Monday, July 1, 2024

ਪੰਜਾਬੀ ਦੇ ਉੱਘੇ ਸ਼ਾਇਰ ਰਣਧੀਰ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਆਯੋਜਿਤ

ਸੰਗਰੂਰ, 28 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਸਰਪ੍ਰਸਤੀ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਨਿਰਦੇਸ਼ਨਾ ਹੇਠ ਪੰਜਾਬੀ ਦੇ ਉਘੇ ਸ਼ਾਇਰ ਰਣਧੀਰ ਦੀ ਕਾਵਿ-ਪੁਸਤਕ ‘ਖ਼ਤ ਜੋ ਲਿਖਣੋ ਰਹਿ ਗਏ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਣ ‘ਤੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ‘ਚ ਡਾ. ਰਣਜੋਧ ਸਿੰਘ ਜਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਨੇ ਰਣਧੀਰ ਨੂੰ ਐਵਾਰਡ ਮਿਲਣ ‘ਤੇ ਵਧਾਈ ਦਿੱਤੀ।ਪੁਸਤਕ ‘ਤੇ ਵਿਦਵਤਾ ਭਰਪੂਰ ਪੇਪਰ ਡਾ. ਇਕਬਾਲ ਸਿੰਘ ਸਕਰੌਦੀ ਨੇ ਪੇਸ਼ ਕੀਤਾ।ਡਾ. ਸਿੰਘ ਨੇ ਕਿਹਾ ਕਿ ਰਣਧੀਰ ਸੰਘਰਸ਼ਸ਼ੀਲ ਜੀਵਨ ਵਿਚੋਂ ਨਿਕਲਿਆ ਉਹ ਹੀਰਾ ਹੈ, ਜਿਸ ਦੀ ਚਮਕ ਨਾਲ ਹਾਸ਼ੀਏ ‘ਤੇ ਧੱਕੇ ਲੋਕ ਅਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਲੋਕਾਂ ਦੇ ਜਿਵਨ ਵਿੱਚ ਰੌਸ਼ਨੀ ਆਵੇਗੀ।
ਵਿਸ਼ੇਸ਼ ਮਹਿਮਾਨ ਪ੍ਰੋ. ਸੁਖਵਿੰਦਰ ਸਿੰਘ ਪਰਮਾਰ (ਡਾ.) ਨੇ ਆਖਿਆ ਕਿ ਰਣਧੀਰ ਦੀ ਕਵਿਤਾ ` ਮੈਂ ਮੁਲਕ` ਹੈ ਅਤੇ ਵਿਦਵਾਨਾਂ ਵਲੋਂ ਇਸ ਦੀ ਪਹਿਚਾਣ ਕੀਤੀ ਗਈ ਹੈ।ਮੁੱਖ ਮਹਿਮਾਨ ਮੁਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੁਰੀ ਨੇ ਨਰੋਆ ਸਾਹਿਤ ਸਿਰਜਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਰਣਧੀਰ ਦੀ ਸਾਹਿਤਕ ਦੇਣ ਦੀ ਚਰਚਾ ਕਰਦਿਆਂ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਕਰਨ ਲਈ ਟੀਚੇ ਮਿਥਣ ਦੀ ਪ੍ਰੇਰਨਾ ਦਿੱਤੀ।
ਕਰਮ ਸਿੰਘ ਜਖਮੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ‘ਖ਼ਤ ਜੋ ਲਿਖਣੋ ਰਹਿ ਗਏ’ ਪੁਸਤਕ ਦੀ ਐਵਾਰਡ ਲਈ ਸਹੀ ਚੋਣ ਹੋਈ ਹੈ।ਉਨ੍ਹਾਂ ਕਿਹਾ ਕਿ ਵਧੀਆ ਕਿਤਾਬਾਂ ਨੂੰ ਭੂਮਿਕਾ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਕਿਤਾਬਾਂ ਅਤੇ ਰਸਾਲੇ ਮੁੱਲ ਲੈ ਕੇ ਪੜ੍ਹਨ ਦੀ ਵੀ ਅਪੀਲ ਕੀਤੀ।
ਸਮਾਗਮ ਦੇ ਦੂਜੇ ਦੌਰ ਵਿੱਚ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੁਰਿੰਦਰਪਾਲ ਸਿੰਘ ਸਿਦਕੀ, ਰਣਜੀਤ ਅਜਾਦ ਕਾਂਝਲਾ, ਪਵਨ ਹੋਸ਼ੀ, ਮੀਤ ਸਕਰੌਦੀ, ਸੰਦੀਪ ਬਾਦਸ਼ਾਹਪੁਰੀ, ਗਗਨਦੀਪ ਸੱਪਲ, ਭੁਪਿੰਦਰ ਨਾਗਪਾਲ, ਗ਼ਜ਼ਲਗੋ, ਗਗਨਦੀਪ ਸੰਗਰੂਰ, ਪੰਮੀ ਫੱਗੂਵਾਲੀਆ, ਹਰਪ੍ਰੀਤ ਸਿੰਘ, ਫੂਡ ਸਪਲਾਈ, ਪਿਆਰਾ ਸਿੰਘ, ਹਰਸ਼ਵੀਰ ਸਿੰਘ, ਆਦਿ ਕਵੀਆਂ ਨੇ ਆਪਣੇ ਵੱਖ-ਵੱਖ ਵਿਸ਼ਿਆਂ ‘ਤੇ ਕਲਾਮ ਪੇਸ਼ ਕੀਤੇ ਅਤੇ ਕੁਲਵੰਤ ਖਨੌਰੀ ਨੇ ਪੁਰਾਤਨ ਸਾਜ਼ਾਂ ਨਾਲ ਖੂਬ ਰੰਗ ਬੰਨਿਆ।ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਸੀਨੀਅਰ ਸਹਾਇਕ ਜਗਦੇਵ ਸਿੰਘ ਰਣੀਕੇ ਨੇ ਸਮਾਗਮ ਦੀ ਸਫਲਤਾ ਲਈ ਵਡਮੁੱਲਾ ਯੋਗਦਾਨ ਪਾਇਆ।ਮੰਚ ਸੰਚਾਲਨ ਕਰਦਿਆਂ ਹਾਕਮ ਸਿੰਘ ਸਾਬਕਾ ਸੁਪਰਵਾਈਜ਼ਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਰਣਧੀਰ ਨੌਜਵਾਨਾਂ ਲਈ ਰਾਹ ਦਸੇਰਾ ਹੈ।ਸ੍ਰੀਮਤੀ ਸੰਜੂ ਬਾਲਾ, ਖੋਜ਼ ਅਫ਼ਸਰ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।ਇਸ ਦੌਰਾਨ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …