Tuesday, July 2, 2024

ਆਰਟ ਗੈਲਰੀ ‘ਚ ‘ਸਮਰ ਆਰਟ ਕੈਂਪ ਫੈਸਟੀਵਲ-2024’ ਦੀ ਸਮਾਪਤੀ ’ਤੇ ਪੇਂਟਿੰਗ ਪ੍ਰਦਰਸ਼ਨੀ

ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ (ਆਰਟ ਗੈਲਰੀ) ਵਿਖੇ ਨੋਰਥ ਜੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ 1 ਤੋਂ 30 ਜੂਨ ਤੱਕ ਚੱਲਣ ਵਾਲੇ ‘11ਵੇਂ ਸਮਰ ਆਰਟ ਕੈਂਪ ਫੈਸਟੀਵਲ-2024’ ’ਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਪੇਟਿੰਗਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਤੇ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਿਸ਼ੇਸ਼ ਮਹਿਮਾਨ ਧਰਮਿੰਦਰ ਸ਼ਰਮਾ ਦੁਆਰਾ ਕੀਤਾ ਗਿਆ।
ਛੀਨਾ ਨੇ ਕਿਹਾ ਕਿ ਆਰਟ ਗੈਲਰੀ ਪਿਛਲੇ ਲੰਮੇਂ ਸਮੇਂ ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾ, ਚਿੱਤਰਕਲਾ, ਫੋਟੋਗ੍ਰਾਫ਼ੀ ਆਦਿ ਦਾ ਸਮੇਂ-ਸਮੇਂ ਆਯੋਜਨ ਕਰਦੀ ਆ ਰਹੀ ਹੈ ਤਾਂ ਜੋ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਕ ਦੂਸਰੇ ਤੋਂ ਸਿੱਖਣ ਤੇ ਸਮਝਣ ਦਾ ਮੌਕਾ ਮਿਲ ਸਕੇ।ਜਿਸ ਲਈ ਹਰ ਸਾਲ ਰਾਸ਼ਟਰੀ ਪੱਧਰ ਦੇ ਸਮਾਗਮ ਆਰਟ ਗੈਲਰੀ ’ਚ ਕਰਵਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਬਾਲ ਕਲਾਕਾਰ ਨੂੰ ਆਪਣੀ ਕਲਾ ਲਈ ਕਿਸੇ ਦਾ ਮੁਥਾਜ਼ ਹੋਣ ਦੀ ਜਰੂਰਤ ਨਹੀਂ ਪੈਂਦੀ ।
ਉਨ੍ਹਾਂ ਕਿਹਾ ਕਿ ਮਹੀਨੇ ਭਰ ਚੱਲਣ ਵਾਲੇ ਉਕਤ ਸਮਰ ਕੈਂਪ ਦੌਰਾਨ ਹਿੱਸਾ ਲੈਣ ਵਾਲੇ ਛੋਟੇ-ਛੋਟੇ ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਵੱਖ-ਵੱਖ ਪੇਟਿੰਗਾਂ ਦੀ ਪ੍ਰਦਰਸ਼ਨੀ ਅਲੱਗ-ਅਲੱਗ ਵਿਸ਼ਿਆਂ ’ਤੇ ਬਣਾਈਆਂ ਕਲਾਕ੍ਰਿਤੀਆਂ ਨੂੰ ਦਰਸਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਆਰਟ ਗੈਲਰੀ ਦਾ ਮੁੱਖ ਮਕਸਦ ਹੁਨਰ ਨੂੰ ਉਭਾਰਨਾ ਹੈ। ਇਸੇ ਤਹਿਤ ਅਕੈਡਮੀ ਗਰਮੀਆਂ ਦੀਆਂ ਛੁੱਟੀਆਂ ਮੌਕੇ ਘਰਾਂ ’ਚ ਪੜ੍ਹ ਰਹੇ ਵਿਦਿਆਰਥੀ ਨੂੰ ਪਲੇਟਫ਼ਾਰਮ ਮੁਹੱਈਆ ਕਰਵਾਉਂਦੀ ਹੈ।
ਉਨ੍ਹਾਂ ਕਿਹਾ ਉਕਤ ਸਮਰ ਕੈਂਪ ਦੌਰਾਨ ਪੋਰਟਰੇਟ ਪੇਟਿੰਗ, ਮੂਰਤੀ ਕਲਾ, ਕਠਪੁਤਲੀ ਬਣਾਉਣਾ, ਕੈਲੀਗ੍ਰਾਫ਼ੀ, ਮੋਰਲਸ, ਡਾਂਸ, ਮਿਊਜਿਕ, ਵਰਕਸ਼ਾਪ ਆਦਿ ਵੱਖ-ਵੱਖ ਸਗਰਮੀਆਂ ਕਰਵਾਈਆਂ ਗਈਆਂ ਹਨ।ਜਿਸ ਵਿੱਚ ਕੁਲਵੰਤ ਸਿੰਘ ਗਿੱਲ, ਸੁਰਿੰਦਰਪਾਲ ਸਿੰਘ, ਪੁਸ਼ਪਿੰਦਰ ਕੌਰ ਆਦਿ ਨਾਮਵਰ ਕਲਾਕਾਰਾਂ ਨੇ ਹਿੱਸਾ ਲੈਂਦਿਆਂ ਸਿਖਿਆਰਥੀਆਂ ਨੂੰ ਗੁਰ ਦੱਸੇ।ਗੁਰਮੁੱਖ ਸਿੰਘ ਵੱਲੋਂ ਡਿਜ਼ੀਟਲ ਆਰਟ ਕਿਵੇਂ ਅਤੇ ਕਿਸ ਤਰੀਕੇ ਨਾਲ ਬਣਾਈ ਜਾ ਸਕਦੀ ਹੈ, ਸਬੰਧੀ ‘ਡਿਜ਼ੀਟਲ ਆਰਟ ਡੈਮੋ’ ਵੀ ਦਿੱਤੀ ਗਈ।
ਇਸ ਦੌਰਾਨ ਆਨਰੇਰੀ ਜਨਰਲ ਸਕੱਤਰ ਡਾ. ਪੀ.ਐਸ ਗਰੋਵਰ, ਵਿਜ਼ੁਅਲ ਆਰਟ ਸਕੱਤਰ ਸੁਖਪਾਲ ਸਿੰਘ, ਕਨਵੀਨਰ ਨਰਿੰਦਰ ਸਿੰਘ, ਸੀਨੀਅਰ ਵਾਈਸ ਚੇਅਰਮੈਨ ਬੀ.ਐਸ ਨੰਦਾ, ਨਰਿੰਦਰਜੀਤ ਸਿੰਘ ਆਰਕੀਟੈਕਟ, ਕੈਲੀਗ੍ਰਾਫਰ ਸੰਜੇ ਕੁਮਾਰ, ਨਰਿੰਦਰ ਨਾਥ ਕਪੂਰ ਆਦਿ ਸਖ਼ਸ਼ੀਅਤਾਂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …