Thursday, July 4, 2024

ਅਗਰੋਹਾ ਧਾਮ ਨਾਲ ਕੀਤਾ ਵਾਅਦਾ ਪੂਰਾ ਕਰੇ ਕੇਂਦਰ ਸਰਕਾਰ – ਅਗਰੋਹਾ ਵਿਕਾਸ ਟਰੱਸਟ

ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਅਗਰਵਾਲ ਵੈਸ਼ਯ ਸਮਾਜ ਦੇ ਬਾਨੀ ਯੁੱਗ ਪ੍ਰਵਰਤਕ ਮਹਾਰਾਜਾ ਅਗਰਸੇਨ ਜੀ ਦੀ ਕਰਮ ਭੂਮੀ ਅਗਰੋਹਾ ਧਾਮ ਜੋ ਪੰਜਵੇਂ ਧਾਮ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ ਅਤੇ ਦੁਨੀਆਂ ਅੰਦਰ ਇੱਕ ਪ੍ਰਮੁੱਖ ਧਾਮ ਵਜੋਂ ਮਸ਼ਹੂਰ ਹੈ ਨੂੰ ਵਿਕਸਿਤ ਕਰਨ ਲਈ ਇਸ ਧਰਮ ਭੂਮੀ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਮਹਾਰਾਜਾ ਅਗਰਸੇਨ ਜੈਯੰਤੀ ਮੌਕੇ ਹੋਏ ਵਿਸ਼ਾਲ ਮੇਲੇ ਦੌਰਾਨ ਵਾਅਦਾ ਕੀਤਾ ਸੀ ਕਿ ਕੇਂਦਰ ਸਰਕਾਰ ਛੇਤੀ ਹੀ 566 ਏਕੜ ਵਿੱਚ ਫੈਲੇ ਹੋਏ ਟਿੱਲੇ (ਥੇਹ) ਦੀ ਖੁਦਾਈ ਕਰਵਾ ਕੇ ਇਸ ਵਿੱਚ ਮਿਲਣ ਵਾਲੀਆਂ ਕੀਮਤੀ ਵਸਤੂਆਂ ਨੂੰ ਅੰਗਰੋਹਾ ਧਾਮ ਵਿਖੇ ਮਿਊਜ਼ੀਅਮ ਵਿੱਚ ਸੁਸ਼ੋਭਿਤ ਕਰੇਗੀ ਅਤੇ ਅਗਰੋਹਾ ਧਾਮ ਨੂੰ ਹਿਸਾਰ ਸਰਸਾ ਨਵੀਂ ਰੇਲਵੇ ਲਾਇਨ ਨਾਲ ਜੋੜਿਆ ਜਾਵੇਗਾ।ਜੋ ਵਾਅਦਾ ਹਾਲਾਂ ਤੱਕ ਪੂਰਾ ਨਹੀਂ ਕੀਤਾ ਗਿਆ।
ਅਗਰੋਹਾ ਵਿਕਾਸ ਟਰੱਸਟ ਦੇ ਪੰਜਾਬ ਚੀਫ ਪੈਟਰਨ ਅਗਰ ਰਤਨ ਸ਼ਾਮ ਲਾਲ ਸਿੰਗਲਾ, ਟਰੱਸਟ ਦੇ ਪੰਜਾਬ ਸਪੋਕਸਮੈਨ ਮਨਪ੍ਰੀਤ ਬਾਂਸਲ ਅਤੇ ਅਗਰਵਾਲ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਕ੍ਰਿਸ਼ਨ ਸੰਦੋਹਾ ਨੇ ਇੱਕ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਜਲਦੀ ਤੋਂ ਜਲਦੀ ਇਸ ਟਿੱਲੇ (ਥੇਹ) ਦੀ ਖੁਦਾਈ ਕਰਵਾਏ ਤੇ ਅਗਰੋਹਾ ਧਾਮ ਨੂੰ ਰੇਲਵੇ ਲਾਈਨ ਨਾਲ ਜੋੜੇ।ਇਸ ਤੋਂ ਇਲਾਵਾ ਅਗਰੋਹਾ ਧਾਮ ਦੇ ਵਿਕਾਸ ਲਈ ਮਾਸਟਰ ਪਲਾਨ ਤਿਆਰ ਕਰੇ।ਉਹਨਾਂ ਕਿਹਾ ਕਿ ਅਗਰੋਹਾ ਵਿਖੇ ਹਰ ਰੋਜ਼ ਹਜਾਰਾਂ ਲੋਕ ਮਹਾਰਾਜਾ ਅਗਰਸੇਨ ਜੀ ਅਤੇ ਮਾਤਾ ਮਹਾਂ ਲਕਸ਼ਮੀ ਜੀ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ।ਇਸ ਲਈ ਇਸ ਧਾਮ ਦਾ ਵਿਕਾਸ ਪਹਿਲ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …