Wednesday, January 15, 2025

ਯੂਨੀਵਰਸਿਟੀ ‘ਚ ਸਥਾਪਿਤ ਹੋਵੇਗਾ 10 ਕਰੋੜ ਨਾਲ ‘ਸੈਂਟਰ ਆਫ ਅਰਬਨ ਪਲਾਨਿੰਗ ਫਾਰ ਕੈਪੇਸਿਟੀ ਬਿਲਡਿੰਗ’

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਵਿਭਾਗ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਵੱਲੋਂ ‘ਸੈਂਟਰ ਆਫ ਅਰਬਨ ਪਲਾਨਿੰਗ ਫਾਰ ਕੈਪੇਸਿਟੀ ਬਿਲਡਿੰਗ’ ਪ੍ਰਦਾਨ ਕੀਤਾ ਗਿਆ ਹੈ।ਯੂਨੀਵਰਸਿਟੀ ਵਿੱਚ ਸਥਾਪਿਤ ਹੋਣ ਵਾਲੇ ਇਸ ਕੇਂਦਰ ਨੂੰ ਖੋਜ਼ ਅਤੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਲਈ ਦੋ ਸਾਲਾਂ ਲਈ 10 ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਨੂੰ ਸਖਤ ਮਿਹਨਤ ਨਾਲ ਤਿਆਰ ਕੀਤੀਆਂ ਪੇਸ਼ਕਾਰੀਆਂ ਅਤੇ ਹੋਰ ਉਦਮਾਂ ਨੂੰ ਪੇਸ਼ ਕਰਕੇ ਯੋਜਨਾਬੰਦੀ ਦੇ ਲਗਭਗ 70 ਤੋਂ ਵੱਧ ਸਕੂਲਾਂ/ਵਿਭਾਗਾਂ ਨਾਲ ਮੁਕਾਬਲਾ ਕਰਨਾ ਪਿਆ ਤਾਂ ਕਿਤੇ ਜਾ ਕੇ ਇਸ ਕੇਂਦਰ ਦੀ ਪ੍ਰਾਪਤੀ ਹੋਈ ਹੈ। ਉੱਤਰ-ਪੱਛਮੀ ਭਾਰਤ ਵਿੱਚ ਯੂਨੀਵਰਸਿਟੀ ਦਾ ਇਹ ਸਕੂਲ ਉਚ ਪੱਧਰੀ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਅਕਾਦਮਿਕ ਪ੍ਰੋਗਰਾਮਾਂ ਲਈ ਅਹਿਮ ਹੋਣ ਦੇ ਨਾਲ-ਨਾਲ ਦੇਸ਼ ਵਿੱਚ ਸਥਾਨਿਕ ਯੋਜਨਾਬੰਦੀ ਦਾ ਇੱਕ ਮਸ਼ਹੂਰ ਪ੍ਰਮੁੱਖ ਸੰਸਥਾਨ ਹੈ।
ਵਰਤਮਾਨ ਸਮੇਂ ਵਿੱਚ ਇਹ ਸਕੂਲ ਅੰਡਰਗਰੈਜੂਏਟ ਪੱਧਰ `ਤੇ ਸ਼ਹਿਰੀ ਅਤੇ ਖੇਤਰੀ ਯੋਜਨਾਬੰਦੀ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਅਤੇ ਪੋਸਟਗਰੈਜੂਏਟ ਪੱਧਰ `ਤੇ ਸ਼ਹਿਰੀ ਯੋਜਨਾਬੰਦੀ, ਬੁਨਿਆਦੀ ਢਾਂਚਾ ਯੋਜਨਾਬੰਦੀ ਅਤੇ ਆਵਾਜਾਈ ਯੋਜਨਾ ਵਿੱਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ।ਇਸ ਸਕੂਲ ਤੋਂ ਸਿਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ/ਖੋਜ਼ਾਰਥੀ ਜਨਤਕ ਅਤੇ ਕਾਰਪੋਰੇਟ ਜਗਤ ਵਿੱਚ ਉੱਚ ਅਹੁੱਦਿਆਂ `ਤੇ ਕੰਮ ਕਰ ਰਹੇ ਹਨ।ਭਾਰਤ ਦੇ ਵੱਖ-ਵੱਖ ਰਾਜਾਂ ਦੇ ਟਾਊਨ ਅਤੇ ਕੰਟਰੀ ਪਲੈਨਿੰਗ ਵਿਭਾਗਾਂ ਵਿੱਚ ਸੀਨੀਅਰ ਟਾਊਨ ਪਲੈਨਰਾਂ ਦੀ ਵੱਡੀ ਗਿਣਤੀ ਤੋਂ ਇਲਾਵਾ ਇਸ ਸਕੂਲ ਦੇ 35 ਗ੍ਰੈਜੂਏਟ ਸੇਵਾਮੁਕਤ ਹੋ ਚੁੱਕੇ ਹਨ ਜਾਂ ਚੀਫ ਟਾਊਨ ਪਲਾਨਰ ਵਜੋਂ ਕੰਮ ਕਰ ਰਹੇ ਹਨ।
ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਿੱਛਲੇ ਸਮੇਂ ਦੌਰਾਨ ਹੋਈ ਇਸ ਸਕੂਲ ਦੀ ਤਰੱਕੀ ‘ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ।ਉਨ੍ਹਾਂ ਕਿਹਾ ਕਿ ਉੱਚ ਪੱਧਰੀ ਅਕਾਦਮਿਕ ਅਤੇ ਖੋਜ ਨੇ ਇਸ ਸਕੂਲ ਨੂੰ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਉਚਾ ਕੀਤਾ ਹੈ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …