Saturday, June 29, 2024

ਪੰਜਾਬ ਸਰਕਾਰ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੇ ਬੀਜ਼ ‘ਤੇ ਦੇਵੇਗੀ ਸਬਸਿਡੀ – ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਦੀ ਵੱਧ ਵਰਤੋਂ ਹੋਣ ਕਰਕੇ ਝੋਨੇ ਦੀ ਕਾਸ਼ਤ ਸੂਬੇ ਦੇ ਧਰਤੀ ਹੇਠਲੇ ਉਪਲੱਬਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ।ਪੰਜਾਬ ਦੇ ਲਗਭਗ 80% ਰਕਬੇ ਵਿਚੋਂ ਲੋੜ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਖੇਤੀ ਵਿੱਚ ਵਿਭਿੰਨਤਾ ਲਿਆਉਣ, ਝੋਨੇ ਹੇਠ ਰਕਬਾ ਘਟਾਉਣ ਅਤੇ ਜ਼ਮੀਨ ਦੋਜ਼ ਪਾਣੀ ਦੀ ਬੱਚਤ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੇ ਬੀਜ਼ ਤੇ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਖੇਤਬਾੜੀ ਅਫਸਰ ਅੰਮ੍ਰਿਤਸਰ ਡਾ. ਤਜਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਸਾਲ ਕਿਸਾਨਾਂ ਨੂੰ ਮੱਕੀ ਦੇ ਬੀਜ਼ ‘ਤੇ 100 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਸਬਸਿਡੀ ਦਿੱਤੀ ਜਾਣੀ ਹੈ।ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਵੀਰਾਂ ਨੂੰ ਵਿਭਾਗ ਦੇ ਆਨਲਾਈਨ ਪੋਰਟਲ www.agrimachinerypb.com `ਤੇ ਰਜਿਸਟਰ ਕਰਨਾ ਪਵੇਗਾ ਅਤੇ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਦੇ ਮੱਕੀ ਬੀਜ਼ ਦੀ ਸਬਸਿਡੀ ਲੈ ਸਕੇਗਾ। ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੀ.ਐਮ.ਐਚ 13, ਅਡਵਾਂਟਾ 9293, ਅਡਵਾਂਟਾ 764,ਪੀ 3302, ਲਕਸ਼ਮੀ 333, ਡੀ.ਕੇ.ਸੀ 9106, 9125, 9144, ਪੀ.ਐਮ.ਐਚ 2255 ਆਦਿ ‘ਤੇ ਹੀ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਕਿਸਾਨ ਨੂੰ 6000 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਇੰਨਪੁਟਸ ਦੇ ਰੂਪ ਵਿੱਚ ਦਿੱਤੀ ਜਾਵੇਗੀ।ਕਿਸਾਨ ਵੱਲੋਂ ਆਪਣੀ ਪਸੰਦ ਅਨੁਸਾਰ ਡੀਲਰ ਤੋਂ ਆਪਣੇ ਪੱਧਰ ‘ਤੇ ਇਨਪੁਟਸ ਖਰੀਦ ਕਰਕੇ ਖਰੀਦ ਬਿੱਲ ਸਬੰਧਤ ਬਲਾਕ ਪੱਧਰ ‘ਤੇ ਖੇਤੀਬਾੜੀ ਵਿਭਾਗ ਦੇ ਦਫਤਰ ਵਿਖੇ ਜਮ੍ਹਾਂ ਕਰਵਾਇਆ ਜਾਵੇਗਾ।ਬਿੱਲ ਮੁਤਾਬਿਕ ਬੀਜ਼ ਦੀ ਖਰੀਦ ਦੀ ਮਿਤੀ 20 ਮਈ 2024 ਤੋਂ 25 ਜੂਨ 2024 ਤੱਕ ਹੋਣੀ ਚਾਹੀਦੀ ਹੈ।ਉਹਨਾਂ ਕਿਸਾਨਾਂ ਨੂੰ ਕਿਹਾ ਕਿ ਪਾਣੀ ਦੀ ਬੱਚਤ ਲਈ ਝੋਨੇ ਹੇਠੋਂ ਰਕਬਾ ਘਟਾਇਆ ਜਾਵੇ ਅਤੇ ਮੱਕੀ ਦੀ ਕਾਸ਼ਤ ਕੀਤੀ ਜਾਵੇ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …