ਛੀਨਾ ਨੇ ਨੌਜਵਾਨਾਂ ਨੂੰ ਮਾਂ ਬੋਲੀ ਤੇ ਵਿਰਸੇ ਦੀ ਸਾਂਭ-ਸੰਭਾਲ ਲਈ ਕੀਤਾ ਉਤਸ਼ਾਹਿਤ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੁਕੇਸ਼ਨ ਰਣਜੀਤ ਐਵਨਿਊ ਵਿਖੇ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ
‘ਮਾਂ ਬੋਲੀ ਪੰਜਾਬੀ ਸਾਹਿਤਕ ਮੇਲਾ-2024’ ਲਗਾਇਆ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਰਿਬਨ ਕੱਟ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।
ਵਿਦਿਆਰਥੀਆਂ ਲਈ ਜਿਥੇ ਸੁੰਦਰ ਲਿਖਾਈ, ਕੈਲੀਗ੍ਰਾਫ਼ੀ, ਪੱਥਰ, ਲੱਕੜ, ਮਿੱਟੀ ਤੇ ਥਰਮਾਕੋਲ ’ਚ ਮੂਰਤੀ ਕਲਾ, ਸਲੋਗਨ ਲਿਖਣ ਕਲਾ ਦੇ ਮੁਕਾਬਲੇ ਕਰਵਾਏ ਗਏ, ਉਥੇ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਉਘੇ ਲੋਕਧਾਰਾ ਸ਼ਾਸਤਰੀ ਡਾ. ਜੁਗਿੰਦਰ ਸਿੰਘ ਕੈਰੋਂ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ, ਕਹਾਣੀਕਾਰ ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਹਰਿੰਦਰ ਕੌਰ ਸੋਹਲ ਵਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਛੀਨਾ ਨੇ ਕਿਹਾ ਕਿ ਦੇਸ਼-ਵਿਦੇਸ਼ ’ਚ ਪੰਜਾਬੀ ਪਕਵਾਨਾਂ, ਪਹਿਰਾਵੇ ਅਤੇ ਰਹਿਣ-ਸਹਿਨ ਦੀ ਖੂਬ ਚਰਚਾ ਹੈ, ਪਰ ਅੱਜ ਦੀ ਪੀੜ੍ਹੀ ਮਾਂ ਬੋਲੀ ਸਾਹਿਤਕ ਨੂੰ ਵਿਸਾਰਦੀ ਜਾ ਰਹੀ ਹੈ, ਜੋ ਕਿ ਪੰਜਾਬੀਅਤ ਲਈ ਚਿੰਤਾ ਦਾ ਵਿਸ਼ਾ ਹੈ।ਇਸ ਲਈ ਹੋਰਨਾਂ ਭਾਸ਼ਾਵਾਂ ਦੇ ਨਾਲ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਸਾਡਾ ਸਭਨਾਂ ਦਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਕਾਲਜ ਦੁਆਰਾ ਮਾਂ ਬੋਲੀ, ਸੱਭਿਅਤਾ ਦੇ ਰੀਤੀ-ਰਿਵਾਜ਼ਾਂ ਅਤੇ ਪੁਰਾਤਨ ਪਹਿਰਾਵਿਆਂ ਤੋਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਗਿਆ ਹੈ।
ਛੀਨਾ ਨੇ ਕਿਹਾ ਕਿ ਮਾਪੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਆਪਣੇ ਵਿਰਸੇ ਸਬੰਧੀ ਜਾਣਕਾਰੀ ਦੇਣ ਤਾਂ ਜੋ ਉਹ ਆਪਣੀ ਮਿੱਟੀ ਨਾਲ ਜੁੜ ਕੇ ਰਹਿ ਸਕੇ।ਉਨ੍ਹਾਂ ਵਲੋਂ ਸੰਪਾਦਕ ਲਖਵਿੰਦਰ ਸਿੰਘ ਸਲੇਮਪੁਰੀ, ਰਾਜਬੀਰ ਗਰੇਵਾਲ, ਦਵਿੰਦਰ ਖੁਸ਼ ਧਾਲੀਵਾਲ ਦੀ ‘ਸੋਨ ਸੁਨਿਹਰੀ ਕਲਮਾਂ-ਕਾਵਿ ਸੰਗ੍ਰਹਿ’ ਅਤੇ ਡਾ. ਰਵਿੰਦਰ ਭਾਟੀਆ ਦੀ ਕਰਿਸ਼ਮਾ-ਕਹਾਣੀ ਸੰਗ੍ਰਹਿ ਪੁਸਤਕ ਲੋਕ ਅਰਪਿਤ ਕੀਤੀ ਗਈ।ਮਾਝੇ ਦੀਆਂ ਸੱਥਾਂ ਦੇ ਪਤਵੰਤਿਆਂ ਦਾ ਸਨਮਾਨ ਸਮਾਰੋਹ ਅਤੇ ਕਵੀ ਸੰਮੇਲਨ ਵੀ ਕਰਵਾਇਆ ਗਿਆ।
ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਪੰਜਾਬੀ ਸਭਾ ਸਮਿਤੀ ਦੀ ਮੁਖੀ ਡਾ. ਅਜੈਪਾਲ ਸਿੰਘ ਢਿੱਲੋ ਦੀ ਮੌਜ਼ੂਦਗੀ ਵਿੱਚ ਦੱਸਿਆ ਕਿ ਉਕਤ ਮੇਲਾ ਮਾਂ ਬੋਲੀ ਪੰਜਾਬੀ ਸਾਹਿਤ ਨੂੰ ਸਮਰਪਿਤ ਸੀ।ਆਏ ਹੋਏ ਕਹਾਣੀਕਾਰਾਂ ਤੇ ਹੋਰ ਸਖਸ਼ੀਅਤਾਂ ਵਲੋਂ ਪੰਜਾਬੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਸਮੇਂ ਲਗਾਏ ਗਏ ਪੁਸਤਕਾਂ ਦੇ ਸਟਾਲ, ਲੋਕ ਨਾਚ, ਲੋਕ ਗੀਤ, ਪੰਘੂੜੇ, ਖਾਣ-ਪੀਣ ਦੇ ਸਟਾਲ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਹਾਸਰਸ ਕਲਾਕਾਰ ਸੁਰਿੰਦਰ ਫ਼ਰਿਸ਼ਤਾ (ਘੁੱਲ੍ਹੇ ਸ਼ਾਹ) ਅਤੇ ਰਾਜਬੀਰ ਕੌਰ, ਪ੍ਰਸਿੱਧ ਗੀਤਕਾਰ ਚਰਨ ਲਿਖਾਰੀ, ਗੁਰਪ੍ਰੀਤ ਗਿੱਲ ਅਤੇ ਪੰਜਾਬੀ ਟੀ.ਵੀ ਕਲਾਕਾਰ ਕਿਰਨਬੀਰ ਕੌਰ ਨੇ ਮਾਂ ਬੋਲੀ ਸਬੰਧੀ ਆਪਣੇ ਵਿਚਾਰ ਪ੍ਰਗਟਾਏ।ਵਿਦਿਆਰਥੀਆਂ ਨੇ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਅਹਿਦ ਲਿਆ।ਇਸ ਮੌਕੇ ਅੰਡਰ ਸੈਕਟਰੀ ਡੀ.ਐਸ ਰਟੌਲ ਸਮੇਤ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media