Monday, June 24, 2024

ਜੂਨ ‘84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਕੌਮੀ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦੇ ਕੌਮ ਨੂੰ ਕੀਤੇ ਗਏ ਆਦੇਸ਼ ’ਤੇ ਹਰ ਸਿੱਖ ਪਹਿਰਾ ਦੇਵੇ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਸਿੱਖ ਆਪਣੇ ਸਿਰਾਂ ’ਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਦੇ ਕਰੀਬ ਹੋਰ ਗੁਰਦੁਆਰਾ ਸਾਹਿਬਾਨ ’ਤੇ ਸਮੇਂ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦੇ ਨਿਸ਼ਾਨ ਸਿੱਖ ਮਾਨਸਿਕਤਾ ਵਿੱਚੋਂ ਕਦੇ ਵੀ ਮਿੱਟ ਨਹੀਂ ਸਕਦੇ ਅਤੇ ਹਰ ਸਾਲ ਸਿੱਖ ਕੌਮ ਜੂਨ 1984 ਦੇ ਫ਼ੌਜੀ ਹਮਲੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ।ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਨੇ ਪਾਵਨ ਗੁਰਧਾਮਾਂ ’ਤੇ ਹਮਲਾ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਅਤੇ ਦਰਸ਼ਨ ਇਸ਼ਨਾਨ ਕਰਨ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਨੂੰ ਟੈਂਕਾਂ, ਤੋਪਾਂ ਅਤੇ ਗੋਲੀਆਂ ਨਾਲ ਸ਼ਹੀਦ ਕੀਤਾ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਵੀ ਬੰਦੀ ਸਿੰਘਾਂ ਦੇ ਮਾਮਲੇ ਵਿਚ ਨਿਆਂ ਨਹੀਂ ਕੀਤਾ ਜਾ ਰਿਹਾ।ਤਿੰਨ-ਤਿੰਨ ਦਹਾਕਿਆਂ ਤੋਂ ਵੱਧ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖ ਰਿਹਾਅ ਨਹੀਂ ਕੀਤੇ ਜਾ ਰਹੇ, ਜੋ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੈ।
ਐਡਵੋਕੇਟ ਧਾਮੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਮ ਨੂੰ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਤੀਜੇ ਘੱਲੂਘਾਰੇ ਦੀ 40ਵੀਂ ਯਾਦ ਨੂੰ ਕੌਮੀ ਜਜ਼ਬੇ ਅਨੁਸਾਰ ਮਨਾਉਣ ਦੀ ਅਪੀਲ ਕੀਤੀ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …