ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਸੰਗਰੂਰ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਸੈਮੂਅਲ ਦਾ ਸੂਬਾ ਪੱਧਰੀ ਲੋਕ ਗੀਤ ਮੁਕਾਬਲਿਆਂ ਵਿੱਚ ਜੇਤੂ ਰਹਿਣ `ਤੇ ਬੀਤੇ ਦਿਨੀਂ ਸਨਮਾਨ ਕੀਤਾ ਗਿਆ।ਸੁਰਿੰਦਰ ਕੁਮਾਰ (ਮਾਲਵਾ ਗ੍ਰਾਮੀਣ ਬੈਂਕ) ਨੇ ਖਾਸ ਤੌਰ `ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀ ਨੂੰ ਵਿਸ਼ੇਸ ਇਨਾਮ ਦਿੱਤੇ।ਲੋੜਵੰਦ ਬੱਚਿਆਂ ਨੂੰ ਮੁਫ਼ਤ ‘ਚ ਤਬਲਾ ਵਾਦਨ ਦੀ ਸਿੱਖਿਆ ਦੇਣ ਵਾਲੇ ਗੁਰਪ੍ਰੀਤ ਸਿੰਘ ਨੂੰ ਵੀ ਸਨਮਾਨਿਆ ਗਿਆ।ਉਹ ਸੈਮੂਅਲ ਨੂੰ ਵੀ ਸਿਖਿਆ ਦਿੰਦੇ ਹਨ।ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਸਿੱਖਿਆ ਅਤੇ ਕਲਾ ਮੰਚ ਪੰਜਾਬ ਵਲੋਂ ਸੂਬਾ ਪੱਧਰ `ਤੇ ਆਨਲਾਨੀਨ ਕਰਵਾਏ ਗਏ ਸਨ, ਜਿਸ ਵਿੱਚ ਪੂਰੇ ਪੰਜਾਬ ਵਿਚੋਂ ਅੱਠ ਵਿਦਿਆਰਥੀਆਂ ਦੀ ਆਫਲਾਈਨ ਮੁਕਾਬਲਿਆਂ ਲਈ ਚੋਣ ਕੀਤੀ ਗਈ।ਹਰੀਪੁਰਾ ਸਕੂਲ ਦੇ ਸੈਮੂਅਲ ਨੇ ਇਹ ਮੁਕਾਬਲੇ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਵੀ ਉਚਾ ਕੀਤਾ ਹੈ।ਗਾਈਡ ਅਧਿਆਪਕਾ ਨਿਸ਼ਾ ਸ਼ਰਮਾ ਉਭਾਵਾਲ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਪੀ.ਟੀ.ਸੀ ਪੰਜਾਬੀ ਚੈਨਲ `ਤੇ ਚੱਲ ਰਹੇ ਸ਼ੋਅ ‘ਵੁਆਇਸ ਆਫ਼ ਪੰਜਾਬ ਛੋਟਾ ਚੈੰਪ ਸੀਜ਼ਨ-10’ ਵਿੱਚ ਵੀ ਹਿੱਸਾ ਲੈ ਕੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ।ਸਕੂਲ ਮੁਖੀ ਸ੍ਰੀਮਤੀ ਪਰਮਜੀਤ ਕੌਰ ਨੇ ਬੱਚੇ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਹਰੀਪੁਰਾ ਸਕੂਲ ਸਟਾਫ਼ ਮਾਪੇ ਤੇ ਪਤਵੰਤੇ ਮੌਜ਼ੂਦ ਰਹੇ।