ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੇ ਅੱਜ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਦਾ ਦੌਰਾ
ਕੀਤਾ।ਉਨ੍ਹਾਂ ਨੇ 1892 ਤੋਂ ਸਮਾਜ ਦੀ ਵਿੱਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਇਥੋਂ ਦੀ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਾਂਸਲ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਧਾਨ ਕੀਤੀ ਅਤੇ ਦੱਸਿਆ ਕਿ ਕਿਵੇਂ 132 ਸਾਲ ਤੋਂ ਇਸ ਅਦਾਰੇ ਨੇ ਸਮਾਜ ਦੇ ਵਿਕਾਸ ਅਤੇ ਤਰੱਕੀ ’ਚ ਆਪਣਾ ਯੋਗਦਾਨ ਪਾਇਆ ਹੈ।
ਬਾਂਸਲ ਜੋ ਕਾਲਜ ਦੀ ਸ਼ਾਨਦਾਰ ਵਿਰਾਸਤੀ ਇਮਾਰਤ ਨੂੰ ਵੇਖ ਕੇ ਅਤਿ ਪ੍ਰਭਾਵਿਤ ਹੋਏ ਕੇਂਦਰ ਸਰਕਾਰ ਦੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਅਗਵਾਈ ਕਰਨ ਲਈ ਪਵਿੱਤਰ ਨਗਰੀ ਅੰਮ੍ਰਿਤਸਰ ’ਚ ਪਿਛਲੇ 3 ਦਿਨ ਤੋਂ ਠਹਿਰੇ ਹੋਏ ਹਨ, ਨੇ ਕਿਹਾ ਕਿ ਭਾਰਤ ਦੇ ਹਰੇਕ ਕੋਨੇ ’ਚ ਖੇਤਰੀ ਵਿਭਿੰਨਤਾ ਉਪਲਬੱਧ ਹੈ, ਜਿਸ ਦੀ ਸਾਂਭ-ਸੰਭਾਲ ਕਰਨਾ ਸਾਡਾ ਮੁੱਢਲਾ ਫਰਜ਼ ਹੈ।ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਦਾ ਦੇਸ਼ ਨਿਰਮਾਣ ’ਚ ਯੋਗਦਾਨ ਨੂੰ ਅਹਿਮ ਦੱਸਦਿਆਂ ਭਾਰਤ ਦੇ ਵਿਕਾਸ ’ਚ ਮੋਹਰੀ ਦੱਸਿਆ।
ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਪੁੱਜਣ ’ਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਾਂਸਲ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ।ਛੀਨਾ ਨੇ ਬਾਂਸਲ ਨੂੰ ਕਾਲਜ ਨਾਲ ਸਬੰਧਿਤ ਅਮੀਰ ਵਿਰਾਸਤ ਤੇ ਇਤਿਹਾਸ ਅਤੇ ਸ਼ਾਨਦਾਰ ਆਰਕੀਟੈਕਚਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਤਿਹਾਸਕ ਸੰਸਥਾ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਹੈ।ਉਨ੍ਹਾਂ ਕਿਹਾ ਕਿ ਕੈਂਪਸ ’ਚ ਦੁਨੀਆਂ ਭਰ ਤੋਂ ਅੰਤਰਰਾਸ਼ਟਰੀ ਵਫ਼ਦਾਂ ਦਾ ਆਉਣਾ ਇਕ ਆਮ ਵਿਸ਼ੇਸ਼ਤਾ ਹੈ ਅਤੇ ਕਾਲਜ ’ਚ ਇਸ ਤੋਂ ਪਹਿਲਾਂ ਅਮਰੀਕਾ, ਪੋਲੈਂਡ, ਗ੍ਰੀਸ, ਬੈਲਜ਼ੀਅਮ, ਡੈਨਮਾਰਕ, ਬੁਲਗਾਰੀਆ, ਹੰਗਰੀ, ਅਰਜਨਟੀਨਾ, ਮੈਕਸੀਕੋ, ਇਕੂਏਟਰ, ਕੋਲੰਬੀਆ, ਕੋਸਟ ਰਿਕਾ, ਮੁੰਬਈ, ਦਿੱਲੀ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਆਏ ਵਫ਼ਦ ਕਾਲਜ ਦੀ ਅਦਭੁੱਤ ਇਮਾਰਤ ਵੇਖ ਕੇ ਗਦਗਦ ਹੋਏ ਅਤੇ ਇਸ ਦੀਆਂ ਯਾਦਾਂ ਕੈਮਰਿਆਂ ’ਚ ਕੈਦ ਕਰਕੇ ਲੈ ਕੇ ਗਏ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਸੁਸ਼ੀਲ ਦੇਵਗਨ ਵੀ ਸਨ।
Punjab Post Daily Online Newspaper & Print Media