ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਖੋਜ਼ ਅਤੇ ਅਕਾਦਮਿਕਤਾ ਤੋਂ ਇਲਾਵਾ ਗਿਆਨ, ਵਿਗਿਆਨ, ਸੰਗੀਤ, ਥੀਏਟਰ, ਸਿਹਤ, ਆਰਕੀਟੈਕਚਰ, ਫਿਲਮ, ਸਾਹਿਤ, ਵਾਤਾਵਰਣ, ਸਮਾਜ ਸੇਵਾ ਅਤੇ ਫੋਟੋਗ੍ਰਾਫੀ ਆਦਿ ਖੇਤਰਾਂ ਤੋਂ ਇਲਾਵਾ ਹੋਰ ਅਨੁਸ਼ਾਸਨਾਂ ਵਿੱਚ ਭਾਗਦਾਰੀ ਵਧਾਉਣ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਸਮੁੱਚਤਾ ਨਾਲ ਵਿਕਸਤ ਕਰਨ ਦੇ ਉਦੇਸ਼ ਨਾਲ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ 12 ਦੇ ਕਰੀਬ ਵੱਖ-ਵੱਖ ਵਿਦਿਆਰਥੀ-ਕਲੱਬਾਂ ਦਾ ਗਠਨ ਕੀਤਾ ਗਿਆ ਹੈ।
ਇਨ੍ਹਾਂ ਵਿਚੋਂ ਹੀ ਡਰਾਮਾ ਕਲੱਬ ਵੱਲੋਂ ਨਾਟਕਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਇਸੇ ਤਹਿਤ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬੁੱਲ੍ਹਾ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਖੇਡਿਆ ਗਿਆ। ੲਹ ਨਾਟਕ 17ਵੀਂ-18ਵੀਂ ਸਦੀ ਦੇ ਮਹਾਨ ਸੂਫ਼ੀ ਸ਼ਾਇਰ ਬਾਬਾ ਬੁਲ੍ਹੇ ਸ਼ਾਹ ਦੀ ਜੀਵਨ ਗਾਥਾ ਹੈ।
ਡਰਾਮਾ ਕਲੱਬ ਦੇ ਇੰਚਾਰਜ਼ ਡਾ ਸੁਨੀਲ ਕੁਮਾਰ ਨੇ ਨਾਟਕ ਬਾਰੇ ਦੱਸਿਆ ਕਿ ਇਸ ਨਾਟਕ ਵਿੱਚ ਬਾਬਾ ਬੁੱਲ੍ਹੇ ਸ਼ਾਹ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਜ਼ੁਲਮ ਦੇ ਖਿਲਾਫ਼ ਬੋਲਦਾ ਹੈ ਤੇ ਲੋਕਾਈ ਦੇ ਨਾਲ ਖੜ੍ਹਾ ਹੁੰਦਾ ਹੈ।ਬਾਬਾ ਬੁੱਲ੍ਹੇ ਸ਼ਾਹ ਉਸ ਸਮੇਂ ਦੇ ਪਖੰਡਵਾਦ ਦੇ ਖਿਲਾਫ਼, ਧਾਰਮਿਕ ਕਟੜਤਾ ਦੇ ਖਿਲਾਫ਼ ਏਨੀ ਉਚੀ ਤੇ ਸੁੱਚੀ ਸ਼ਾਇਰੀ ਪੇਸ਼ ਕਰਦਾ ਹੈ ਕਿ ਹਾਕਮ, ਬਾਬਾ ਬੁੱਲ੍ਹੇ ਸ਼ਾਹ ਤੋਂ ਘਬਰਾ ਕੇ ਉਸ ਨੂੰ ‘ਕਸੂਰ’ ਸ਼ਹਿਰ ਤੋਂ ਬਾਹਰ ਕੱਢ ਦਿੰਦੇ ਨੇ, ਪਰ ਕਸੂਰ ਸ਼ਹਿਰ ਦੇ ਸਾਰੇ ਲੋਕ ਹੌਲੀ-ਹੌਲੀ ਬਾਬਾ ਬੁਲ੍ਹੇ ਸ਼ਾਹ ਦੇ ਪਿੱਛੇ ਚਲੇ ਜਾਂਦੇ ਰਹਿੰਦੇ ਹਨ।ਹਾਕਮਾਂ ਦਾ ਕਸੂਰ ਸ਼ਹਿਰ ਉਜੜ ਜਾਂਦਾ ਹੈ ਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਸੂਰ ਸ਼ਹਿਰ ਵੱਸਣ ਲਗ ਪੈਂਦਾ ਹੈ।
ਇਸ ਨਾਟਕ ਵਿੱਚ ਗੁਰਤੇਜ਼ ਮਾਨ, ਵਿਸ਼ੂ ਸ਼ਰਮਾ, ਸਾਜਨ ਕੋਹੇਨੂਰ, ਹਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਡੋਲੀ ਸੱਡਲ, ਪਰਮਿੰਦਰ ਸਿੰਘ, ਜੋਹਨ ਪਾਲ ਆਦਿ ਨੇ ਅਦਾਕਾਰੀ ਦੇ ਜ਼ੋਹਰ ਦਿਖਾਏ।ਨਾਟਕ ਦਾ ਖੂੁਬਸੂਰਤ ਗੀਤ ਸੰਗੀਤ ਕੁਸ਼ਾਗਰ ਕਾਲੀਆ, ਹਰਸ਼ਿਤਾ ਅਤੇ ਸਤਨਾਮ ਸਿੰਘ ਵਲੋਂ ਦਿੱਤਾ ਗਿਆ।ਇਸ ਨਾਟਕ ਵਿਚ ਨਾਟਕ ਦੇ ਡਾਇਰੈਕਟਰ ਕੇਵਲ ਧਾਲੀਵਾਲ ਨੇ ਬੱੁੱਲ਼੍ਹੇ ਸ਼ਾਹ ਦੇ ਮੁਰਸ਼ਦ ਅਨਾਇਤ ਸ਼ਾਹ ਦਾ ਰੋਲ ਨਿਭਾਅ ਕੇ ਇਸ ਕਿਰਦਾਰ ਨੂੰ ਜੀਵਤ ਕਰ ਦਿੱਤਾ।ਉਨ੍ਹਾਂ ਦੀ ਕਲਾਕਾਰੀ ਇਸ ਕਿਰਦਾਰ ਰਾਹੀਂ ਇਕ ਵਾਰ ਫਿਰ ਦਰਸ਼ਕਾਂ ਦੇ ਰੂਬਰੂ ਹੋਈ।ਉਨ੍ਹਾਂ ਨੇ ਸ਼ਾਹਿਦ ਨਦੀਮ ਦੇ ਮੂਲ ਨਾਟਕ ਵਿੱਚ ਕੁੱਝ ਸੋਧਾਂ ਕਰਕੇ ਕਰਕੇ ਇਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਨੁਸਾਰ ਢਾਲਿਆ।
ਆਈ.ਕਿਊ.ਐਸ ਵਿਭਾਗ ਦੇ ਡਾਇਰੈਕਟਰ ਡਾ. ਅਸ਼ਵਨੀ ਲੂਥਰਾ ਨੇ ਕਿਹਾ ਕਿ ਨਾਟਕ `ਬੁੱਲਾ ` ਸਮਾਜ ਨੂੰ ਵਧੀਆ ਸੇਧ ਦੇਣ ਵਾਲਾ ਅਤੇ ਧਾਰਮਿਕ ਸਹਿਣਸ਼ੀਲਾ ਵਧਾਉਣ ਵਾਲਾ ਨਾਟਕ ਹੈ।ਅਜੌਕੇ ਸਮਾਜ ਨੂੰ ਅਜਿਹੇ ਨਾਟਕਾਂ ਦੀ ਬਹੁਤ ਜਰੂਰਤ ਹੈ।
ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ ਅਮਨਦੀਪ ਸਿੰਘ, ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਪ੍ਰਵੀਨ ਪੁਰੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਕੰਵਰ ਰੰਧੇਅ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …