Friday, July 5, 2024

ਪ੍ਰੀ-ਨਰਸਰੀ ਤੋਂ ਹੀ ਬੱਚਿਆਂ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਹਿੱਤ ਸੀ.ਕੇ.ਡੀ ਵਲੋਂ ਇਕੱਤਰਤਾ

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਧਰਮ-ਪ੍ਰਚਾਰ ਕਮੇਟੀ ਵਲੋਂ ਧਾਰਮਿਕ ਅਤੇ ਗੁਰਮਤਿ ਸੰਗੀਤ ਅਧਿਆਪਕਾਂ ਨਾਲ ਵਿਸ਼ੇਸ਼ ਇਕੱਤਰਤਾ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਧਰਮ ਵਿੱਚ ਪਰਿਪੱਕ ਰੱਖਣ ਅਤੇ ਸਿੱਖੀ ਜੀਵਨ-ਜਾਚ ਨਾਲ ਜ਼ੋੜਨ ਹਿੱਤ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਵਿੱਚ ਪੁੱਜੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਅਜ਼ੋਕੇ ਸਮੇਂ ਬੱਚਿਆਂ ਨੂੰ ੳ ਅਤੇ ਜੂੜਾ ਦੀ ਮਹੱਤਤਾ ਸਮਝਾਉਣ, ਸਿੱਖਾਂ ਦੇ ਪੁਰਾਤਨ, ਸ਼ਾਨਦਾਰ ਅਤੇ ਕੁਰਬਾਨੀਆਂ ਭਰੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਦੀ ਲਹਿਰ ਨੂੰ ਹੋਰ ਤੇਜ਼ ਕਰਨ ਹਿੱਤ ਖਾਸ ਯੋਜਨਾਵਾਂ ਉਲੀਕਣ ਦੀ ਲੋੜ੍ਹ ਤੇ ਜ਼਼ੋਰ ਦਿੱਤਾ।ਉਹਨਾਂ ਅਧਿਆਪਕਾਂ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਉੱਚ ਅਹੁੱਦਿਆਂ ‘ਤੇ ਬਿਰਾਜ਼ਮਾਨ ਨੌਜੁਆਨ ਪੀੜ੍ਹੀ ਦੇ ਪ੍ਰੇਰਨਾ ਸਰੋਤ ਸਾਬਤ ਸੂਰਤ ਸਿੱਖਾਂ ਬਾਬਤ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਵੀ ਪ੍ਰੇਰਿਆ।ਦੀਵਾਨ ਸਕੂਲਾਂ ਦੇ ਨਵੇਂ ਸੈਸ਼ਨ ਦੇ ਧਾਰਮਿਕ ਅਤੇ ਗੁਰਮਤਿ ਸੰਗੀਤ ਸਿਲੈਬਸ ਵਿੱਚ ਕੀਤੇ ਗਏ ਬਦਲਾਅ ‘ਤੇ ਚਾਨਣਾ ਪਾਇਆ ਗਿਆ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਨਵੇਂ ਸਿਲੈਬਸ ਵਿਚ ਬੱਚਿਆਂ ਨੂੰ ਗੁਰਬਾਣੀ ਦੇ ਅਰਥ ਡੁੰਘਾਈ ਨਾਲ ਸਮਝਾਉਣ, ਤੰਤੀ ਸਾਜ਼ਾਂ ਨਾਲ ਕੀਰਤਨ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਗੁਰਬਾਣੀ ਕੰਠ ਕਰਵਾਉਣ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਪ੍ਰੀ-ਨਰਸਰੀ ਪੱਧਰ ਤੋ ਹੀ ਗੁਰਦੁਆਰਾ ਸਾਹਿਬ ਨਾਲ ਜੋੜਦਿਆਂ ਗੁਰੂ ਮਰਿਆਦਾ ਅਤੇ ਸਿੱਖੀ ਜੀਵਨ-ਜਾਚ ਦਾ ਗਿਆਨ ਦਿੱਤਾ ਜਾਵੇਗਾ।ਉਹਨਾਂ ਨੇ ਦੱਸਿਆ ਕਿ ਸਿੱਖੀ ਪ੍ਰਚਾਰ-ਪ੍ਰਸਾਰ ਲਈ ਉਘੇ ਸਿੱਖ ਵਿਦਵਾਨਾਂ ਦੀਆਂ ਜੀਵਨੀਆਂ ਵੀ ਨਵੇਂ ਸਿਲੈਬਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।ਧਰਮ ਪ੍ਰਚਾਰ ਕਮੇਟੀ ਵੱਲੋਂ ਪੂਰੇ ਸੈਸ਼ਨ ਦੌਰਾਨ ਧਰਮ ਪ੍ਰਚਾਰ ਲਈ ਉਲੀਕੇ ਗਏ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕੀਤਾ ਗਿਆ।
ਇਸ ਮੋਕੇ ਦੀਵਾਨ ਦੇ ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਧਰਮ ਪ੍ਰਚਾਰ ਦੇ ਮੈਂਬਰ ਤਰਲੋਚਨ ਸਿੰਘ, ਹਰਮਨਜੀਤ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਤੋੀ ਇਲਾਵਾ ਦੀਵਾਨ ਮੈਂਬਰ ਪ੍ਰਦੀਪ ਸਿੰਘ ਵਾਲੀਆ, ਪ੍ਰੋ. ਸੂਬਾ ਸਿੰਘ, ਬੀਬੀ ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ, ਬੀਬੀ ਸੁਖਜੀਤ ਕੌਰ ਤੇ ਧਾਰਮਿਕ ਅਧਿਆਪਕ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …