁਤ ਆਲੀ-ਸ਼ਾਨ ਨੇ।
”ਵਾਰੀ ਗਈ ਲੋ ਜਾਓ” ਕਹਾ ਦਾਦੀ ਜਾਨ ਨੇ।

ਜਦੋਂ ਸਾਹਿਬਜ਼ਾਦੇ ਵਜ਼ੀਰ ਖਾਂ ਦੇ ਦਰਬਾਰ ਵਿਚ ਪਹਿਲਾਂ ਵਾਂਗ ਹੀ ਨਿਧਕੜ ਪਹੁੰਚ ਗਏ। ਸਾਰੇ ਦਰਬਾਰੀਆਂ ਉੱਤੇ ਉਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਸੀ। ਵਜ਼ੀਰ ਖਾਂ ਨੂੰ ਸਲਾਹਾਂ ਦੇਣ ਵਾਲੇ ਵੀ ਸ਼ਰਮਿੰਦਾ ਸਨ:-
ਬੱਚੋਂ ਕਾ ਰੁਅਬ ਗਯਾ ਹਰ ਇਕ ਮੁਸ਼ੀਰ ਪਰ।
ਲਰਜ਼ ਸਾ ਪੜ ਗਯਾ ਥਾ ਅਮੀ ਵਜ਼ੀਰ ਪਰ।
ਯੋਗੀ ਅੱਲਾ ਯਾਰ ਖਾਂ
ਵਜ਼ੀਰ ਖਾਂ ਦੀ ਜ਼ੁਬਾਨ ਥਥਲਾ ਰਹੀ ਸੀ ਬੱਚੇ ਰੁਅਬ ਨਾਲ ਜਵਾਬ ਦੇ ਰਹੇ ਸਨ। ਮਜ਼ਲੂਮਾਂ ਨੂੰ ਜ਼ਾਲਮ ਨੀਹਾਂ ਵਿਚ ਚਿਣ ਰਹੇ ਸਨ, ਉਨਾਂ ਦੇ ਪਿੱਛੇ ਜੱਲਾਦ ਤਲਵਾਰਾਂ ਲੈ ਕੇ ਖੜੇ ਸਨ। ਜਦੋਂ ਕੰਧ ਫਹਿਤ ਸਿੰਘ ਦੀ ਠੋਡੀ ਤੱਕ ਹੋਈ ਜ਼ੋਰਾਵਾਰ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਛੋਟੇ ਵੀਰ ਨੇ ਕਿਹਾ, ”ਕੀ ਭਾਈ ਦਾ ਪਿਆਰ ਆ ਗਿਆ?” ”ਨਹੀਂ, ਨਹੀਂ ਵੀਰਾ! ਮੈਂ ਤੇਰੇ ਨਾਲੋਂ ਪਹਿਲਾਂ ਜਗ ਤੇ ਆਇਆ ਸੀ। ਮੈਨੂੰ ਪਹਿਲਾਂ ਜਾਣਾ ਚਾਹੀਦਾ ਸੀ।” ਸਾਹਿਬਜ਼ਾਦੇ ਮੌਤ ਨਾਲ ਸੰਵਾਦ ਰਚਾ ਰਹੇ ਸਨ। ਮੌਤ ਖੜੀ ਸੋਚਾਂ ਵਿਚ ਡੁੱਬੀ ਸੋਚ ਰਹੀ ਸੀ ਕਿ ਮੈਂ ਕਿਸਨੂੰ ਪਹਿਲਾਂ ਗਲ਼ ਲਾਵਾ। ਕੰਧ ਡਿੱਗ ਪਈ। ਸਾਹਿਬਜ਼ਾਦੇ ਡਿੱਗੇ ਪਏ ਸਨ। ਵਜ਼ੀਰ ਖਾਂ ਨੇ ਜੱਲਾਦਾਂ ਨੂੰ ਇਸ਼ਾਰੇ ਨਾਲ ਉਹਨਾਂ ਦੇ ਸਿਰ ਕਲਮ ਕਰਨ ਲਈ ਕਿਹਾ।
ਦੀਵਾਨ ਟੋਡਰ ਮੱਲ ਨੇ ਠੰਡੇ ਬੁਰਜ ਵਿਚ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਇਹ ਖ਼ਬਰ ਦਿਲ ਤੇ ਪੱਥਰ ਰੱਖਕੇ ਸੁਣਾਈ:-
ਸਿੱਖ ਟੋਡਰ ਮੱਲ ਤੇਹ, ਮਾਤਾ ਕੋ ਐਸੇ ਕਹਯੋ
ਕਾਰਣ ਭਯੋ ਸੁ ਏਹ, ਸੀਸ ਉਡਾਰੇ ਤੁਮ ਸੁਤਨ।
ਇਹ ਸੁਣਦੇ ਸਾਰ ਹੀ ਮਾਤਾ ਗੁਜਰ ਕੌਰ ਜੀ ਦੇ ਪ੍ਰਾਣ ਪੰਖੇਰੂ ਹੋ ਗਏ।

ਬਾਬੂ ਸਿੰਘ ਚੌਹਾਨ
ਪਿੰਡ ਤੇ ਡਾਕ ਖਮਾਣੋਂ
ਤਹਿ. ਖਮਾਣੋਂ ਜ਼ਿਲਾ ਫਤਹਿਗੜ ਸਾਹਿਬ
ਮੋਬਾਇਲ: 98154-25670

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਰੀ ਸਿਖਿਆ ਦੇ ਖੇਤਰ `ਚ ਪਾਈਆ ਨਵੀਆਂ ਪੈੜਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ `ਤੇ ਉਸ ਸਮੇਂ ਦੇ ਬੁੱਧੀਜੀਵੀਆਂ …

Leave a Reply