ਡੀ.ਸੀ ਨੂੰ ਸ਼ਹਿਰ ਦੀ ਸਫ਼ਾਈ ਸਬੰਧੀ ਸੂਬਾ ਸਰਕਾਰ ਨਾਲ ਗੱਲਬਾਤ ਕਰਨ ਦੀਆਂ ਹਦਾਇਤਾਂ
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਨਾਲ
ਮੀਟਿੰਗ ਕੀਤੀ।ਉਨ੍ਹਾਂ ਡੀ.ਸੀ, ਏ.ਡੀ.ਸੀ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਸ਼ਹਿਰ ਦੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ।ਸ਼ਹਿਰ ਵਿੱਚ ਸਫ਼ਾਈ ਦੇ ਮੁੱਦੇ ’ਤੇ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ਡੀ.ਸੀ ਘਨਸ਼ਿਆਮ ਥੋਰੀ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਸੂਬਾ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ।
ਮੀਟਿੰਗ ਉਪਰੰਤ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਨਗਰ ਨਿਗਮ ਨਾਲ ਸਬੰਧਤ ਸਫਾਈ, ਸੀਵਰੇਜ਼ ਅਤੇ ਵਾਟਰ ਸਪਲਾਈ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।ਇਸ ਦੌਰਾਨ ਨਿਗਮ ਦੀਆਂ ਵਿੱਤੀ ਸਮੱਸਿਆਵਾਂ ਵੀ ਸੁਰਖੀਆਂ `ਚ ਰਹੀਆਂ, ਕਿਉਂਕਿ ਪਿਛਲੇ ਦੋ ਸਾਲਾਂ ਤੋਂ ਹਾਉਸ ਨਾ ਹੋਣ ਕਾਰਨ ਇਸ ਨੂੰ ਕੇਂਦਰ ਸਰਕਾਰ ਤੋਂ 5 ਕਰੋੜ ਰੁਪਏ ਦਾ ਵਿੱਤ ਕਮਿਸ਼ਨ ਵੀ ਨਹੀਂ ਮਿਲ ਰਿਹਾ, ਜਿਸ ਕਾਰਨ ਕੰਮ ਨਹੀਂ ਕੀਤਾ ਜਾ ਰਿਹਾ ਹੈ।ਨਿਗਮ ਦੇ ਸਾਧਨ ਵੀ ਸੀਮਤ ਹਨ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਵੀ ਘੱਟ ਫੰਡਾਂ ਕਾਰਨ ਕੰਮ ਨਹੀਂ ਕਰ ਪਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੌਜ਼ੂਦ ਗੰਦਗੀ ਅਤੇ ਚੂਹਿਆਂ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਪਲੇਗ ਵਰਗੀ ਬਿਮਾਰੀ ਫੈਲ ਸਕਦੀ ਹੈ।ਇਸ ਲਈ ਇਸ ਦਾ ਹੱਲ ਜਲਦੀ ਤੋਂ ਜਲਦੀ ਲੱਭ ਲਿਆ ਜਾਵੇਗਾ।ਇਸ ਤੋਂ ਬਾਅਦ ਤੁੰਗ ਢਾਬ ਡਰੇਨ, ਭਗਤਾਂਵਾਲਾ ਡਰੇਨ ਅਤੇ ਮਾਨਾਂਵਾਲਾ ਡਰੇਨ ਦਾ ਮੁੱਦਾ ਵੀ ਵਿਚਾਰਿਆ ਗਿਆ।ਡਰੇਨ ਵਿੱਚ ਟਰੀਟਮੈਂਟ ਪਲਾਂਟ ਲਗਾਉਣ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਸਾਫ਼ ਪਾਣੀ ਨੂੰ ਅੱਗੇ ਭੇਜਿਆ ਜਾ ਸਕੇ।ਔਜਲਾ ਨੇ ਕਿਹਾ ਕਿ ਇਸ ਲਈ ਜੋ ਵੀ ਫੰਡ ਚਾਹੀਦੇ ਹਨ, ਉਹ ਕੇਂਦਰ ਸਰਕਾਰ ਤੋਂ ਲੈ ਕੇ ਆਉਣਗੇ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ 10 ਲੱਖ ਬੂਟੇ ਲਗਾਏ ਜਾਣੇ ਹਨ।ਇਸ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਕੂਲਾਂ ਵਿੱਚ ਗਰਾਊਂਡਾਂ ਦੀ ਵਰਤੋਂ ਕੀਤੀ ਜਾਵੇ ਅਤੇ ਉਥੇ ਮਿੰਨੀ ਜੰਗਲ ਬਣਾਏ ਜਾਣ।ਸੜਕਾਂ ਦੇ ਵਿਚਕਾਰ ਘਰਾਂ ਦੀਆਂ ਛੱਤਾਂ `ਤੇ ਰੁੱਖ ਲਗਾਉਣੇ ਚਾਹੀਦੇ ਹਨ।ਔਜਲਾ ਨੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੋਟਰਾਂ `ਤੇ ਘੱਟੋ-ਘੱਟ 20-25 ਅਤੇ ਹਰ ਵਿਅਕਤੀ ਖਾਸ ਮੌਕੇ `ਤੇ ਇੱਕ ਰੁੱਖ ਲਾਵੇ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ, ਡਿਪਟੀ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਿਲ੍ਹਾ ਵਣ ਮੰਡਲ ਅਫ਼ਸਰ, ਸੁਪਰਡੈਂਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਅਤੇ ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਹਾਜ਼ਰ ਸਨ।
Punjab Post Daily Online Newspaper & Print Media