Wednesday, June 26, 2024

ਗੋਲਡਨ ਟੈਂਪਲ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ – ਰਾਹੁਲ ਗਾਂਧੀ

ਰਾਹੁਲ ਗਾਂਧੀ ਨੂੰ ਸੁਣਨ ਆਏ ਹਜ਼ਾਰਾਂ ਸਮਰਥਕ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਐਲਾਨ ਕੀਤਾ ਕਿ ਜੇਕਰ ਭਾਰਤ ਗਠਜੋੜ ਦੀ ਸਰਕਾਰ ਬਣੀ ਤਾਂ ਹਰਿਮੰਦਰ ਸਾਹਿਬ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ।ਉਹਨਾਂ ਕਿਹਾ ਕਿ ਪਿੱਛਲੀ ਵਾਰ ਜਦੋਂ ਉਹ ਹਰਿਮੰਦਰ ਸਾਹਿਬ ਆਏ ਸਨ ਤਾਂ ਉਥੇ ਸੇਵਾ ਕਰਕੇ ਉਨ੍ਹਾਂ ਨੂੰ ਅਥਾਹ ਸ਼ਾਂਤੀ ਮਹਿਸੂਸ ਹੋਈ ਸੀ ਅਤੇ ਉਹ ਪੂਰੀ ਦੁਨੀਆਂ ਨੂੰ ਇਸ ਸ਼ਾਂਤੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ।ਇਸ ਲਈ ਉਹ ਜੋ ਵੀ ਕਰ ਸਕਦੇ ਹਨ, ਜਰੂਰ ਕਰਨਗੇ।
ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਅੱਗੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਕੋਈ ਮਾਮੂਲੀ ਚੋਣਾਂ ਨਹੀਂ ਹਨ, ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵਿਚਾਰਧਾਰਾ ਦੀ ਲੜਾਈ ਹੈ।ਜਿਸ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੰਵਿਧਾਨ `ਤੇ ਹਮਲਾ ਕਰ ਰਹੇ ਹਨ ਅਤੇ ਕਾਂਗਰਸ ਇਸ ਨੂੰ ਬਚਾਉਣ `ਤੇ ਤੁਲੀ ਹੋਈ ਹੈ।ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਪਾਰਟੀ ਦੇ ਨੇਤਾਵਾਂ ਨੇ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਉਹ ਜਿੱਤ ਗਏ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ।ਲੋਕ ਸਮਝਦੇ ਹਨ ਕਿ ਸੰਵਿਧਾਨ 70 ਤੋਂ 80 ਸਾਲ ਪੁਰਾਣੀ ਕਿਤਾਬ ਹੈ, ਜਦਕਿ ਇਹ ਹਜ਼ਾਰਾਂ ਸਾਲ ਪੁਰਾਣੀ ਹੈ।ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਵਿੱਚ ਹਨ ਅਤੇ ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਦੇਖੋ ਅਤੇ ਸਮਝੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਸੰਵਿਧਾਨ ਵਿੱਚ ਗੁਰੂ ਜੀ ਦੀ ਸੋਚ ਝਲਕਦੀ ਹੈ ਅਤੇ ਇਸ ਸੰਵਿਧਾਨ ਦੀ ਨੀਂਹ ਗੁਰੂ ਜੀ ਨੇ ਰੱਖੀ ਸੀ।ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਫਿਰਕੂ ਪਾੜਾ ਪਾ ਰਹੀ ਹੈ, ਨਰਿੰਦਰ ਮੋਦੀ ਦੀ ਸਰਕਾਰ ਵਿੱਚ ਘੱਟਗਿਣਤੀਆਂ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ।ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਕਿਸਾਨਾਂ ਨਾਲ ਵੀ ਚੰਗਾ ਸਲੂਕ ਨਹੀਂ ਕੀਤਾ ਗਿਆ, ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੌਰਾਨ ਉਨ੍ਹਾਂ ਨੂੰ ਅੱਤਵਾਦੀ ਅਤੇ ਮਵਾਲੀ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ `ਤੇ ਤਿੰਨ ਕੰਮ ਪਹਿਲ ਦੇ ਆਧਾਰ `ਤੇ ਕੀਤੇ ਜਾਣਗੇ।ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਫਸਲਾਂ ਤੇ ਐਮ.ਐਸ.ਪੀ ਦਿੱਤੀ ਜਾਵੇਗੀ ਤੇ ਅਗਨੀਵੀਰ ਯੋਜਨਾ ਨੂੰ ਖਤਮ ਕੀਤਾ ਜਾਵੇਗਾ ਅਤੇ ਫੌਜ ਵਿੱਚ ਪੱਕੀ ਭਰਤੀ ਕੀਤੀ ਜਾਵੇਗੀ।ਜਿੱਤ ਦੇ ਅਗਲੇ ਮਹੀਨੇ ਤੋਂ ਗਰੀਬ ਔਰਤਾਂ ਦੇ ਖਾਤਿਆਂ `ਚ 8500 ਰੁਪਏ ਆਉਣੇ ਸ਼ੁਰੂ ਹੋ ਜਾਣਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਹੋਵੇਗੀ ਅਤੇ ਇਹ ਕਰਜ਼ਾ ਮੁਆਫੀ ਇੱਕ ਵਾਰ ਨਹੀਂ ਸਗੋਂ ਹਰ ਵਾਰ ਹੋਵੇਗੀ।ਬਾਜ਼ਾਰ ਨੂੰ ਹੁਲਾਰਾ ਦੇਣ ਲਈ ਔਰਤਾਂ ਅਤੇ ਬੇਰੁਜ਼ਗਾਰਾਂ ਨੂੰ ਪੈਸਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬੀਮਾ ਸ਼ੂਰੂ ਕੀਤਾ ਜਾਵੇਗਾ, ਜੋ ਨੁਕਸਾਨ ਦਾ ਮੁਆਵਜ਼ਾ ਇੱਕ ਮਹੀਨੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਕੁੱਝ ਅਰਬਪਤੀ ਪੈਦਾ ਕੀਤੇ ਹਨ, ਜਦਕਿ ਅਸੀਂ ਲੱਖਾਂ ਕਰੋੜਪਤੀ ਪੈਦਾ ਕਰਾਂਗੇ ਅਤੇ ਆਪਣੀਆਂ ਸਕੀਮਾਂ ਰਾਹੀਂ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।ਅੰਤ `ਚ ਰਾਹੁਲ ਨੇ ਕਿਹਾ ਕਿ ਅਸੀਂ ਨਫਰਤ ਦੇ ਬਾਜ਼ਾਰ `ਚ ਪਿਆਰ ਦੀ ਦੁਕਾਨ ਖੋਲ੍ਹਣੀ ਹੈ, ਸਾਰਿਆਂ ਨੂੰ ਨਾਲ ਲੈ ਕੇ ਆਉਣਾ ਹੈ ਅਤੇ ਸਾਰਿਆਂ ਨੂੰ ਸਨਮਾਨ ਦੇਣਾ ਹੈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ, ਪੰਜਾਬ ਅਬਜ਼ਰਵਰ ਦਵਿੰਦਰ ਯਾਦਵ, ਸੀਨੀਅਰ ਕਾਂਗਰਸੀ ਆਗੂ ਕੇ.ਸੀ ਵੇਣੂ ਗੋਪਾਲ, ਵਿਸ਼ੇਸ਼ ਆਬਜ਼ਰਵਰ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ, ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਦਿਹਾਤੀ ਪ੍ਰਧਾਨ ਹਰਪ੍ਰਤਾਪ ਅਜਨਾਲਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਾ: ਰਾਜਕੁਮਾਰ ਵੇਰਕਾ, ਮਜੀਠਾ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਡੀ.ਸੀ, ਵਿਧਾਇਕ ਜੁਗਲ ਕਿਸ਼ੋਰ ਸ਼ਮਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸਮਰਥਕ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …