ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਦਿਸ਼ਾ ਨਿਦਰੇਸ਼ਾਂ ‘ਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਦਿਵਯਾਂਗ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜਿਲ੍ਹਾ ਮੁਨੀਟਰਿੰਗ ਕਮੇਟੀ ਫ਼ਾਰ ਅਸੈਸੀਬਲ ਇਲੈਕਸ਼ਨ ਦੀ ਮੀਟਿੰਗ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੋਡਲ ਅਫ਼ਸਰ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਸਕਸ਼ਮ ਐਪ ਲਾਂਚ ਕੀਤੀ ਗਈ ਹੈ।ਜਿਸ ਵਿੱਚ ਰਜਿਸਟਰ ਕਰਕੇ ਦਿਵਿਆਂਗ ਵੋਟਰ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਲੈ ਸਕਦਾ ਹੈ।ਉਹਨਾਂ ਕਿਹਾ ਕਿ ਹਰ ਪੋਲਿੰਗ ਬੂਥ ‘ਤੇ ਰੈਂਪ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪ੍ਰਸਾਸ਼ਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਅਤੇ ਸਾਰੇ ਪੋਲਿੰਗ ਬੂਥ ਗਰਾਉਂਡ ਫ਼ਲੋਰ ‘ਤੇ ਬਣਾਏ ਜਾਣਗੇ।ਇਸ ਵਾਰ ਬੂਥ ਪੱਧਰ ‘ਤੇ ਐਨ.ਸੀ.ਸੀ, ਐਨ.ਐਸ.ਐਸ, ਸਕਾਊਟ ਅਤੇ ਹੋਰ ਵਲੰਟੀਅਰਾਂ ਦੀ ਟੀਮ ਵੀ ਤੈਨਾਤ ਕੀਤੀ ਜਾਵੇਗੀ, ਜੋ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਦੌਰਾਨ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।
ਇਸ ਮੌਕੇ ਚੋਣ ਤਹਿਸੀਲਦਾਰ ਇੰਦਰਜੀਤ ਸਿੰਘ, ਜਿਲ੍ਹਾ ਸਮਾਜਿਕ ਭਲਾਈ ਅਫ਼ਸਰ ਅਸੀਸ ਇੰਦਰ ਸਿੰਘ, ਸਿਵਲ ਸੋਸਾਇਟੀ ਮੈਂਬਰ ਹਰਸਿਮਰਨ ਸਿੰਘ, ਕਮਲਜੀਤ ਕੌਰ ਗਿੱਲ, ਚੋਣ ਕਾਨੂੰਗੋ ਸੌਰਭ ਖੋਸਲਾ ਤੇ ਹੋਰ ਅਧਿਕਾਰੀ ਹਾਜ਼ਰ ਸਨ।