Sunday, April 27, 2025

23ਵੇਂ ਰਾਸ਼ਟਰੀ ਰੰਗਮੰਚ ਉਤਸਵ 2024 ਦੇ ਪਹਿਲੇ ਦਿਨ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਣ

ਅੰਮ੍ਰਿਤਸਰ, 21 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 23ਵੇਂ ਰਾਸ਼ਟਰੀ ਰੰਗਮੰਚ ਉਤਸਵ ਦਾ ਉਦਘਾਟਨ ਸਥਾਨਕ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਇਸ ਨਾਟ ਉਤਸਵ 21 ਤੋਂ 25 ਅਪ੍ਰੈਲ ਤੱਕ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਤੇ ਪੰਜਾਬ ਦੀਆਂ ਪ੍ਰਸਿੱਧ ਨਾਟ ਸੰਸਥਾਵਾਂ ਆਪੋ-ਆਪਣੇ ਦਮਦਾਰ ਨਾਟਕ ਪੇਸ਼ ਕਰਨਗੀਆਂ।ਉਦਘਾਟਨ ਸਮਾਰੋਹ ਦੇ ਪਹਿਲੇ ਦਿਨ ਮੰਚ-ਰੰਗਮੰਚ ਵਸੰਤ ਸਬਨੀਸ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।
ਇਹ ਨਾਟਕ ਪ੍ਰਸਿੱਧ ਮਰਾਠੀ ਲੋਕ ਨਾਟਕ ‘ਸਈਆਂ ਭਏ ਕੋਤਵਾਲ’ ਦਾ ਰੂਪਾਂਤਰਨ ਹੈ, ਜੋ ਕਿ ਵਸੰਤ ਸਬਨੀਸ ਦੁਆਰਾ ਲਿਖਿਆ ਗਿਆ ਹੈ।ਇਹ ਨਾਟਕ ਪੇਂਡੂ ਲੋਕ ਨਾਟ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸ਼ਹਿਰੀ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ।ਨਾਟਕ ਦੀ ਕਹਾਣੀ ਇੱਕ ਰਾਜੇ ਅਤੇ ਉਸ ਦੇ ਚਾਲਬਾਜ਼ ਪ੍ਰਧਾਨ ਦੀ ਹੈ।ਰਾਜ ਦੇ ਮੁੱਖ ਥਾਣੇਦਾਰ ਦੀ ਮੌਤ ਤੋਂ ਬਾਅਦ ਰਾਜੇ ਦਾ ਚਲਾਕ ਪ੍ਰਧਾਨ ਆਪਣੇ ਸਾਲੇ ਨੂੰ ਥਾਣੇਦਾਰ ਦੇ ਅਹੁਦੇ ’ਤੇ ਲਗਾ ਦਿੰਦਾ ਹੈ।ਜੋ ਕਿ ਅਨਪੜ੍ਹ ਗਵਾਰ ਅਤੇ ਲੂਲਾ ਲੰਗੜਾ ਹੈ।ਜਦੋਂ ਕਿ ਇਸ ਅਹੁਦੇ ਦੀ ਯੋਗਤਾ ਮੁਤਾਬਿਕ ਹਵਲਦਾਰ ਦੀ ਤਰੱਕੀ ਦੀ ਵਾਰੀ ਹੈ।ਪਰ ਭਾਈ ਭਤੀਜਾਵਾਦ ਅਤੇ ਰਿਸ਼ਵਤਖੋਰੀ ਦੇ ਯੁੱਗ ਵਿੱਚ ਹਵਲਦਾਰ ਨੂੰ ਪਿੱਛੇ ਧੱਕ ਕੇ ਪ੍ਰਧਾਨ ਦਾ ਅਨਪੜ੍ਹ ਸਾਲਾ ਥਾਣੇਦਾਰ ਦੇ ਅਹੁਦੇ ਤੇ ਪਹੁੰਚ ਜਾਂਦਾ ਹੈ।ਉਧਰ ਹਵਲਦਾਰ ਆਪਣੀ ਪ੍ਰੇਮਿਕਾ ਮੈਨਾਵਤੀ ਨਾਲ ਮਿਲ ਕੇ ਥਾਣੇਦਾਰ ਦੀਆਂ ਬੇਈਮਾਨੀਆਂ ਤੇ ਰਿਸ਼ਵਤਖੋਰੀ ਅਤੇ ਰਾਜੇ ਦੇ ਸਮਾਨ ਦੀ ਚੋਰੀ ਦਾ ਪਤਾ ਲਗਾਉਂਦਾ ਹੈ ਤੇ ਅਨਪੜ ਥਾਣੇਦਾਰ ਨੂੰ ਸਜ਼ਾ ਮਿਲਦੀ ਹੈ।ਰਾਜਾ ਖੁਸ਼ੀ ਵਿੱਚ ਯੋਗ ਹਵਲਦਾਰ ਨੂੰ ਥਾਣੇਦਾਰ ਬਣਾ ਦਿੰਦਾ ਹੈ।
ਇਸ ਨਾਟਕ ਦੇ ਪਾਤਰ ਗੁਰਤੇਜ ਮਾਨ, ਇਮੈਨੁਅਲ ਸਿੰਘ, ਵੀਰਪਾਲ ਕੌਰ, ਸਾਜਨ ਕੋਹਿਨੂਰ, ਗੁਰਦਿੱਤਪਾਲ ਸਿੰਘ, ਨਿਸ਼ਾਨ ਸਿੰਘ, ਜੌਹਨਪਾਲ ਸਹੋਤਾ, ਕੁਸ਼ਾਗਰ ਕਾਲੀਆ, ਹਰਸ਼ਿਤਾ, ਸਤਨਾਮ ਸਿੰਘ ਅਤੇ ਡਿਜ਼ਾਈਨ ਤੇ ਨਿਰਦੇਸ਼ਨ ਕੇਵਲ ਧਾਲੀਵਾਲ ਦਾ ਸੀ।

 

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …