Thursday, October 3, 2024

ਪੁਸਤਕ ਮੇਲੇ ਦੇ ਦੂਸਰੇ ਦਿਨ ਪੰਜਾਬੀ ਚਿੰਤਕਾਂ, ਕਵੀਆਂ, ਪੰਮੀ ਬਾਈ ਤੇ ਭੰਗੜੇ ਵਾਲੇ ਬਾਬਿਆਂ ਨੇ ਬੰਨਿਆਂ ਰੰਗ

ਅੰਮ੍ਰਿਤਸਰ, 22 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 21 ਫਰਵਰੀ ਤੋਂ ਸ਼ੁਰੂ ਹੋਏ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਅੱਜ ਦੂਸਰੇ ਦਿਨ ਪੰਜਾਬੀ ਸਿੱਖਿਆ, ਸ਼ਾਇਰੀ ਅਤੇ ਪੰਜਾਬੀ ਦੇ ਸਿਰਮੌਰ ਪੰਜਾਬੀ ਗਾਇਕ ਪੰਮੀ ਬਾਈ ਨੇ ਰੰਗ ਬੰਨ੍ਹਿਆ।ਦੂਸਰੇ ਦਿਨ ਦਾ ਪਹਿਲਾ ਸੈਸ਼ਨ ਐਮ.ਏ ਪੰਜਾਬੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ ਚਰਚਾ ਨਾਲ ਸ਼ੁਰੂ ਹੋਇਆ।
ਇਸ ਪੈਨਲ ਚਰਚਾ ’ਚ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਵਿਭਾਗ ਮੁਖੀ ਡਾ. ਗੁਰਮੁੱਖ ਸਿੰਘ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪੰਜਾਬੀ ਵਿਭਾਗ ਮੁਖੀ ਡਾ. ਕੁਲਵੀਰ ਗੋਜਰਾ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਤੋਂ ਮੁਖੀ ਡਾ. ਨਰੇਸ਼ ਕੁਮਾਰ, ਡਾ. ਪਰਮਜੀਤ ਸਿੰਘ ਢੀਂਗਰਾ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਭਾਗ ਲੈਂਦਿਆਂ ਪੰਜਾਬੀ ਦੀ ਉਚੇਰੀ ਸਿੱਖਿਆ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ’ਤੇ ਵਿਚਾਰ ਵਟਾਂਦਰਾ ਕੀਤਾ।ਇਸ ਪੈਨਲ ਚਰਚਾ ਦੇ ਸੂਤਰਧਾਰ ਡਾ. ਗੁਰਮੁਖ ਸਿੰਘ ਅਤੇ ਡਾ. ਭੁਪਿੰਦਰ ਸਿੰਘ ਸਨ।
ਕਾਲਜ ਵਲੋਂ ਐਮ.ਏ ਸ਼ੁਰੂ ਹੋਣ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸੋਵੀਨਾਰ ਵੀ ਰਲੀਜ਼ ਕੀਤਾ ਗਿਆ।ਕਾਲਜ 1949 ’ਚ ਸਭ ਤੋਂ ਪਹਿਲਾਂ ਐਮ.ਏ ਪੰਜਾਬੀ ਸ਼ੁਰੂ ਕਰਨ ਵਾਲੀ ਸੰਸਥਾ ਹੈ।ਵਿਦਿਆਰਥੀਆਂ ਵਲੋਂ ਲੋਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।ਉਪਰੰਤ ਪੰਜਾਬੀ ਕਵੀ ਦਰਬਾਰ ਮੌਕੇ ਮੁੱਖ ਮਹਿਮਾਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਵਿਸ਼ੇਸ਼ ਮਹਿਮਾਨ ਸੁਰਿੰਦਰ ਸੁੰਨੜ ਪ੍ਰਧਾਨ ਲੋਕ ਮੰਚ ਪੰਜਾਬ ਪਹੁੰਚੇ।ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕੀਤੀ।ਕਵੀ ਦਰਬਾਰ ਦਾ ਸੰਚਾਲਨ ਸੁਸ਼ੀਲ ਦੁਸਾਂਝ ਨੇ ਕੀਤਾ।
ਕਵੀ ਦਰਬਾਰ ’ਚ ਰਵਿੰਦਰ ਸਹਿਰਾਅ (ਅਮਰੀਕਾ), ਪਰਮਿੰਦਰ ਸੋਢੀ (ਜਾਪਾਨ), ਇੰਦਰਜੀਤ ਸਿੰਘ ਪੁਰੇਵਾਲ (ਅਮਰੀਕਾ) ਜਸਵੀਰ ਗਿੱਲ (ਅਮਰੀਕਾ), ਡਾ. ਕਰਨੈਲ ਸ਼ੇਰਗਿੱਲ (ਇੰਗਲੈਂਡ) ਅਤੇ ਹਰਕੰਵਲ ਸਾਹਿਲ (ਕਨੇਡਾ) ਪਰਵਾਸੀ ਸ਼ਾਇਰਾਂ ਦੇ ਤੌਰ ਤੇ ਪੇਸ਼ ਹੋਏ, ਜਦਕਿ ਸਵਰਨਜੀਤ ਸਵੀ, ਦਰਸ਼ਨ ਬੁੱਟਰ, ਜਸਵੰਤ ਜਫਰ, ਸੁਸ਼ੀਲ ਦੁਸਾਂਝ, ਬਲਵਿੰਦਰ ਸੰਧੂ, ਵਿਜੇ ਵਿਵੇਕ, ਭੁਪਿੰਦਰਪ੍ਰੀਤ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਵਿਸ਼ਾਲ, ਵਾਹਿਦ, ਰਮਨ ਸੰਧੂ, ਜਗਦੀਪ ਸਿੱਧੂ, ਡਾ. ਵਿਕਰਮ ਅਤੇ ਤਰਸੇਮ ਨੇ ਪ੍ਰਮੁੱਖ ਕਵੀਆਂ ਵਜੋਂ ਹਾਜ਼ਰੀ ਲਵਾਈ।ਇਸ ਕਵੀ ਦਰਬਾਰ ਵਿੱਚ ਕਿਰਤਪਾਲ, ਗੁਰਜੰਟ ਰਾਜੇਆਣਾ, ਅਜੇਪਾਲ ਢਿਲੋਂ, ਰਣਧੀਰ, ਸੁਖਦੀਪ ਔਜਲਾ, ਨਵਾਬ ਖਾਨ ਅਤੇ ਹਰ ਮਨ ਨੇ ਪੰਜਾਬੀ ਦੇ ਉਭਰਦੇ ਕਵੀਆਂ ਵਜੋਂ ਆਪਣਾ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ।
ਸ਼ਾਮ ਦੇ ਸੱਭਿਆਚਾਰਕ ਸੈਸ਼ਨ ‘ਜੀਅ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ’ ਦੇ ਮੁੱਖ ਮਹਿਮਾਨ ਗੁਰਭੇਜ ਗੁਰਾਇਆ ਸਨ ਅਤੇ ਇਸ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ, ਸਾਬਕਾ ਪ੍ਰੋਫੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਕੀਤੀ।ਇਸ ਸੈਸ਼ਨ ’ਚ ਗਾਇਕ ਪੰਮੀ ਬਾਈ ਨੇ ਆਪਣੀਆਂ ਕਾਲਜ ਨਾਲ ਸਬੰਧਿਤ ਯਾਦਾਂ ਤਾਜ਼ਾ ਕੀਤੀਆਂ ਅਤੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ।ਦੂਸਰੇ ਦਿਨ ਦੀ ਸਮਾਪਤੀ ਪ੍ਰੋ. ਬਲਬੀਰ ਸਿੰਘ ਕੋਹਲਾ ਅਤੇ ਉਸਦੇ ਸਾਥੀਆਂ ਵਲੋਂ ਬਾਬਿਆਂ ਦੇ ਭੰਗੜੇ ਨਾਲ ਹੋਈ।

Check Also

Guru Nanak Dev University ‘B’ Zone Zonal Youth Festival concluded

Amritsar, October 1 (Punjab Post Bureau) – Zonal Youth Festival of Zone ‘B’ of the Guru …