Saturday, August 9, 2025
Breaking News

ਪੰਜਾਬੀ ਰਸਾਲਾ ‘ਹੁਣ’ ਹੋਇਆ ਲੋਕ ਅਰਪਿਤ

ਅੰਮ੍ਰਿਤਸਰ, 15 ਜੂਨ (ਦੀਪ ਦਵਿੰਦਰ ਸਿੰਘ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਵਿਸ਼ੇਸ਼ ਮੁਕਾਮ ਹਾਸਿਲ ਪੰਜਾਬੀ ਰਸਾਲੇ ‘ਹੁਣ’ ਦਾ 49ਵਾਂ ਅੰਕ ਇਥੋਂ ਦੇ ਆਤਮ ਪਬਲਿਕ ਸਕੂਲ ਵਿਖੇ ਲੋਕ ਅਰਪਿਤ ਕੀਤਾ ਗਿਆ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵਲੋਂ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਮਾਗਮ ਦਾ ਆਗਾਜ ਮਰਹੂਮ ਸ਼ਾਇਰ ਦੇਵ ਦਰਦ ਦੀ ਖੂਬਸੂਰਤ ਗਜ਼ਲ ‘ਖੁਸ਼ੀ ਸਭਨਾ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਜੋ ਸੱਪਾਂ ਤੋਂ ਵੀ ਪਿਆਰ ਮੰਗਦੇ ਨੇ’ ਨਾਲ ਕੀਤਾ।
‘ਹੁਣ’ ਦੇ 49ਵੇਂ ਅੰਕ ਦੀ ਆਮਦ `ਤੇ ਸਕੂਲ ਪ੍ਰਿੰਸੀਪਲ ਅੰਕਿਤਾ ਸਹਿਦੇਵ ਨੇ ਸਵਾਗਤੀ ਸਬਦ ਕਹਿੰਦਿਆਂ ਕਿਹਾ ਸਿਲੇਬਸ ਪਾਠ-ਪੁਸਤਕਾਂ ਦੇ ਨਾਲ-ਨਾਲ ਸਕੂਲ ਲਾਇਬ੍ਰੇਰੀ ਵਿੱਚ ਅਜਿਹੇ ਸਾਹਿਤਕ ਰਸਾਲੇ ਵੀ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਬੌਧਿਕ ਤੌਰ ਤੇ ਹੋਰ ਚੇਤਨਸ਼ੀਲ ਹੋਣ।
ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਅੰਦਰ ਸੋਸ਼ਲ ਮੀਡੀਆ ਰਾਹੀਂ ਪਨਪੀ ਗੈਰ ਵਿਵਹਾਰਿਕ ਸਾਂਝ ਨੂੰ ਠੱਲ ਪਾਉਣ ਲਈ ‘ਹੁਣ’ ਵਰਗੇ ਸਾਹਿਤਕ ਰਸਾਲੇ ਹੀ ਉਤਮ ਜ਼ਰੀਏ ਹਨ।ਰਾਬਤਾ ਮੁਕਾਲਮਾਂ ਕਾਵਿ ਮੰਚ ਦੇ ਪ੍ਰਧਾਨ ਕਨਵੀਨਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਰਸਾਲੇ ਅਤੇ ਪੁਸਤਕਾਂ ਗਿਆਨ ਵੰਡਣ ਵਿੱਚ ਸਹਾਈ ਹੁੰਦੀਆਂ ਹਨ।ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਨਾਵਲਕਾਰ ਵਜੀਰ ਸਿੰਘ ਰੰਧਾਵਾ ਨੇ ਵਧਾਈ ਦਿੰਦਿਆ ਕਿਹਾ ਕਿ ਸਾਹਿਤਕ ਰਸਾਲੇ ਅਤੇ ਪੁਸਤਕਾਂ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਬਰਕਰਾਰ ਰਖਣੀ ਚਾਹੀਦੀ ਹੈ।ਪਰਮਜੀਤ ਕੌਰ ਅਤੇ ਕੋਮਲ ਸਹਿਦੇਵ ਨੇ ਕਿਹਾ ਕਿ ਅਜਿਹੇ ਰਸਾਲੇ ਲੇਖਕ ਦੀ ਸਥਾਪਤੀ ਦਾ ਸਬੱਬ ਬਣਦੇ ਹਨ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਆਏ ਅਦੀਬਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਨਾਕਸ਼ੀ ਟਾਂਗਰੀ, ਸੰਦੀਪ ਕੌਰ, ਰੀਟਾ, ਦੀਪਿਕਾ, ਨਿਤਿਕਾ, ਤ੍ਰਿਪਤਾ, ਪੂਨਮ ਸ਼ਰਮਾ, ਮਿਨਾਕਸ਼ੀ ਸ਼ਰਮਾ ਅਤੇ ਸ਼ਮੀ ਮਹਾਜਨ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …