Thursday, November 21, 2024

ਹਾਸਰਸ ਨਾਟਕ “ਕਰ ਲਓ ਘਿਓ ਨੂੰ ਭਾਂਡਾ” ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜ਼ਾ ਨਾਟਕ ਮੇਲੇ ਦੇ ਚੌਥੇ ਦਿਨ ਸਾਰਥਕ ਰੰਗਮੰਚ ਪਟਿਆਲਾ ਵਲੋਂ ਹਾਸਰਸ ਨਾਟਕ “ਕਰ ਲਓ ਘਿਓ ਨੂੰ ਭਾਂਡਾ” ਪੇਸ਼ ਕੀਤਾ ਗਿਆ।ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਉਹਨਾਂ ਦੇ ਢਿੱਘੀਂ ਪੀੜਾਂ ਪਾ ਦਿੱਤੀਆਂ।ਨਾਟਕ ਜਯਵਰਧਨ ਦੇ ਲਿਖੇ ਹਿੰਦੀ ਨਾਟਕ “ਹਾਏ ਹੈਂਡਸਮ” ਦਾ ਪੰਜਾਬੀ ਰੂਪਾਂਤਰ ਹੈ, ਜਿਸ ਦਾ ਰੂਪਾਂਤਰ ਅਤੇ ਨਿਰਦੇਸ਼ਨ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਡਾ. ਲੱਖਾ ਲਹਿਰੀ ਦੁਆਰਾ ਕੀਤਾ ਗਿਆ।
ਇਹ ਨਾਟਕ ਅਜੋਕੇ ਦੌਰ ਦੇ ਗੰਭੀਰ ਮਸਲਿਆਂ ਨੂੰ ਹਲਕੇ-ਫੁਲਕੇ ਅੰਦਾਜ਼ ਵਿੱੱਚ ਪਰੋ ਕੇ ਪੇਸ਼ ਕੀਤਾ ਗਿਆ ਹੈ।ਨਵੀਂ ਪੀੜ੍ਹੀ ਨੂੰ ਆਪਣੇ ਕਰੀਅਰ ਨੂੰ ਬਣਾਉਣ ਦੀ ਲਾਲਸਾ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਕੇ ਆਪਣੇ ਮਾਪਿਆਂ ਨੂੰ ਅਣਗੌਲਿਆਂ ਕਰਕੇ ਇਕੱਲਤਾ ਦੀ ਅੱਗ ਵਿੱਚ ਝੋਕਣਾ, ਦੱਬੂ ਤੇ ਗੁਲਾਮ ਕਿਸਮ ਦੇ ਪਤੀ ਦਾ ਆਪਣੀ ਮਾਡਰਨ ਪਤਨੀ ਸਾਹਮਣੇ ਗਿੜ-ਗਿੜਾਉਣਾ, ਨੌਕਰ ਦਾ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਤੇ ਆਪਣਾ ਰਵੱਈਆ ਦਿਖਾਉਣਾ ਅਤੇ ਬਜ਼ੁਰਗਾਂ ਦਾ ਆਪਣੇ ਇਕੱਲੇਪਣ ਨੂੰ ਖਤਮ ਕਰਨ ਖਾਤਰ ਆਪਣੇ ਲਈ ਕਿਸੇ ਸਾਥੀ ਦੀ ਤਲਾਸ਼ ਕਰਨ ਵਰਗੀਆਂ ਸਥਿਤੀਆਂ, ਜਿਥੇ ਦਰਸ਼ਕਾਂ ਲਈ ਹੱਸਣ ਦਾ ਸਬੱਬ ਬਣੀਆਂ ਅਤੇ ਉਥੇ ਇਹ ਸੋਚਣ ਲਈ ਮਜ਼ਬੂਰ ਵੀ ਹਈਆਂ। ਕਰਮਨ ਸਿੱਧੂ, ਬਹਾਰ ਗਰੋਵਰ, ਲਵਪ੍ਰੀਤ ਸਿੰਘ, ਟਾਪੁਰ ਸ਼ਰਮਾ, ਮਨਪ੍ਰੀਤ ਸਿੰਘ ਅਤੇ ਵਿਸ਼ਾਲ ਨੇ ਸਟੇਜ ‘ਤੇ ਇਕ ਮਿੱਕ ਹੋਕੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ।
ਦਰਸ਼ਕਾਂ ਦੀਆਂ ਤਾੜੀਆਂ ਅਤੇ ਉਹਨਾਂ ਦੇ ਲਗਾਤਾਰ ਹਾਸੇ ਨੇ ਇਸ ਨਾਟਕ ਦੀ ਸਫਲਤਾ ਦੀ ਗਵਾਹੀ ਭਰੀ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਮੁੱਖ ਮਹਿਮਾਨ ਦੇ ਸ਼ਿਰਕਤ ਕੀਤੀ।ਨਾਟਕ ਦੇਖਣ ਲਈ ਰੰਗਮੰਚ ਅਤੇ ਫ਼ਿਲਮਾਂ ਦੀ ਪ੍ਰਸਿੱਧ ਜੋੜੀ ਅਨੀਤਾ ਦੇਵਗਨ, ਹਰਦੀਪ ਗਿੱਲ, ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦੇ ਮਾਤਾ ਜਨਕ ਰਾਣੀ, ਸੀ.ਏ ਦਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਤੌਰ ਵਜੋਂ ਸ਼ਿਰਕਤ ਕੀਤੀ। ਡਾ. ਅਮਨਦੀਪ ਸਿੰਘ, ਡਾ. ਸੁਨੀਲ ਕੁਮਾਰ, ਮੈਡਮ ਜੋਬਨਜੀਤ ਕੌਰ, ਸੰਗੀਤਕਾਰ ਰਵੀ ਨੰਨਦ, ਨਿਰਦੇਸ਼ਕ ਕੰਵਲ ਰੰਧੇਅ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।ਡਾ. ਸੁਨੀਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰਥਕ ਰੰਗਮੰਚ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …