Saturday, July 27, 2024

ਰੰਗਲੇ ਪੰਜਾਬ ਦੇ ਜਸ਼ਨਾਂ ਵਿੱਚ ਅੰਮ੍ਰਿਤਸਰ ਦੀਆਂ ਕੰਧਾਂ ‘ਤੇ ਹੋ ਰਹੀ ਹੈ ਪੰਜਾਬੀ ਵਿਰਸੇ ਦੀ ਚਿਤਰਕਾਰੀ

ਨਗਰ ਨਿਗਮ ਸ਼ਹਿਰ ਨੂੰ ਦੇ ਰਹੀ ਹੈ ਵਿਰਾਸਤੀ ਦਿੱਖ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਧਰਤੀ ਨੂੰ ‘ਰੰਗਲਾ ਪੰਜਾਬ’ ਮੇਲੇ ਲਈ ਚੁਣੇ ਜਾਣ ਮਗਰੋਂ ਨਗਰ ਨਿਗਮ ਵੀ ਮੇਲੀਆਂ ਦੀ ਮਹਿਮਾਨ ਨਿਵਾਜ਼ੀ ਲਈ ਪੱਬਾਂ ਭਾਰ ਨਜ਼ਰ ਆ ਰਹੀ ਹੈ।ਸ਼ਹਿਰ ਦੀ ਸਾਫ-ਸਫਾਈ ਦੇ ਨਾਲ-ਨਾਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਕੰਧਾਂ ਉਤੇ ਪੰਜਾਬੀ ਵਿਰਸੇ ਦੀ ਚਿਤਰਕਾਰੀ ਵੱਡੇ ਪੱਧਰ ‘ਤੇ ਕਰਵਾਈ ਜਾ ਰਹੀ ਹੈ।ਜਿਸ ਵਿਚ ਪੰਜਾਬੀ ਬੋਲੀਆਂ ਨੂੰ ਵੀ ਚੰਗੀ ਥਾਂ ਦਿੱਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੀ-20 ਸੰਮੇਲਨ ਵੇਲੇ ਵੀ ਸ਼ਹਿਰ ਦੀਆਂ ਕੰਧਾਂ ‘ਤੇ ਸੰਮੇਲਨ ਦੇ ਥੀਮ ਨੂੰ ਲੈ ਕੇ ਕੰਧ ਚਿਤਰ ਬਣਾਏ ਗਏ ਸਨ, ਜਿਸ ਨੂੰ ਸ਼ਹਿਰ ਵਾਸੀਆਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨਾਂ ਨੇ ਰੱਜ਼ ਕੇ ਸਲਾਹਿਆ ਸੀ।
ਰੰਗਲੇ ਪੰਜਾਬ ਲਈ ਕਰਵਾਈ ਜਾ ਰਹੀ ਚਿਤਰਕਲਾ ਬਾਰੇ ਜਾਣਕਾਰੀ ਦਿੰਦੇ ਕਮਿਸ਼ਨਰ ਕਾਰਪੋਰੇਸ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਮੇਲੇ ਨੂੰ ਕਾਮਯਾਬ ਕਰਨ ਲਈ ਕਾਰਪੋਰੇਸ਼ਨ ਅਧਿਕਾਰੀ ਲਗਾਤਾਰ ਸਰਗਰਮ ਹਨ।ਉਨਾਂ ਕਿਹਾ ਕਿ ਕੰਧ ਚਿਤਰ ਵੀ ਪੰਜਾਬੀ ਵਿਰਸੇ ਦੀ ਪੁਰਤਾਨ ਕਲਾ ਹੈ, ਪੁਰਾਣੇ ਪੰਜਾਬ ਵਿੱਚ ਜਦੋਂ ਵੀ ਘਰ ਵਿਚ ਵਿਆਹ ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ ਸੀ ਤਾਂ ਘਰਾਂ ਦੀਆਂ ਕੰਧਾਂ ਨੂੰ ਵੰਨ-ਸੁਵੰਨੇ ਚਿਤਰਾਂ ਨਾਲ ਸਜਾਇਆ ਜਾਂਦਾ ਸੀ ਅਤੇ ਇਸੇ ਰਵਾਇਤ ਨੂੰ ਅਸੀਂ ਹੁਣ ਦੀਆਂ ਪੀੜ੍ਹੀਆਂ ਨਾਲ ਸਾਂਝਾ ਕੀਤਾ ਹੈ।
ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਜਿੰਨਾਂ ਦੀ ਅਗਵਾਈ ਹੇਠ ਇਹ ਕੰਧ ਚਿਤਰ ਉਕਰਨ ਵਾਲੀ ਟੀਮ ਕੰਮ ਕਰ ਰਹੀ ਹੈ, ਨੇ ਦੱਸਿਆ ਕਿ ਅਸੀਂ ਇਸ ਕਲਾ ਵਿਚ ਪੰਜਾਬੀ ਵਿਰਸੇ ਦੇ ਨਾਲ-ਨਾਲ ਪੰਜਾਬੀ ਸਾਜ਼ਾਂ, ਪੰਜਾਬੀ ਬੋਲੀਆਂ, ਫੁੱਲਾਂ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਦੇ ਹੋਰ ਅੰਗਾਂ ਨੂੰ ਛੂਹਿਆ ਹੈ।ਉਨਾਂ ਦੱਸਿਆ ਕਿ ਇਸ ਲਈ ਅਸੀਂ ਪੇਸ਼ੇਵਰ ਕਲਾਕਾਰਾਂ ਦੀਆਂ ਸੇਵਾਵਾਂ ਲਈਆਂ ਹਨ, ਜੋ ਕਿ ਦਿਨ-ਰਾਤ ਕੰਮ ਕਰ ਰਹੇ ਹਨ। ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਤੌਰ ‘ਤੇ ਇਸ ਚਿਤਰ ਕਲਾ ਲਈ ਸਰਕਾਰੀ ਇਮਾਰਤਾਂ ਦੀਆਂ ਸੜਕ ਨਾਲ ਲੱਗਦੀਆਂ ਕੰਧਾਂ ਨੂੰ ਚੁਣਿਆ ਗਿਆ ਹੈ ਅਤੇ ਇਸ ਨੂੰ ਪੰਜਾਬੀ ਰੰਗਾਂ ਵਿਚ ਰੰਗਿਆ ਜਾ ਰਿਹਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …