Tuesday, May 21, 2024

ਖਾਲਸਾ ਕਾਲਜ ਵਿਖੇ ‘ਵਿਸਾਖੀ’ ਮੇਲੇ ਦੀਆਂ ਲੱਗੀਆਂ ‘ਰੌਣਕਾਂ’

ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੀਤਾ ਯਤਨ – ਛੀਨਾ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) -ਸਿੱਖਾਂ ਦਾ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲੋਕਾਂ ਨੂੰ ਜੀਵਨ ਜਿਉਣ, ਸੱਚਾਈ ਦੇ ਮਾਰਗ ’ਤੇ ਚੱਲਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਉਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਮੂਹ ਭੇਦਭਾਵ ਨੂੰ ਮਿਟਾਉੇਂਦਿਆਂ ਸਾਰੀ ਦੁਨੀਆ ਦੀ ਜਾਤ ਇਨਸਾਨੀਅਤ ਦੱਸਦਿਆਂ ਖ਼ਾਲਸਾ ਪੰਥ ਦੀ ਵਿਸਾਖੀ ਮੌਕੇ ਸਾਜਨਾ ਕੀਤੀ।ਇਹ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਕੈਂਪਸ ਦੇ ਕ੍ਰਿਕੇਟ ਮੈਦਾਨ ਵਿਖੇ ਯੁਵਕ ਭਲਾਈ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਅੱਜ ‘ਵਿਸਾਖੀ ਮੇਲਾ ਰੌਣਕ-2024’ ਮੇਲੇ ਦਾ ਸ਼ੁਭਆਰੰਭ ਰਿਬਨ ਕੱਟ ਕੇ ਕਰਨ ਉਪਰੰਤ ਆਪਣੇ ਸੰਬੋਧਨ ’ਚ ਕੀਤਾ।ਉਨ੍ਹਾਂ ਨਾਲ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਰਜਿਸਟਰਾਰ ਡਾ. ਦਵਿੰਦਰ ਸਿੰਘ ਵੀ ਮੌਜ਼ੂਦ ਸਨ।
ਛੀਨਾ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ’ਚ ਖਾਸ ਮਹੱਤਵ ਰੱਖਦਾ ਹੈ।ਇਸ ਦਿਨ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਇਸ ਤਿਉਹਾਰ ’ਤੇ ਹਾੜੀ ਦੀ ਫ਼ਸਲ ਪੱਕਣ ਦੀ ਖੁਸ਼ੀ ਵੀ ਸਾਂਝੀ ਕੀਤੀ ਜਾਂਦੀ ਹੈ।ਇਸ ਲਈ ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ।
ਇਹ ਭਾਰਤੀ ਇਤਿਹਾਸ ਨਾਲ ਇਕ ਹੋਰ ਸਭ ਤੋਂ ਵੱਡਾ ਦੁਖਾਂਤ ਜਲਿਆਂਵਾਲੇ ਬਾਗ ਅੰਮ੍ਰਿਤਸਰ ਦੇ ਸਾਕੇ ਨਾਲ ਵੀ ਜੁੜਿਆ ਹੋਇਆ, ਜਦ 13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਵਿਖੇ ਹਜ਼ਾਰਾਂ ਦੀ ਤਦਾਦ ’ਚ ਇਕੱਠੇ ਹੋਏ ਨਿਹੱਥੇ ਬੱਚਿਆਂ, ਔਰਤਾਂ, ਬਜ਼ੁਰਗ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ।
ਡਾ. ਮਹਿਲ ਸਿੰਘ ਨਾਲ ਟਾਂਗੇ ’ਤੇ ਸਵਾਰ ਹੋ ਕੇ ਮੇਲੇ ਦਾ ਉਦਘਾਟਨ ਕਰਨ ਪੁੱਜੇ।ਛੀਨਾ ਨੇ ਮੇਲੇ ’ਚ ਲਗਾਏ ਗਏ ਵੱਖ-ਵੱਖ ਸਟਾਲਾਂ ਅਤੇ ਸੱਭਿਅਤਾ ਨਾਲ ਪੁਰਾਤਨ ਵੇਲੇ ਦੀ ਝਲਕ ਪੇਸ਼ ਕਰਦੀਆਂ ਕਲਾਕਿ੍ਰਤੀਆਂ, ਚਿੱਤਰਕਾਰੀਆਂ, ਪੁਰਾਤਨ ਰਵਾਇਤਾਂ ਫੁਲਕਾਰੀ, ਦਾਣੇ ਭੁੰਨਦੀ ਭੱਠੀ ਵਾਲੀ, ਘੋੜੇ ਅਤੇ ਊਠ ਆਦਿ ਦਾ ਆਨੰਦ ਮਾਣਿਆ।ਕਾਲਜ ਵਿਖੇ ਪੰਜਾਬੀ ਸੱਭਿਅਤਾ ਦੇ ਰੀਤੀ-ਰਿਵਾਜਾਂ ਅਤੇ ਪੁਰਾਤਨ ਪਹਿਰਾਵਿਆਂ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਂਦਿਆ ਉਕਤ ਮੇਲੇ ਦੇ ਆਯੋਜਨ ਮੌਕੇ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ’ਚ ਝੂਮਦਾ ਕਰਵਾਇਆ।ਮੇਲੇ ’ਚ ਪੰਜਾਬ ਦੀ ਪ੍ਰਾਚੀਨ ਰਵਾਇਤ ਦੀ ਦਿਲਕਸ਼ ਝਲਕ ਨੇ ਸਭਨਾ ਦਾ ਮਨ ਮੋਹ ਲਿਆ। ਝੂਟਿਆਂ ਦਾ ਆਨੰਦ ਮਾਣਦੇ ਹੋਏ ਵਿਦਿਆਰਥੀਆਂ ਨੇ ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਭੰਗੜਾ, ਗੱਤਕਾ, ਗਿੱਧਾ-ਬੋਲੀਆਂ, ਡਾਂਸ ਆਦਿ ਨੇ ਮਾਹੌਲ ਨੂੰ ਬੰਨ੍ਹੀ ਰੱਖਿਆ।
ਪੰਜਾਬ ਦੀ ਉੱਘੀ ਥੀਏਟਰ ਸ਼ਖਸੀਅਤ ਜਤਿੰਦਰ ਸਿੰਘ ਬਰਾੜ ਨੂੰ ‘ਥੀਏਟਰ ਐਵਾਰਡ’ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਿਰਦੇਸ਼ਕ-ਨਿਰਮਾਤਾ ਕਾਰਜ ਗਿੱਲ ਨੂੰ ‘ਖਾਲਸਾ ਕਾਲਜ ਫੋਕ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਨਾਮਵਰ ਗਾਇਕ ਅਤੇ ਅਦਾਕਾਰ ਗੁਰਸ਼ਬਦ ਨੇ ਹਾਜ਼ਰ ਦਰਸ਼ਕਾਂ ਨੂੰ ਆਪਣੀ ਦਿਲਕਸ਼ ਅਵਾਜ਼ ਨਾਲ ਕੀਲਿਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਸਿਰਫ਼ ਪੁਸਤਕਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ।ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਸਮੇਂ-ਸਮੇਂ ’ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ।ਮੇਲੇ ਦੌਰਾਨ ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਅਤੇ ਸਾਜੋ-ਸਮਾਨ ਆਦਿ ਦੇ ਸਟਾਲ ਵੀ ਲਗਾਏ।
ਇਸੇ ਮੌਕੇ ਡਿਪਟੀ ਰਜਿਸਟਰਾਰ ਦੀਪਕ ਦੇਵਗਨ, ਡਾ. ਸੁਰਜੀਤ ਕੌਰ, ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਪ੍ਰਿੰਸੀਪਲ ਡਾ. ਮਨਦੀਪ ਕੌਰ, ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਪ੍ਰੋ: ਸਤਨਾਮ ਸਿੰਘ, ਡਾ. ਆਤਮ ਰੰਧਾਵਾ, ਪ੍ਰੋ: ਹੀਰਾ ਸਿੰਘ, ਹਰਜੀਤ ਕੌਰ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …