Friday, July 19, 2024

ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ

ਬਿਆਸ, 14 ਮਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਡੇਰਾ ਬਿਆਸ ਦੇ ਰਾਧਾ ਸੁਆਮੀ ਸਤਿਸੰਗ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ `ਤੇ ਮੁਲਾਕਾਤ ਕੀਤੀ।ਉਨ੍ਹਾਂ ਕਰੀਬ ਇਕ ਘੰਟਾ ਡੇਰਾ ਮੁਖੀ ਨਾਲ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ’ਤੇ ਚਰਚਾ ਕੀਤੀ ਅਤੇ ਦੋਹਾਂ ਆਗੂਆਂ ਨੇ ਅਤੀਤ ਦੌਰਾਨ ਬਿਤਾਏ ਦਿਨਾਂ ਨੂੰ ਯਾਦ ਕੀਤਾ।
ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨੌਜਵਾਨੀ ਦੀ ਵਿਦੇਸ਼ਾਂ ਨੂੰ ਪਲਾਇਨ ਕਰਨ ਅਤੇ ਨਸ਼ਿਆਂ ਦੇ ਪ੍ਰਚਲਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਨੌਜਵਾਨ ਹਰ ਖੇਤਰ ’ਚ ਅੱਗੇ ਹਨ, ਲੋੜ ਕੇਵਲ ਉਨ੍ਹਾਂ ਨੂੰ ਉਸਾਰੂ ਸੇਧ ਦੇਣ ਦੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਸੇਧ ਲੈਣ ਅਤੇ ਅਧਿਆਤਮਕ ਮਾਰਗ ’ਤੇ ਚੱਲਦਿਆਂ ਸਮਾਜਕ ਸਰੋਕਾਰਾਂ ਪ੍ਰਤੀ ਸੇਵਾਵਾਂ ਨਿਭਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਡੇਰਾ ਬਿਆਸ ਅਧਿਆਤਮ ਵਿਵਸਥਾ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਦੇ ਚੰਗੇ ਨਤੀਜਿਆਂ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਡੇਰੇ ’ਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੰਗਤ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ ਹੈ।ਉਨ੍ਹਾਂ ਡੇਰੇ ਵਿੱਚ ਚੱਲ ਰਹੀਆਂ ਧਾਰਮਿਕ, ਵਿੱਦਿਅਕ ਅਤੇ ਸਮਾਜਕ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇੇ ਅਧਿਆਤਮਕ ਸੰਸਥਾ ਡੇਰਾ ਬਿਆਸ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।
ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਟਾਰਟ ਅੱਪ ਨਾਲ ਜੋੜਨ ਲਈ ਅਮਰੀਕਨ ਪ੍ਰਵਾਸੀ ਭਾਈਚਾਰੇ ਵਲੋਂ 850 ਕਰੋੜ ਦਾ ਫ਼ੰਡ ਇਕੱਠਾ ਕੀਤਾ ਗਿਆ ਹੈ।ਉਹ ਅੰਮ੍ਰਿਤਸਰ ਨੂੰ ਮੁੜ ਉਹ ਮੁਕਾਮ ਦਿਵਾਉਣਾ ਚਾਹੁੰਦੇ ਹਨ ਜੋ ਪਹਿਲਾਂ ਸੀ।ਉਨ੍ਹਾਂ ਕਿਹਾ ਉਹ ਆਪਣੇ ਮਾਤਾ ਪਿਤਾ ਅਤੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਵਾਂਗ ਇਥੋਂ ਦੇ ਲੋਕਾਂ ਦੀ ਸੇਵਾ ਨੂੰ ਪਹਿਲ ਦੇਣਗੇ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …