ਅੰਮ੍ਰਿਤਸਰ, 19 ਜੂਨ (ਦੀਪ ਦਵਿੰਦਰ ਸਿੰਘ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਅਮਰੀਕਾ ਨਿਵਾਸੀ ਪ੍ਰਸਿੱਧ ਲੇਖਕ ਆਜ਼ਾਦ ਜਲੰਧਰੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਅਟਵਾਲ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਸੁਨੜ, ਸਾਬਕਾ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਸਾਬਕਾ ਮੰਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਾਬਕਾ ਸਕੱਤਰ ਗੁਰਮੀਤ ਪਲਾਹੀ, ਸਾਬਕਾ ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਤੇ ਸਮੂਹ ਮੈਂਬਰਾਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਆਜ਼ਾਦ ਜਲੰਧਰੀ ਦਾ ਜਨਮ 12 ਜਨਵਰੀ 1933 ਵਿੱਚ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੁਰਾਇਆ ਨੇੜੇ ਪਿੰਡ ‘ਬੜਾ ਪਿੰਡ’ ਜਿਸ ਦਾ ਇਤਿਹਾਸਕ ਨਾਮ ‘ਕੁਲੇਰਾ’ ਹੈ ਵਿਖੇ ਹੋਇਆ।ਰਾਮਗੜ੍ਹੀਆ ਹਾਈ ਸਕੂਲ ਫਗਵਾੜਾ ਤੋਂ ਪੜ੍ਹਾਈ ਕਰਕੇ ਸੰਨ 1950 ਵਿੱਚ ਦਿੱਲੀ ਜਾ ਕੇ ਉਨ੍ਹਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਿੱਚ ਨੌਕਰੀ ਕਰ ਲਈ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਦਾ ਗਿਆਨ ਸੀ।
ਦਿੱਲੀ ਵੱਸਦਿਆਂ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ।ਉਹ ਸੂਫ਼ੀ ਮਤ ਦੇ ਗੀਤ ਗਜ਼ਲਾਂ ਲਿਖ ਕੇ ਗਾਉਣ ਲੱਗੇ।ਉਨ੍ਹਾਂ ਦੀਆਂ ਪੰਜਾਬੀ ਉਰਦੂ ਅਤੇ ਹਿੰਦੀ ਵਿੱਚ ਡੇਢ ਦਰਜਨ ਤੋਂ ਵੱਧ ਪੁਸਤਕਾਂ ਛਪੀਆਂ ਹਨ।ਸੰਨ 1957 ਵਿੱਚ ਉਨਾਂ ਗ੍ਰਹਿ ਮੰਤਰਾਲੇ ਦੇ ਮੁਲਾਜ਼ਮਾਂ ਵੱਲੋਂ ਕਰਵਾਏ ਜਾਂਦੇ ਸਾਲਾਨਾ ਕਵਿਤਾ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਤੇ ਪ੍ਰਬੰਧਕੀ ਬੋਰਡ ਵਿੱਚ ਵੀ ਕੰਮ ਕੀਤਾ।ਦਿੱਲੀ ਵਿਚ ਰਹਿੰਦਿਆਂ ਉਨ੍ਹਾਂ ਦੀ ਕਈ ਕਵੀਆਂ ਨਾਲ ਮੁਲਾਕਾਤ ਹੋਈ, ਜਿਨ੍ਹਾਂ ਵਿੱਚ ਜਿਗਰ ਮੁਰਾਦਾਬਾਦੀ, ਸਾਗਰ ਨਿਜ਼ਾਮੀ, ਮੁਖਮੂਹ ਦੇਹਲਵੀ, ਨਰੇਸ਼ ਕੁਮਾਰ ਸ਼ਾਦ, ਗੁਲਜ਼ਾਰ ਦੇਹਲਵੀ, ਹਰਵੰਸ ਰਾਏ ਬਚਨ, ਨੀਰਜ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਭਾਈਆ ਈਸ਼ਰ ਸਿੰਘ, ਗੁਰਮੁੱਖ ਸਿੰਘ ਮੁਸਾਫਿਰ ਆਦਿ ਸ਼ਾਮਲ ਹਨ।ਉਨ੍ਹਾਂ ਨੂੰ ਸੰਨ 1956 ਵਿੱਚ ਪੰਜਾਬੀ ਕਵੀ ਸਭਾ ਦਿੱਲੀ ਦਾ ਜਨਰਲ ਸਕੱਤਰ ਬਣਾਇਆ ਗਿਆ।ਉਨ੍ਹਾਂ ਸੰਨ 1958 ਵਿੱਚ ਹਿੰਦੀ ਮਾਸਿਕ ਰਸਾਲਾ ‘ਗੰਗੋਤਰੀ’ ਤੇ ਸੰਨ 1998 ਵਿੱਚ ਦਿੱਲੀ ਤੋਂ ਤ੍ਰੈਮਾਸਿਕ ਰਸਾਲਾ ‘ਗਗਨਦੀਪ’ ਸ਼ੁਰੂ ਕੀਤਾ।
ਉਹ ਸੰਨ 1978 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਪ੍ਰਸਿੱਧ ਸ਼ਹਿਰ ਸੇਨਹੋਜ਼ੇ ਵਿੱਚ ਪ੍ਰਵਾਰ ਸਮੇਤ ਚਲੇ ਗਏ।ਉਨ੍ਹਾਂ ਦਿਨਾਂ ਵਿੱਚ ਗੁਰੂਘਰਾਂ ਵਿੱਚ ਪਾਠੀ ਸਿੰਘਾਂ ਅਤੇ ਕੀਰਤਨੀਆਂ ਦੀ ਘਾਟ ਸੀ।ਇਸ ਲਈ ਇਨ੍ਹਾਂ ਖੁਦ ਕੀਰਤਨ ਦੀ ਸੇਵਾ ਨਿਭਾਈ।ਸਾਹਿਤਕ, ਸਭਿਆਚਾਰਕ, ਧਾਰਮਿਕ ਸੰਸਥਾਵਾਂ ਵਿੱਚ ਸ਼ਿਰਕਤ ਕੀਤੀ।ਲੋਕ ਗਾਇਕ ਹਰਿਭਜਨ ਸਿੰਘ ਭਜਨ ਨਾਲ ‘ਸ਼ਾਨ-ਏ-ਪੰਜਾਬ’ ਸੰਗੀਤ ਗਰੁੱਪ ਬਣਾਇਆ।ਜਿਥੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਤੇ ਕੈਸਟਾਂ ਵੀ ਕੱਢੀਆਂ, ਜਿਵੇਂ ਸਤਪਾਲ ਦਿਓ, ਸੋਹਣ ਸਿੰਘ ਢੋਲਾ, ਹਰਿਭਜਨ ਸਿੰਘ ਭਜਨ ਆਦਿ।
Check Also
ਸਰਹੱਦੀ ਪਿੰਡ ਮੋਦੇ ਵਿੱਚ ਜਾ ਕੇ ਜਿਲ੍ਹਾ ਅਧਿਕਾਰੀਆਂ ਨੇ ਕੀਤੀ ਬੱਚਿਆਂ ਦੀ ਕੌਂਸਲਿੰਗ
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ ਸਾਹਨੀ ਵਲੋਂ ਸਰਹੱਦੀ ਪਿੰਡ …