Friday, May 24, 2024

ਪ੍ਰਮੁੱਖ ਸ਼ਾਇਰ ਡਾ. ਮੋਹਨਜੀਤ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 20 ਅਪ੍ਰੈਲ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਅਦਲੀਵਾਲ ‘ਚ 7 ਮਈ 1938 ਨੂੰ ਜਨਮੇ `ਤੇ ਦਿੱਲੀ ਵਸਦੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਉੱਚ ਦੁਮਾਲੜੇ ਲੇਖਕ-ਸ਼ਾਇਰ ਡਾ. ਮੋਹਨਜੀਤ ਦੇ ਸਦੀਵੀ ਵਿਛੋੜੇ ਨੇ ਲੇਖ਼ਕਾਂ ਤੇ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਡੂੰਘਾ ਗਮ ਪੈਦਾ ਕੀਤਾ ਹੈ।ਅੱਜ ਸਵੇਰੇ ਦਿੱਲੀ ਵਿਖੇ ਸਦੀਵੀ ਵਫਾਤ ਪਾ ਗਏ ਪੰਜਾਬੀ ਜ਼ੁਬਾਨ ਦੇ ਸੁਚਿਆਰੇ ਪੁੱਤਰ ਡਾ. ਮੋਹਨਜੀਤ ਨੇ ਬਹੁਤ ਮੁੱਲਵਾਨ ਪੁਸਤਕਾਂ “ਓਹਲੇ ਵਿੱਚ ਉਜਿਆਲਾ”, “ਹਵਾ ਪਿਆਜ਼ੀ”,”ਕੋਣੇ ਦਾ ਸੂਰਜ” ਤੇ “ਕੀ ਨਦੀ ਕੀ ਨਾਰੀ”, ਸਮੇਤ ਕਵਿਤਾ, ਅਨੁਵਾਦ ਤੇ ਅਲੋਚਨਾ ਦੀਆਂ ਦੋ ਦਰਜ਼ਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।ਅੰਮ੍ਰਿਤਸਰ ਨਾਲ ਉਨ੍ਹਾਂ ਨੂੰ ਅੰਤਾਂ ਦਾ ਮੋਹ ਰਿਹਾ।ਕੁੱਝ ਸਮਾਂ ਪਹਿਲਾਂ ਹੀ ਉਹ ਅੰਬਰਸਰ ਆਪਣੇ ਵਿਆਹ ਦੀ 50ਵੀੰ ਵਰ੍ਹੇਗੰਢ ਮਨਾਉਣ ਆਏ ਸੀ।
ਉਨ੍ਹਾਂ ਦੇ ਵਿਛੋੜੇ ਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ, ਵਿਰਸਾ ਵਿਹਾਰ ਸੋਸਾਇਟੀ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਫੋਕਲੋਰ ਰਿਸਰਚ ਅਕਾਦਮੀ ਤੇ ਮਾਝਾ ਵਿਰਾਸਤ ਮੰਚ ਦੇ ਆਗੂਆਂ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਐਸ. ਪਰਸ਼ੋਤਮ, ਧਰਵਿੰਦਰ ਔਲਖ, ਡਾ. ਸੁਖਦੇਵ ਸਿੰਘ ਸੇਖੋਂ, ਕਮਲ ਗਿੱਲ, ਗੁਰਬਾਜ਼ ਛੀਨਾ, ਡਾ. ਰਾਣੀ, ਕਵਲਨੈਨ ਸਿੰਘ, ਸੁਖਬੀਰ ਸਿੰਘ ਭੋਮਾ, ਨਿਰੰਜਣ ਸਿੰਘ ਗਿੱਲ, ਹਰਦਰਸ਼ਨ ਸਿੰਘ ਕਮਲ, ਗੁਰਪ੍ਰੀਤ ਸਿੰਘ ਕੱਦਗਿਲ, ਕੁਲਦੀਪ ਸਿੰਘ ਦਰਾਜ਼ਕੇ ਆਦਿ ਨੇ ਆਪਣੇ ਆਪਣੇ ਜੀਵਨ ਕਾਲ ਵਿੱਚ ਡਾ.ਮੋਹਨਜੀਤ ਨਾਲ ਜੁੜੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਦਿਲੋਂ ਸ਼ਰਧਾਂਜਲੀ ਭੇਟ ਕੀਤੀ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …