Monday, July 8, 2024

ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਨੂੰ ਆਈ.ਸੀ.ਏ.ਆਰ ਵਲੋਂ ਮਿਲੀ ਵਿਸ਼ੇਸ਼ ਮਾਨਤਾ

‘ਮਾਨਤਾ ਪੱਤਰ’ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਕਾਲਜ ਬਣਿਆ – ਪ੍ਰਿੰ: ਡਾ. ਮਹਿਲ ਸਿੰਘ

ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ੁਦਮੁਖ਼ਤਿਆਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੇ ਇਕ ਮਹੀਨਾ ਪਹਿਲਾਂ ਜਿਥੇ ਨੈਕ ਟੀਮ ਵਲੋਂ ‘ਏ ਪਲਸ’ ਗ੍ਰੇਡ ਹਾਸਲ ਕਰਕੇ ਨਾਮਣਾ ਖੱਟਿਆ ਹੈ, ਉਥੇ ਐਗਰੀਕਲਚਰ ਵਿਭਾਗ ਦੀ ਬੀ.ਐਸ-ਸੀ (ਆਨਰਜ਼) ਐਗਰੀਕਲਚਰ ਲਈ ਇਕ ਹੋਰ ਵੱਡੀ ਤੇ ਵਿਸ਼ੇਸ਼ ਪ੍ਰਾਪਤੀ ਕੀਤੀ ਹੈ।ਕਾਲਜ ਨੂੰ ‘ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ’, (ਆਈ.ਸੀ.ਏ.ਆਰ) ਨਵੀਂ ਦਿੱਲੀ ਵਲੋਂ ਬੀ.ਐਸ-ਸੀ (ਆਨਰਜ਼) ਐਗਰੀਕਲਚਰ ਦੀ ਐਕਰੀਡੇਸ਼ਨ ਸਬੰਧੀ ਮਾਨਤਾ ਪੱਤਰ ਮਿਲ ਗਿਆ ਹੈ।ਇਹ ਮਾਨਤਾ 8 ਫਰਵਰੀ 2024 ਤੋਂ 7 ਫਰਵਰੀ 2029 ਤੱਕ 5 ਸਾਲ ਲਈ ਹੈ।ਐਗਰੀਕਲਚਰ ਦੀ ਡਿਗਰੀ ਸਬੰਧੀ ਅਜਿਹੀ ਮਾਨਤਾ ਪ੍ਰਾਪਤ ਕਰਨ ਵਾਲਾ ਇਹ ਪੰਜਾਬ ਦਾ ਪਹਿਲਾਂ ਕਾਲਜ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਵਿਭਾਗ ਮੁਖੀ ਡਾ. ਰਣਦੀਪ ਕੌਰ ਬੱਲ ਅਤੇ ਸਮੁੱਚੇ ਵਿਭਾਗ ਤੇ ਕਾਲਜ ਸਟਾਫ਼ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕੀਤੀ ਸਖ਼ਤ ਮਿਹਨਤ ਨੂੰ ਸਲਾਹਿਆ।ਡਾ. ਮਹਿਲ ਸਿੰਘ ਨੇ ਦੱਸਿਆ ਕਿ ਨਵੰਬਰ 2023 ’ਚ ‘ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ’, (ਆਈ.ਸੀ.ਏ.ਆਰ) ਨਵੀਂ ਦਿੱਲੀ ਵਲੋਂ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਨਿਰੀਖਣ ਸਬੰਧੀ ਵਿਸ਼ੇਸ਼ ਟੀਮ ਕਾਲਜ ਆਈ ਸੀ।ਇਸ ਟੀਮ ਨੇ 2 ਦਿਨ ’ਚ ਵਿਭਾਗ ਦੇ ਸਮੁੱਚੇ ਕੰਮਕਾਜ਼ ਤੇ ਸੁਵਿਧਾਵਾਂ ਸਬੰਧੀ ਵਿਸਥਾਰਿਤ ਰਿਪੋਰਟ ਤਿਆਰ ਕੀਤੀ ਸੀ।
ਉਨ੍ਹਾਂ ਕਿਹਾ ਕਿ ਆਈ.ਸੀ.ਏ.ਆਰ ਵਲੋਂ ਆਈ ਟੀਮ ਦੀ ਐਕਰੀਡੇਸ਼ਨ ਸਬੰਧੀ ਕੁੱਲ 8 ਮੁੱਖ ਬਿੰਦੂ ਸਨ। ਇੰਨ੍ਹਾਂ ਬਿੰਦੂਆਂ ਦੇ ਅੱਗੇ ਕੁਲ 40 ਸਬ ਪੱਖ ਹਨ।ਉਨ੍ਹਾਂ ਕਿਹਾ ਕਿ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਬੀ.ਐਸ-ਸੀ (ਆਨਰਜ਼) ਐਗਰੀਕਲਚਰ ਦੀ ਐਕਰੀਡੇਸ਼ਨ ਸਬੰਧੀ ਮਾਨਤਾ ਮਿਲ ਗਈ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਐਗਰੀਕਲਚਰ ਦੀ ਡਿਗਰੀ ਸਬੰਧੀ ਅਜਿਹੀ ਮਾਨਤਾ ਪ੍ਰਾਪਤ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਕਾਲਜ ਹੈ।ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਮਿਲਣ ਨਾਲ ਐਗਰੀਕਲਚਰ ਵਿਭਾਗ ਦੀ ਬੈਚੂਲਰ ਡਿਗਰੀ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਮੁੱਲ ਤੇ ਮਹੱਤਵ ਵੱਧ ਗਿਆ ਹੈ। ਇਸ ਐਕਰੀਡੇਸ਼ਨ ਨਾਲ ਬੀ.ਐਸ-ਸੀ (ਆਨਰਜ਼) ਐਗਰੀਕਲਚਰ ਦੇ ਦਾਖ਼ਲੇ ਪ੍ਰਤੀ ਵਿਦਿਆਰਥੀਆਂ ਦੀ ਖਿੱਚ ਤੇ ਹਰਮਨ ਪਿਆਰਤਾ ਹੋਰ ਵਧ ਜਾਵੇਗੀ।ਉਨ੍ਹਾਂ ਕਿਹਾ ਕਿ ਉਕਤ ਪ੍ਰਾਪਤੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਮੈਨੇਜਮੈਂਟ ਕਮੇਟੀ ਦੀ ਸਮੁੱਚੀ ਟੀਮ ਵਲੋਂ ਮਿਲ ਰਹੀ ਦੂਰ-ਅੰਦੇਸ਼ੀ ਵਾਲੀ ਯੋਗ ਅਗਵਾਈ ਸਦਕਾ ਹੋਈ ਹੈ।ਉਨ੍ਹਾਂ ਉਕਤ ਪ੍ਰਾਪਤੀ ਸਬੰਧੀ ਵਿਭਾਗ ਮੁਖੀ ਡਾ. ਰਣਦੀਪ ਕੌਰ ਬੱਲ ਤੇ ਸਮੁੱਚੇ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ।

 

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …