Monday, May 27, 2024

ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਲੋਕ ਅਰਪਨ

ਅੰਮ੍ਰਿਤਸਰ, 22 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਕਾਰ ਸ. ਨਾਨਕ ਸਿੰਘ ਹਾਲ ਵਿਖੇ ਨਾਰੀ ਚੇਤਨਾ ਮੰਚ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਦੀਆਂ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਵਿੱਚ ਕਨੇਡਾ ਵੱਸਦੀ ਲੇਖਿਕਾ ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਨੂੰ ਲੋਕ ਅਰਪਣ ਕੀਤਾ ਗਿਆ।ਡਾ. ਇਕਬਾਲ ਕੌਰ ਸੌਂਦ, ਡਾ. ਗੁਰਨਾਮ ਕੌਰ ਬੇਦੀ, ਡਾ. ਮਨਜਿੰਦਰ ਸਿੰਘ, ਡਾ. ਹਰਜੋਤ ਕੌਰ ਗਿੱਲ ਤੇ ਬਖਤਾਵਰ ਸਿੰਘ ਦੇ ਅਧਾਰਿਤ ਪ੍ਰਧਾਨਗੀ ਮੰਡਲ ਵਿੱਚ ਹੋਏ ਇਸ ਖੂਬਸੂਰਤ ਤੇ ਪ੍ਰਭਾਵਸ਼ਾਲੀ ਸਮਾਗਮ ਦੇ ਆਰੰਭ ਵਿੱਚ ਵਿਰਸਾ ਵਿਹਾਰ ਦੇ ਸਕੱਤਰ ਤੇ ਪੰਜਾਬੀ ਲੇਖਕ ਭੁਪਿੰਦਰ ਸਿੰਘ ਸੰਧੂ ਨੇ ਸਭਨਾਂ ਨੂੰ ‘ਜੀ ਆਇਆਂ’ ਕਹਿਦਿਆਂ ਵਿਰਸਾ ਵਿਹਾਰ ਦੇ ਵਿਹੜੇ ਹੁੰਦੇ ਸਾਹਿਤਕ ਸਭਿਆਚਾਰਕ ਸਮਾਗਮਾਂ ਦੀ ਜਾਣਕਾਰੀ ਤੇ ਲੇਖਿਕਾ ਨੂੰ ਨਵ ਪੁਸਤਕ ਦੀ ਵਧਾਈ ਦਿੱਤੀ।
ਪੁਸਤਕ ‘ਤੇ ਚਰਚਾ ਦਾ ਆਰੰਭ ਡਾ. ਮਨਜਿੰਦਰ ਸਿੰਘ ਹੋਰਾਂ ਕਰਦਿਆਂ ਕਿਹਾ ਕਿ ਇਹ ਪੁਸਤਕ ਆਪਣੇ ਸੁਪਨਿਆਂ ਨੂੰ ਜਿਊਂਦੇ ਰੱਖਣ ਦੀ ਪਹਿਲ ਹੈ, ਸਵੈਂ ਦੀ ਪੜਚੋਲ ਹੈ, ਕਿਉਂਕਿ ਕਵਿਤਾ ਮਨੁੱਖੀ ਜੀਵਨ ਤੋਂ ਵੀ ਸੱਚੀ ਤੇ ਉੱਚੀ ਹੁੰਦੀ ਹੈ ਤੇ ਇਸ ਪੁਸਤਕ ਵਿਚ ਸ਼ਾਮਲ ਕਵਿਤਾਵਾਂ ਸੱਚ ਦਾ ਸਾਹਮਣਾ ਕਰਦੀਆਂ ਹਨ।ਡਾ. ਇਕਬਾਲ ਕੌਰ ਸੌਂਦ ਨੇ ਮੋਹ ਭਿੱਜੇ ਅਸ਼ੀਰਵਾਦ ਵਰਗੇ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਸਾਹਿਤ ਮਨੁੱਖ ਨੂੰ ਕੁੱਝ ਦਿੰਦਾ ਹੈ, ਉਸ ਦੀ ਭੂਮਿਕਾ ਹਮੇਸ਼ਾਂ ਸਾਰਥਕ ਹੁੰਦੀ ਹੈ ਤੇ ਸ਼ਬਦ ਸਦੀਵੀ ਹੋ ਜਾਂਦੇ ਹਨ।ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਨਾਰੀ ਕਵਿਤਾ ਦੇ ਹੁਣ ਤੱਕ ਦੇ ਸਿਰਜ਼ੇ ਮੁਹਾਵਰੇ, ਹੇਰਵੇ ਤੇ ਰੁਦਨ ਤੋਂ ਪਾਰ ਦੀ ਇਹ ਕਵਿਤਾ ਹੈ।ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਸਭ ਚੰਗ਼ਾ-ਚੰਗਾ ਵਾਪਰੇ ਸ਼ਾਇਰਾ ਨੇ ਅਜਿਹਾ ਰੰਗ ਇਸ ਪੁਸਤਕ ਦੀ ਕਵਿਤਾ ਵਿੱਚ ਭਰਨ ਦਾ ਯਤਨ ਕੀਤਾ ਹੈ।ਡਾ. ਹਰਜੋਤ ਕੌਰ ਗਿੱਲ ਨੇ ਕਿਹਾ ਕਿ ਸੁਖਵਿੰਦਰ ਮੱਲ੍ਹੀ ਨੇ ਆਪਣੇ ਅਹਿਸਾਸਾਂ ਦਾ ਭਾਵਪੂਰਤ ਪ੍ਰਗਟਾਵਾ ਕੀਤਾ ਹੈ ਤੇ ਉਹ ਮੁਬਾਰਕਬਾਦ ਦੇ ਹੱਕਦਾਰ ਹਨ।ਬਖਤਾਵਰ ਸਿੰਘ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਵਿੱਚ ਯਥਾਰਥ ਸੁਪਨਿਆਂ ਰਾਹੀਂ ਰੂਪਮਾਨ ਹੁੰਦਾ ਨਜ਼਼ਰੀਂ ਆਉਂਦਾ ਹੈ, ਇਨ੍ਹਾਂ ਕਵਿਤਾਵਾਂ ਵਿੱਚ ਲੁਕਾਵੇ ਤੇ ਪ੍ਰਗਟਾਵੇ ਦੀ ਤਕਨੀਕ ਰਾਹੀਂ ਲੇਖਿਕਾ ਸੁਪਨਿਆਂ ਨੂੰ ਸਿਰਜਣ ਦਾ ਸੁਪਨਾ ਲੈਂਦੀ ਹੈ।ਲੇਖਿਕਾ ਸੁਖਵਿੰਦਰ ਕੌਰ ਮੱਲ੍ਹੀ ਨੇ ਇਸ ਪੁਸਤਕ ਦੀ ਸਿਰਜਣਾ ਵਿੱਚ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਲੰਮੇ ਅਰਸੇ ਤੋਂ ਇਹ ਸੁਪਨ ਸੁਨੇਹਾ ਪੂਰਾ ਹੋਇਆ ਹੈ, ਉਨ੍ਹਾਂ ਕੁੱਝ ਚੋਣਵੀਆਂ ਕਵਿਤਾਵਾਂ ਦਾ ਪਾਠ ਕਰਕੇ ਸਰੋਤਿਆਂ ਦਾ ਧਿਆਨ ਖਿੱਚਿਆ।ਮੰਚ ਸੰਚਾਲਕਨ ਡਾ. ਇੰਦਰਾ ਵਿਰਕ ਨੇ ਕੀਤਾ।
ਇਸ ਮੌਕੇ ਡਾ. ਆਤਮ ਰੰਧਾਵਾ, ਡਾ. ਸੁਖਬੀਰ ਸਿੰਘ, ਡਾ. ਸੁਖਵਿੰਦਰ ਕੌਰ, ਰਮੇਸ਼਼ ਯਾਦਵ, ਐਸ ਪਰਸ਼ੋਤਮ, ਰੀਵਾ ਦਰਿਆ, ਧਰਵਿੰਦਰ ਸਿੰਘ ਔਲਖ, ਰਸਾਲ ਸਿੰਘ ਮੱਲ੍ਹੀ, ਜਿਗਰ, ਡਾ. ਗੁਰਬੀਰ ਸਿੰਘ ਬਰਾੜ, ਪਰਮਿੰਦਰ ਹੁੰਦਲ, ਰਾਜਵੰਤ ਬਾਜਵਾ, ਕਮਲ ਗਿੱਲ, ਜਸਪਾਲ ਭਾਟੀਆ, ਪ੍ਰੋ. ਬਲਜਿੰਦਰ ਕੌਰ, ਪੂਨਮ, ਡਾ. ਕਸ਼ਮੀਰ ਸਿੰਘ, ਵਜੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …