Friday, December 20, 2024

ਦੋਸ਼ੀ ਕੌਣ—?

ਹੁਸ਼ਿਆਰ ਵਿਦਿਆਰਥੀ ਲਗਾਤਾਰ ਜਮਾਤ ਵਿੱਚ ਗੈਰਹਾਜ਼ਰ ਚੱਲ ਰਿਹਾ ਸੀ।ਜਮਾਤ ਇੰਚਾਰਜ ਨੇ ਸੋਚਿਆ ਕਿ ਇਸ ਵਿਦਿਆਰਥੀ ਨੇ ਤਾਂ ਕਦੇ ਮੀਂਹ-ਹਨੇਰੀ ਵਿੱਚ ਵੀ ਸਕੂਲ ਤੋਂ ਛੁੱਟੀ ਨਹੀਂ ਕੀਤੀ, ਪਤਾ ਨਹੀਂ ਕੀ ਘਟਨਾ ਘਟੀ ਹੈ? ਮੈਨੂੰ ਆਪ ਉਸ ਦੇ ਘਰ ਜਾ ਕੇ ਪਤਾ ਕਰਨਾ ਚਾਹੀਦਾ ਹੈ।ਸਾਰੀ ਛੁੱਟੀ ਉਪਰੰਤ ਉਸ ਵਿਦਿਆਰਥੀ ਦਾ ਘਰ ਅਧਿਆਪਕ ਦੇ ਰਸਤੇ ਵਿੱਚ ਹੋਣ ਕਰਕੇ ਅਧਿਆਪਕ ਉਸ ਵਿਦਿਆਰਥੀ ਬਾਰੇ ਪਤਾ ਕਰਨ ਲਈ ਉਸਦੇ ਘਰ ਚਲਾ ਗਿਆ।ਵਿਦਿਆਰਥੀ ਦੇ ਮਾਪੇ ਉਸ ਨੂੰ ਮਿਲੇ।ਅਧਿਆਪਕ ਨੇ ਉਹਨਾਂ ਦੇ ਬੱਚੇ ਬਾਰੇ ਦੱਸਿਆ ਕਿ ਉਹ ਲਗਾਤਾਰ ਪਿੱਛਲੇ ਦਿਨਾਂ ਤੋਂ ਸਕੂਲ ਨਹੀਂ ਆ ਰਿਹਾ, ਕੀ ਗੱਲ ਹੋ ਗਈ ਜੀ? ਘਰ ਵਿੱਚ ਸੁੱਖ-ਸਾਂਦ ਪੁੱਛਦਿਆਂ, ਅਧਿਆਪਕ ਉਹਨਾਂ ਨੂੰ ਪੜ੍ਹਾਈ ਦੇ ਫਾਇਦੇ ਗਿਣਾਉਣ ਲੱਗ ਪਿਆ।” ਅਸੀਂ ਆਪਣੇ ਮੁੰਡੇ ਨੂੰ ਨਹੀਂ ਪੜਾਉਣਾ, ਪਹਿਲਾਂ ਵੀ ਦੋ ਬੱਚੇ ਸੋਲਾਂ-ਸੋਲਾਂ ਜਮਾਤਾਂ ਪੜ੍ਹਾਏ।ਮਿਹਨਤ ਮਜ਼ਦੂਰੀ ਕਰਕੇ, ਕਰਜ਼ਾ ਚੁੱਕ ਕੇ ਉਹਨਾਂ ਨੂੰ ਕੋਰਸ ਵੀ ਕਰਾਏ।ਅੱਧੀ ਉਮਰ ਉਹਨਾਂ ਦੀ ਪੜ੍ਹਾਈ ਕਰਦਿਆਂ ਲੰਘ ਗਈ।ਜਿਹਨਾਂ ਦੀ ਪੜ੍ਹਾਈ `ਤੇ ਲੱਖਾਂ ਲਾਏ ਉਹ ਦੋਵੇਂ ਸੱਤ-ਅੱਠ ਹਜਾਰ ਰੁਪਏ ਤਨਖਾਹ ‘ਤੇ ਨੌਕਰੀ ਕਰ ਰਹੇ ਨੇ।ਆਹ ਜਿਸ ਦੇ ਬਾਰੇ ਤੁਸੀਂ ਪਤਾ ਕਰਨ ਆਏ ਜੇ, ਉਹ ਬਾਰ੍ਹਾਂ ਹਜ਼ਾਰ ਰੁਪਏ ‘ਤੇ ਲੱਗ ਗਿਆ ਜੇ”।ਅਧਿਆਪਕ ਦੇ ਕੰਨਾਂ ਵਿੱਚ ਇਹ ਬੋਲ ਗੋਲੀਆਂ ਵਾਂਗ ਵੱਜਣ ਲੱਗੇ।
ਉਹ ਬਿਨਾਂ ਕੁੱਝ ਬੋਲਿਆਂ ਆਪਣੇ ਮੋਟਰਸਾਇਕਲ ਨੂੰ ਸਟਾਰਟ ਕਰਕੇ ਘਰ ਵੱਲ ਚੱਲ ਪਿਆ।ਉਸਦੇ ਦਿਮਾਗ ਵਿੱਚ ਵੀ ਆਪਣੇ ਦਿਨਾਂ ਦੀਆਂ ਯਾਦਾਂ ਘੁੰਮਣ ਲੱਗੀਆਂ ਕਿ ਕਿਸ ਤਰ੍ਹਾਂ ਉਸ ਨੂੰ ਵੀ ਉਸਦੇ ਬਾਪ ਨੇ ਉੱਚ ਵਿੱਦਿਆ ਹਾਸਲ ਕਰਾਉਣ ਲਈ ਦਿਨ-ਰਾਤ ਮਿਹਨਤ ਕਰਕੇ ਉਸਦੀਆਂ ਮਣਾਂ-ਮੂੰਹੀਂ ਫੀਸਾਂ ਦੀ ਪੂਰਤੀ ਕੀਤੀ ਸੀ।ਨੌਕਰੀ ਲੈਣ ਲੱਗਿਆਂ ਪਤਾ ਨਹੀਂ ਕਿੰਨੀ ਵਾਰ ਧਰਨੇ ਲਾਉਣੇ ਪਏ।ਸੜ੍ਹਕਾਂ ‘ਤੇ ਖ਼ਾਕ ਛਾਣਦੇ ਹੋਇਆਂ ਜੁੱਤੀਆਂ ਘਸ ਗਈਆਂ।ਧਰਨੇ-ਮੁਜ਼ਾਹਰਿਆਂ ਦੌਰਾਨ ਪਾਣੀ ਦੀਆਂ ਬੁਛਾੜਾਂ ਤੇ ਸਰਕਾਰੀ ਡਾਂਗਾਂ ਦੀ ਚੀਸ ਅਜੇ ਵੀ ਕਦੇ-ਕਦੇ ਰੜ੍ਹਕਦੀ ਹੈ।ਇਨਾਂ ਜਿਆਦਾ ਸੰਘਰਸ਼ ਕਰਨ ਤੋਂ ਬਾਅਦ ਜੇਕਰ ਨੌਕਰੀ ਮਿਲੀ ਵੀ ਸੀ, ਤੇ ਉਹ ਵੀ 10 ਹਜ਼ਾਰ ਦੀ।ਅਧਿਆਪਕ ਦਾ ਜੀ ਕਰੇ ਕਿ ਆਪਣਾ ਮੋਟਰਸਾਇਕਲ ਵਾਪਸ ਮੋੜ ਕੇ ਫਿਰ ਉਹਨਾਂ ਦੇ ਘਰੇ ਜਾਵੇ, ਉਸ ਹੁਸ਼ਿਆਰ ਵਿਦਿਆਰਥੀ ਨੂੰ ਗਲਵੱਕੜੀ ਵਿੱਚ ਲਵੇ ਤੇ ਸਮਝਾਵੇ ਕਿ ਮੇਰੇ ਪੁੱਤਰ! “ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ—– ਪੜ੍ਹਾਈ ਮਨੁੱਖ ਕੋਲੋਂ ਕੋਈ ਖੋਹ ਨਹੀਂ ਸਕਦਾ—– ਪੜ੍ਹਾਈ ਦਾ ਕਿਤੇ ਨਾ ਕਿਤੇ ਜ਼ਿੰਦਗੀ `ਚ ਮੁੱਲ ਜਰੂਰ ਪੈਂਦਾ—–।ਅਧਿਆਪਕ ਦੇ ਮਨ ` ਚ ਪੜ੍ਹਾਈ ਸਬੰਧੀ ਅਨੇਕਾਂ ਵਿਚਾਰ ਘੁੰਮਣ ਲੱਗੇ।ਆਰਥਿਕ ਮੰਦਹਾਲੀ `ਚ ਡੁੱਬਿਆ ਅਧਿਆਪਕ ਘਰ ਨੂੰ ਆਉਂਦਾ ਸ਼ਾਇਦ ਭਰੇ ਮਨ ਨਾਲ਼ ਇਹ ਸੋਚਦਾ ਕਿ ਮਾਪਿਆਂ ਦੀ ਸੋਚ ਖੁੰਡੀ ਕਰਨ ਤੇ ਵਿਦਿਆਰਥੀ ਦੀ ਪੜ੍ਹਾਈ ਛਡਵਾਉਣ ਲਈ ਦੋਸ਼ੀ ਕੋਣ .. ?
ਕਹਾਣੀ 2104202401

ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ,
ਪੈਰਾਡਾਈਜ਼-2, ਛੇਹਰਟਾ, ਅੰਮ੍ਰਿਤਸਰ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …