ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ‘ਨਸਲਾਂ-ਫ਼ਸਲਾਂ-ਪੰਜਾਬ ਬਚਾਓ’ ਦੇ ‘ਲੋਕ-ਏਕਤਾ ਮਿਸ਼ਨ’ ਤਹਿਤ ਡਾ: ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੇ ਅੱਜ ‘ਸਿਆਸੀ ਧੜੇਬੰਦੀ ਦੇ ਕੋਹੜ’ ਨੂੰ ਗਲੋਂ ਲਾਹ ਕੇ, ਸਾਰੇ ਪਿੰਡਾਂ ਦੀਆਂ ਗਰਾਮ ਸਭਾਵਾਂ ਨੂੰ ‘ਸਰਵਸੰਮਤੀ ਨਾਲ ਨਿਰਪੱਖ’ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਅਜਿਹਾ ਕਰਨਾ ਸਮੇਂ ਦੀ ਬੇਹਦ ਜ਼ਰੂਰੀ ਮੰਗ ਹੈ, ਤਾਂ ਜੋ ਸਿਆਸੀ ਧੜੇਬੰਦੀ ਰਾਹੀਂ ਉਪਜੀ ਤੇ ਪਲ ਰਹੀ ਭਰਾ-ਮਾਰੂ ਨਫ਼ਰਤ, ਬੇਲੋੜੇ ਝਗੜੇ, ਕਤਲ, ਮੁਕੱਦਮੇਬਾਜ਼ੀ, ਨਸ਼ਾਖੋਰੀ, ਲੁੱਟ ਖ਼ਸੁੱਟ ਖ਼ਤਮ ਹੋ ਕੇ, ਪੇਂਡੂ ਆਪਸੀ ਭਾਈਚਾਰਾ, ਨੈਤਿਕਤਾ, ਇਨਸਾਫ਼, ਸਿਹਤ, ਆਤਮ-ਨਿਰਭਰਤਾ ਅਤੇ ਖ਼ੁਸ਼ਹਾਲੀ, ਮੁੜ ਬਹਾਲ ਹੋ ਸਕੇ।
ਉਹਨਾਂ ਨੇ ਮਾਰੂਥਲ ਬਣਨ ਦੀ ਕਗ਼ਾਰ ਤੇ ਖੜ੍ਹੇ ਅਤੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਦਾ ਘਰ ਬਣ ਚੁੱਕੇ ਪੰਜਾਬ ਨੂੰ ਬਚਾਉਣ ਲਈ, ਪਰਉਪਕਾਰੀ ਦਰਵੇਸ਼ ਭਗਤ ਪੂਰਨ ਸਿੰਘ ਜੀ ਦੇ ਬਚਨਾਂ ਅਨੁਸਾਰ, ਗੁਰਬਾਣੀ ਦੇ ਉਪਦੇਸ਼, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਪ੍ਰਤੀ ਸਰਬਤ ਮਾਈ ਭਾਈ ਨੂੰ ਆਪੋ ਆਪਣਾ ਨੈਤਿਕ ਫਰਜ਼ ਪਾਲਣ ਦੀ ਵੀ ਪ੍ਰੇਰਨਾ ਕੀਤੀ।ਉਹਨਾਂ ਕਿਹਾ ਕਿ, ਗੁਰੂ ਗ੍ਰੰਥ ਸਾਹਿਬ ਦਾ ਅਦਬ ਬਹਾਲ ਰੱਖਣ ਅਤੇ ਬੇਅਦਬੀਆ ਰੋਕਣ ਲਈ ਪਹਿਰੇ, ਧਰਤੀ ਹੇਠਲਾ ਪਾਣੀ ਬਚਾਉਣ ਲਈ ਖੇਤੀ ਵਿਭਿੰਨਤਾ, ਬਿਮਾਰੀਆਂ ਤੋਂ ਬਚਣ ਲਈ ਰੂੜੀ ਦੀ ਵਰਤੋਂ ਤੇ ਜ਼ਹਿਰ-ਮੁਕਤ ਜੈਵਿਕ ਖੇਤੀ ਨੀਤੀ ਲਾਗੂ ਕਰਨ ਲਈ, ਮਿਲਾਵਟਖ਼ੋਰੀ ਅਤੇ ਮਾਰੂ ਨਸ਼ਿਆਂ ਦੀ ਸਖ਼ਤੀ ਨਾਲ ਰੋਕਥਾਮ ਲਈ, ਸਰਬਸਾਂਝੀਆਂ ਨਿਰਪੱਖ, ਲੋਕਹਿਤ ਨੂੰ ਸਮਰਪਿਤ ਅਤੇ ਜਿੰਮੇਵਾਰ ਸਥਾਨਕ ਸਰਕਾਰਾਂ ਅਰਥਾਤ ਪੰਚਾਇਤਾਂ ਦਾ ਬਣਨਾ ਲਾਜ਼ਮੀ ਹੈ।ਡਾ. ਇੰਦਰਜੀਤ ਕੌਰ ਅਤੇ ਡਾ. ਮਨਜੀਤ ਸਿੰਘ ਰੰਧਾਵਾ ਨੇ ਸਾਂਝੇੇ ਬਿਆਨ ਵਿੱਚ ਉਚੇਚੇ ਤੌਰ ‘ਤੇ ਮਾਤਾਵਾਂ, ਭੈਣਾਂ, ਧੀਆਂ ਅਤੇ ਨੌਜਵਾਨ ਗੱਭਰੂਆਂ ਨੂੰ ਪਿੰਡਾਂ ਵਿੱਚ ਸਰਬਸੰਮਤੀ ਕਰਵਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ।ਉਹਨਾਂ ਖ਼ੁਲਾਸਾ ਕੀਤਾ ਕਿ ਬੀਬੀਆਂ ਅਤੇ ਗੱਭਰੂ, ਵੋਟਰਾਂ ਦਾ ਕਰਮਵਾਰ 50% ਅਤੇ 25%, ਅਰਥਾਤ ਤਿੰਨ ਚੌਥਾਈ ਹਨ।”ਨਸਲਾਂ-ਫ਼ਸਲਾਂ-ਪੰਜਾਬ ਬਚਾਉਣ ਲਈ” ਜੇ ਮਿਥ ਲੈਣ ਕਿ ਸਿਆਸੀ ‘ਧੜੇਬੰਦੀ ਦੀ ਪੱਖਪਾਤੀ’ ਪੰਚਾਇਤੀ ਚੋਣ ਨਹੀਂ ਹੋਣ ਦੇਣੀ, ਤਾਂ ਹਰੇਕ ਪਿੰਡ ਵਿੱਚ ਸਰਵਸੰਮਤੀ ਹੋਣੋਂ ਕੋਈ ਰੋਕ ਹੀ ਨਹੀਂ ਸਕਦਾ।
ਇਸ ਮੌਕੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਪਿੰਗਲਵਾੜਾ ਸੋਸਾਇਟੀ, ਮੁਖਤਿਆਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰਜੀਤ ਸਿੰਘ ਭੱਟੀ ਮੁੱਖ ਪ੍ਰਸ਼ਾਸਕ ਪਿੰਗਲਵਾੜਾ ਅੰਮ੍ਰਿਤਸਰ, ਮਨਜੀਤ ਸਿੰਘ ਰੰਧਾਵਾ ਸਿਵਲ ਸਰਜਨ (ਰਿਟਾ.), ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ, ਬੀਬੀ ਇਕਬਾਲ ਕੌਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰੀ, ਬੀਬੀ ਸੁਰਿੰਦਰ ਕੌਰ ਭੱਟੀ ਅਤੇ ਤਿਲਕ ਰਾਜ ਆਦਿ ਹਾਜ਼ਰ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …