Friday, July 11, 2025

ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਕੀਤੇ ਦਾਖਲ

ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ) – ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ।ਇਸ ਦੌਰਾਨ ਉਨ੍ਹਾਂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਪੈਸ਼ਲ ਆਬਜਰਵਰ ਹਰੀਸ਼ ਚੌਧਰੀ ਅਤੇ ਸਾਬਕਾ ਡਿਪਟੀ ਸੀ.ਐਮ ਓ.ਪੀ ਸੋਨੀ ਅਤੇ ਜਿਲ੍ਹਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜ਼ੂਦ ਸੀ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਨੇ ਆਪਣੀ ਪਤਨੀ ਅੰਦਲੀਬ ਕੌਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਇਸ ਉਪਰੰਤ ਗੁਰਜੀਤ ਸਿੰਘ ਆਪਣੀ ਮਾਤਾ, ਪਿਤਾ, ਪਤਨੀ ਅਤੇ ਬੱਚਿਆਂ ਸਮੇਤ ਗੁਰਦੁਆਰਾ ਪਲਾਹ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ।
ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਗੁਰਜੀਤ ਸਿੰਘ ਔਜਲਾ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕਰਵਾਏ ਗਏ ਰੋਡ ਸ਼ੋਅ ਵਿੱਚ ਭਾਰੀ ਜਨਸੈਲਾਬ ਨੇ ਭਾਰੀ ਸਮਰਥਨ ਦਿੱਤਾ।ਕਾਂਗਰਸੀ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।ਜਿਵੇਂ ਹੀ ਗੁਰਜੀਤ ਸਿੰਘ ਔਜਲਾ ਟਰੱਕ `ਤੇ ਸਵਾਰ ਹੋ ਕੇ ਬਾਹਰ ਆਏ ਤਾਂ ਲੋਕਾਂ ਨੇ ਉਨ੍ਹਾਂ `ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਔਜਲਾ ਦੀ ਸਮਰਥਨ ਲਈ ਪਹੁੰਚੇ ਹਰੀਸ਼ ਚੌਧਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਅਗਨੀਵੀਰ ਵਰਗੀਆਂ ਸਕੀਮਾਂ ਦੇ ਕੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਹੈ ਅਤੇ ਫੌਜੀਆਂ ਨੂੰ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਲਗਾਤਾਰ ਵੱਧ ਰਿਹਾ ਨਸ਼ਾ ਕਿਸਾਨਾਂ ਅਤੇ ਸੈਨਿਕਾਂ ਦੀਆਂ ਜਾਨਾਂ ਵੀ ਲੈ ਰਿਹਾ ਹੈ।
ਇਸ ਮੌਕੇ ਕਾਂਗਰਸੀ ਲੀਡਰ ਸੁਖਬਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਕੁਮਾਰ ਸੁਨੀਲ ਦੱਤੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੁੱਪੂ, ਇੰਦਰਬੀਰ ਸਿੰਘ ਬੁਲਾਰੀਆ, ਦਿਨੇਸ਼ ਬੱਸੀ, ਰਾਜਕੰਵਲ ਪ੍ਰਿਤਪਾਲ ਸਿੰਘ ਲੱਕੀ, ਵਿਕਾਸ ਸੋਨੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …