ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ
ਵਿਭਾਗ ਦੇ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਵਲੋਂ ਵਿਭਾਗੀ ਪੱਤਰ ਜਾਰੀ ਕਰਕੇ ਇਹ ਹਦਾਇਤਾਂ ਕੀਤੀਆਂ ਹਨ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸੰਸਥਾਵਾਂ, ਵਪਾਰਕ ਅਦਾਰਿਆਂ, ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ, ਦੁਕਾਨਾਂ, ਸੜਕਾਂ, ਸਾਈਨ ਬੋਰਡਾਂ, ਮੀਲ ਪੱਥਰਾਂ ਤੇ ਬੋਰਡਾਂ ਦੇ ਨਾਮ ਅਤੇ ਨਾਮ ਪੱਟੀਆਂ ਨੂੰ ਪੰਜਾਬੀ (ਗੁਰਮੁੱਖੀ ਲਿਪੀ) ਵਿੱਚ ਪਹਿਲ ਦੇ ਅਧਾਰ ‘ਤੇ ਲਿਖਣਾ ਯਕੀਨੀ ਬਣਾਉਣ।ਡਾ. ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਵਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿੱਚ 19 ਨਵੰਬਰ 2022 ਨੂੰ ਕਰਵਾਏ ਗਏ ਰਾਜ ਪੱਧਰੀ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਦੌਰਾਨ ਇਹ ਐਲਾਨ ਕੀਤਾ ਸੀ ਕਿ ਪੰਜਾਬ ਰਾਜ ਵਿੱਚ ਸਾਰੇ ਬੋਰਡ ਤੇ ਨਾਮ ਪੱਟੀਆਂ ਪਹਿਲ ਦੇ ਅਧਾਰ ‘ਤੇ ਪੰਜਾਬੀ ਵਿੱਚ ਲਿਖੇ ਜਾਣ, ਜਿਸ ਨੂੰ ਵਿਭਾਗ ਵਲੋਂ ਅਮਲੀ ਜਾਮਾ ਪਹਿਨਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦੀ ਕੜੀ ਵਿੱਚ ਕਿਰਤ ਵਿਭਾਗ ਅਧੀਨ ‘ਪੰਜਾਬ ਰਾਜ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ’ ਵਿੱਚ ਸੋਧ ਕੀਤੀ ਗਈ ਹੈ।ਪੰਜਾਬੀ ਭਾਸ਼ਾ ਲਿਖਦੇ ਸਮੇਂ ਹੋਰਨਾਂ ਭਾਸ਼ਾਵਾਂ ਨਾਲੋਂ ਪੰਜਾਬੀ ਨੂੰ ਵਧੇਰੇ ਥਾਂ ਦੇ ਕੇ ਮੁੱਖ ਤੌਰ ‘ਤੇ ਲਿਖਣਾ ਵੀ ਲਾਜ਼ਮੀ ਹੈ।ਇਸ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ਦੁਕਾਨਦਾਰ/ਅਦਾਰੇ/ਸੰਸਥਾ/ ਵਿਭਾਗ ਨੂੰ ਪਹਿਲੀ ਉਲੰਘਣਾ ਕਰਨ ‘ਤੇ 1000/- ਰੁਪਏ ਅਤੇ ਜੇਕਰ ਫਿਰ ਵੀ ਇਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਇਸ ਤੋਂ ਬਾਅਦ ਹਰੇਕ ਉਲੰਘਣਾਂ ਲਈ 2000/- ਰੁਪਏ ਜੁਰਮਾਨਾ ਹੋਵੇਗਾ।
Punjab Post Daily Online Newspaper & Print Media