Friday, March 28, 2025

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਧਾਰ ਲੁਧਿਆਣਾ ਅਤੇ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਫ਼ੈਡਰੇਸ਼ਨ ਦੇ ਸਹਿਯੋਗ ਨਾਲ ਨਵੀਂ ਸਿੱਖਿਆ ਨੀਤੀ-2020 ਦੇ ਸਬੰਧ ’ਚ ‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਆਨਲਾਈਨ ਪ੍ਰੋਗਰਾਮ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੱਖਿਆ ਵਿਭਾਗ ਤੋਂ ਪ੍ਰੋ: ਲਤਿਕਾ ਸ਼ਰਮਾ, ਡੀ.ਡੀ.ਈ ਜੰਮੂ ਯੂਨੀਵਰਸਿਟੀ ਤੋਂ ਪ੍ਰੋ: (ਡਾ.) ਜਸਪਾਲ ਸਿੰਘ ਅਤੇ ਜੀ.ਐਚ.ਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਲੁਧਿਆਣਾ ਤੋਂ ਪ੍ਰਿੰਸੀਪਲ ਡਾ. ਪ੍ਰਗਟ ਸਿੰਘ ਗਰਚਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾ. ਕੁਮਾਰ ਨੇ ਉਕਤ ਬੁਲਾਰਿਆਂ ਦਾ ਨਿੱਘਾ ਸਵਾਗਤ ਕਰਨ ਉਪਰੰਤ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਨੇ ਵਰਤਮਾਨ ਸਮੇਂ ਦੀ ਸਿੱਖਿਆ ਵਿਵਸਥਾ ਲਈ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ, ਜਿੰਨ੍ਹਾਂ ’ਚ ਉਚ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਭ ਤੋਂ ਪ੍ਰਮੁੱਖ ਹੈ, ਕਿਉਂਕਿ ਵਰਤਮਾਨ ਸਿੱਖਿਆ ਪ੍ਰਣਾਲੀ ਦੇ ਬਹੁਤ ਸਾਰੇ ਪੱਖ ‘ਦੋਸ਼-ਪੂਰਨ ਮੁਲਾਂਕਣ ਪ੍ਰਣਾਲੀ ਅਤੇ ਸਕੂਲੀ ਸਿੱਖਿਆ ਦਾ ਕਿੱਤਾ-ਮੁਖੀ ਨਾ ਹੋਣਾ’ ਆਦਿ ਆਲੋਚਨਾਂ ਦੇ ਘੇਰੇ ’ਚ ਹਨ।ਇਨ੍ਹਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਅਧਿਆਪਕ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਰਹੇਗੀ।
ਪ੍ਰੋ: ਸ਼ਰਮਾ ਨੇ ਕਿਹਾ ਕਿ ਉਕਤ ਨੀਤੀ ਅਨੁਸਾਰ ਅਧਿਆਪਕ ਨੂੰ ਆਪਣੀ ਅਧਿਆਪਨ ਵਿਧੀ ਪ੍ਰਤੀ ਹੋਰ ਚੇਤੰਨ ਹੋਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਪੁਰਾਤਨ ਵਿਧੀਆਂ ਦੇ ਨਾਲ-ਨਾਲ ਤਕਨੀਕੀ ਵਿਧੀਆਂ ਨੂੰ ਵੀ ਸ਼ਾਮਿਲ ਕਰਨਾ ਪਵੇਗਾ।ਉਨ੍ਹਾਂ ਨੇ ਆਪਣੇ ਲੈਕਚਰ ’ਚ ਬਹੁਤ ਸਾਰੀਆਂ ਵਿਧੀਆਂ ਦੀ ਚਰਚਾ ਕੀਤੀ, ਜਿੰਨ੍ਹਾਂ ਨੂੰ ਅਧਿਆਪਕ ਜਮਾਤ ’ਚ ਵਰਤ ਕੇ ਆਪਣੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਕਰ ਸਕਦਾ ਹੈ।ਇਸ ਲੈਕਚਰ ’ਚ 80 ਦੇ ਕਰੀਬ ਭਾਗੀਦਾਰਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਕਾਲਜ ਅਸਿਸਟੈਂਟ ਪ੍ਰੋਫੈਸਰ ਡਾ. ਦੀਪਿਕਾ ਕੋਹਲੀ ਨੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ।
ਇਸ ਮੌਕੇ ਜੀ.ਐਚ.ਜੀ ਕਾਲਜ ਤੋਂ ਐਸੋਸੀਏਟ ਪ੍ਰੋਫ਼ੈਸਰ ਡਾ: ਮੰਨੂ ਸ਼ਰਮਾ ਨੇ ਸ਼ਾਮਿਲ ਹੋਏ ਮਹਿਮਾਨਾਂ, ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …