Thursday, December 12, 2024

ਖ਼ਾਲਸਾ ਕਾਲਜ ਵਿਖੇ ‘ਸਪਰਿੰਗ-2024’ ਅਤੇ ‘ਬੇਹਤਰ ਜੀਵਨ ਲਈ ਵਾਤਾਵਰਣ ਨਿਆਂ’ ’ਤੇ ਸੈਮੀਨਾਰ

ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸ ਸੋਸਾਇਟੀ (ਬੀ.ਈ.ਐਸ.ਐਸ), ਬੋਟਨੀ ਵਿਭਾਗ ਵਲੋਂ ‘ਅੰਮ੍ਰਿਤਸਰ ਫਲਾਵਰ ਸ਼ੋਅ ‘ਸਪਰਿੰਗ-2024’ ਅਤੇ ਰਾਸ਼ਟਰੀ ਸੈਮੀਨਾਰ ‘ਬੇਹਤਰ ਜੀਵਨ ਲਈ ਵਾਤਾਵਰਣ ਨਿਆਂ’ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਵਾਤਾਵਰਣ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਥਾਈ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਮਾਗਮ ਦੇ ਬੁਲਾਰਿਆਂ ਅਤੇ ਭਾਗੀਦਾਰਾਂ ਦਾ ਨਿੱਘਾ ਸੁਆਗਤ ਕੀਤਾ।ਵਿਭਾਗ ਮੁਖੀ ਡਾ. ਬਲਵਿੰਦਰ ਸਿੰਘ ਨੇ ਕੁਦਰਤੀ ਸਰੋਤਾਂ ’ਤੇ ਸਾਡੀਆਂ ਕਾਰਵਾਈਆਂ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ’ਚ ਅਧਿਆਤਮਿਕ ਅਭਿਆਸਾਂ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਬੀ.ਈ.ਐਸ.ਐਸ ਦੇ ਕੋਆਰਡੀਨੇਟਰ ਵਜੋਂ ਡਾ. ਮਧੂ ਨੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ ਭੱਟੀ ਬਾਰੇ ਸੰਖੇਪ ਜਾਣ-ਪਛਾਣ ਕਰਵਾਈ।ਡਾ. ਭੱਟੀ ਨੇ ਜੀਵਨ ’ਚ ਹਵਾ, ਪਾਣੀ ਅਤੇ ਜ਼ਮੀਨ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਨੁੰ ਖਤਮ ਅਤੇ ਪ੍ਰਦੂਸ਼ਿਤ ਕਰਨ ਲਈ ਜਿੰਮੇਵਾਰ ਹਾਂ।ਵਾਤਾਵਰਣਕ ਨਿਆਂ, ਵਾਤਾਵਰਣ ਕਾਨੂੰਨ, ਨਿਯਮਾਂ ਅਤੇ ਨੀਤੀਆਂ ਲਾਗੂ ਕਰਨ ’ਚ ਸਾਰੇ ਲੋਕਾਂ ਦੀ ਬਰਾਬਰ ਸ਼ਮੂਲੀਅਤ ਹੈ।ਉਨ੍ਹਾਂ ਅਨੁਸਾਰ, ਵਾਤਾਵਰਣ ਨਿਆਂ ਇਸ ਸਿਧਾਂਤ ’ਤੇ ਅਧਾਰਿਤ ਹੈ ਕਿ ਅਸੀਂ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਦੂਸ਼ਣ ਤੋਂ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ ਤਾਂ ਜੋ ਅਸੀਂ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਦਾ ਆਨੰਦ ਮਾਣ ਸਕੀਏ।
ਡਾ. ਭੱਟੀ ਨੇ ਵਾਤਾਵਰਣ ਨਿਯਮਾਂ, ਲੁਪਤ ਹੋ ਰਹੀਆਂ ਨਸਲਾਂ, ਮੋਟਰੀਅਲ ਪ੍ਰੋਟੋਕੋਲ ਅਤੇ ਸਾਫ਼ ਪਾਣੀ ਐਕਟ ਬਾਰੇ ਚਰਚਾ ਕੀਤੀ।ਪ੍ਰੋਗਰਾਮ ਵਿੱਚ ਵੱਖ-ਵੱਖ ਸੰਸਥਾਵਾਂ, ਸਕੂਲਾਂ ਅਤੇ ਨਰਸਰੀਆਂ ਦੇ 268 ਪ੍ਰਤੀਭਾਗੀਆਂ ਨੇ ਮੌਸਮੀ ਫੁੱਲ, ਪੱਤਿਆਂ ਦੇ ਪੌਦੇ, ਅੰਦਰੂਨੀ ਪੌਦੇ, ਚਿਕਿਸਤਕ ਪੌਦੇ, ਸੁਕੂਲੈਂਟ, ਕੈਕਟਸ ਅਤੇ ਬੋਨਸਾਈ ਸ਼੍ਰੇਣੀਆਂ ’ਚ ਹਿੱਸਾ ਲਿਆ।ਵਿਦਿਆਰਥੀਆਂ ਨੇ ਪੋਸਟਰ ਪੇਸ਼ਕਾਰੀ ’ਚ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਦਵਾਈ, ਲੈਂਡਸਕੇਪਿੰਗ ਅਤੇ ਵਾਤਾਵਰਣ ਸੁਰੱਖਿਆ ’ਚ ਪੌਦਿਆਂ ਦੀ ਮਹੱਤਤਾ ਬਾਰੇ ਗਿਆਨ ਸਾਂਝਾ ਕੀਤਾ।ਪ੍ਰਬੰਧਕੀ ਸਕੱਤਰ ਡਾ. ਪ੍ਰਭਜੀਤ ਕੌਰ ਨੇ ਸਮਾਗਮ ਦੇ ਸਫਲ ਆਯੋਜਨ ’ਤੇ ਸੋਸਾਇਟੀ ਦੇ ਮੈਂਬਰਾਂ, ਭਾਗੀਦਾਰਾਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਰਾਜਬੀਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਸੁਸ਼ਾਂਤ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਹਰਸਿਮਰਨ ਕੌਰ, ਡਾ. ਸੋਨੀਆ ਸ਼ਰਮਾ, ਡਾ. ਪ੍ਰਦੀਪ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਪ੍ਰਵੀਨ ਕੁਮਾਰ ਅਹੂਜਾ ਤੋਂ ਇਲਾਵਾ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …