Wednesday, January 15, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ ਸ਼ੁਰੂ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ, ਜੋ ਕਿ ਪੰਜ ਦਿਨਾਂ ਤੱਕ ਚੱਲੇਗਾ, ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ।ਇਸ ਸਮਾਗਮ ਵਿੱਚ ਟਾਈਮਲੈਸ ਅੰਮ੍ਰਿਤਸਰ ਦੇ ਸੰਸਥਾਪਕ ਸੀਏ ਦਵਿੰਦਰ ਸਿੰਘ ਸਮੇਤ ਮਾਨਯੋਗ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।ੇ ਡਾ. ਰੇਣੂ ਭਾਰਦਵਾਜ ਨਿਰਦੇਸ਼ਕ ਖੋਜ਼; ਡਾ. ਅਮਨਦੀਪ ਸਿੰਘ, ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ, ਆਵਾਜ਼ ਰੰਗਮੰਚ ਤੋਂ ਨਵਨੀਤ ਰੰਧੇਅ ਅਤੇ ਡਰਾਮਾ ਕਲੱਬ ਦੇ ਇੰਚਾਰਜ ਪ੍ਰੋਫੈਸਰ ਅਤੇ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਨੀਲ ਵਿਸ਼ੇਸ਼ ਤੌਰ `ਤੇ ਸ਼ਾਮਿਲ ਸਨ।
ਫੈਸਟੀਵਲ ਦੇ ਉਦਘਾਟਨ ਵਿੱਚ ਕੰਵਲ ਰੰਧੇਅ ਦੁਆਰਾ ਨਿਰਦੇਸ਼ਤ ਅਤੇ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖਤ ਨਾਟਕ “ਖੱਡ” ਪੇਸ਼ ਕੀਤਾ ਗਿਆ।”ਖੱਡ” ਨੇ ਕਲਾਤਮਕ ਤੌਰ `ਤੇ ਮਨੁੱਖੀ ਮਾਨਸਿਕਤਾ ਦੀਆਂ ਗਹਿਰਾਈਆਂ ਨੂੰ ਛੂਹਦਿਆਂ ਸਮਾਜਿਕ ਨਿਯਮਾਂ ਨੂੰ ਚੁਣੌਤੀ ਦਿੱਤੀ ਅਤੇ ਰੂੜ੍ਹੀਵਾਦੀ ਸੋਚ ਅਤੇ ਕਠੋਰਤਾ ਤੋਂ ਮੁਕਤੀ ਨੂੰ ਉਤਸ਼ਾਹਿਤ ਕੀਤਾ।ਨਵਨੀਤ ਰੰਧੇਅ ਅਤੇ ਨਵਦੀਪ ਦੁਆਰਾ ਲਾਈਟਿੰਗ ਡਿਜ਼ਾਈਨ ਅਧੀਨ ਬਚਨਪਾਲ ਸਿੰਘ, ਰਵਿੰਦਰ ਕੌਰ, ਹਰਸ਼, ਕਰਮਜੀਤ ਸਿੰਘ, ਖੁਸ਼ਨਸੀਬ ਸਮੇਤ ਕਲਾਕਾਰਾਂ ਦੁਆਰਾ ਨਾਟਕ ਦੇ ਸੰਦੇਸ਼ ਅਤੇ ਪ੍ਰਦਰਸ਼ਨ ਨੂੰ ਸਵੀਕਾਰ ਕਰਦੇ ਹੋਏ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ਼ ਨਾਲ ਜਵਾਬ ਦਿੱਤਾ।
ਡਾ. ਅਮਨਦੀਪ ਸਿੰਘ ਡਾਇਰੈਕਟਰ ਯੁਵਕ ਭਲਾਈ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦੀ ਥੀਏਟਰ ਵਿਰਾਸਤ ਨੂੰ ਵਧਾਉਣ ਵਿਚ ਅਹਿਮ ਯੋਗਦਾਨ ਲਈ ਸ਼ਲਾਘਾ ਕੀਤੀ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਤੀਜਾ ਥੀਏਟਰ ਫੈਸਟੀਵਲ ਰਾਸ਼ਟਰੀ ਮੰਚ `ਤੇ ਆਪਣਾ ਵੱਖਰਾ ਸਥਾਨ ਬਣਾਏਗਾ।ਡਰਾਮਾ ਕਲੱਬ ਦੇ ਕਨਵੀਨਰ ਹਰਪ੍ਰੀਤ ਸਿੰਘ ਨੇ ਮੰਚ ਸੰਚਾਲਨ ਕੀਤਾ।
ਪ੍ਰੋ. ਸੁਨੀਲ, ਮੁਖੀ, ਹਿੰਦੀ ਵਿਭਾਗ ਨੇ ਹਾਜ਼ਰ ਸਰੋਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਗਲੇ ਚਾਰ ਦਿਨਾਂ ਵਿੱਚ ਖੇਡੇ ਜਾਣ ਵਾਲੇੇ ਨਾਟਕਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ‘ਏਕ ਆਸ’ ਨਾਟਕ ਖੇਡਿਆ ਜਾਵੇਗਾ।ਇਸੇ ਤਰ੍ਹਾਂ 24 ਅਪ੍ਰੈਲ ਨੂੰ `ਭਾਸ਼ਾ ਵਹਿੰਦਾ ਦਰਿਆ`; 25 ਅਪ੍ਰੈਲ ਨੂੰ `ਕਰ ਲਉ ਘਿਓ ਦਾ ਭਾਂਡਾ` ਅਤੇ 26 ਅਪ੍ਰੈਲ ਨੂੰ ਨਾਟਕ `ਮਨ ਮਿੱਟੀ ਦਾ ਬੋਲਿਆ` ਪੇਸ਼ ਕੀਤਾ ਜਾਵੇਗਾ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …