Wednesday, September 18, 2024

ਵਿਦੇਸ਼ੋਂ ਪਰਤੇ ਮਨਮੋਹਨ ਸਿੰਘ ਢਿੱਲੋਂ ਨਾਲ ਰਚਾਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 2 ਅਗਸਤ (ਦੀਪ ਦਵਿੰਦਰ ਸਿੰਘ) – ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਅੰਤਰਗਤ ਪ੍ਰਮੁੱਖ ਕਾਲਮ ਨਵੀਸ ਅਤੇ ਸਾਹਿਤਕ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਨਾਲ ਉਹਨਾਂ ਦੇ ਗ੍ਰਹਿ ਵਿਖੇ ਸਾਹਿਤਕ ਗੁਫ਼ਤਗੂ ਰਚਾਈ ਗਈ।ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇਸ ਅਰਥ ਭਰਪੂਰ ਸਾਹਿਤਕ ਮਹਿਫਲ ਦਾ ਆਗਾਜ਼ ਕਰਦਿਆਂ ਕਿਹਾ ਕਿ ਅਜਿਹੀਆਂ ਮਹਿਫਲਾਂ ਜਿਥੇ ਸਹਿਤਕ ਦੋਸਤੀਆਂ ਨੂੰ ਪੀਢੀ ਗੰਢ ਮਾਰ ਕੇ ਰੱਖਦੀਆਂ ਹਨ, ਉਥੇ ਆਪਸੀ ਸੰਵਾਦ ਦਾ ਸਬੱਬ ਵੀ ਬਣਦੀਆਂ ਹਨ।
ਮਨਮੋਹਨ ਸਿੰਘ ਢਿੱਲੋਂ ਹੁਰਾਂ ਦੱਸਿਆ ਕਿ ਉਹ ਵਿਦੇਸ਼ ਵਿੱਚ ਰਾਜੀ-ਖੁਸ਼ੀ, ਵੱਸਦੇ-ਰਸਦੇ ਆਪਣੇ ਬੱਚਿਆਂ ਕੋਲ ਹੱਸ ਖੇਡ ਕੇ ਆਏ ਹਨ ਅਤੇ ਉਹਨਾਂ ਦੇ ਬੱਚਿਆਂ ਵਾਂਗ ਹੀ ਉਥੇ ਵੱਸਦਾ ਪੰਜਾਬੀ ਭਾਈਚਾਰਾ ਚੰਗਾ ਖਾ-ਹੰਡਾਅ ਰਿਹਾ ਹੈ, ਫਿਰ ਵੀ ਆਪਣੀ ਜ਼ਮੀਨ, ਜ਼ੁਬਾਨ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਦਾ ਸਕੂਨ ਕਿਸੇ ਵੀ ਧਰਤੀ `ਤੇ ਨਹੀਂ ਮਿਲਦਾ।ਡਾ. ਹੀਰਾ ਸਿੰਘ ਨੇ ਢਿੱਲੋਂ ਹੁਰਾਂ ਦੀਆਂ ਪੁਸਤਕਾਂ “ਬੰਦੇ ਦੀ ਵੁਕਤ ਐ ਜਿਥੇ” ਅਤੇ “ਜਿੰਦਗੀ ਦੇ ਆਰ-ਪਾਰ” ਦੇ ਹਵਾਲੇ ਨਾਲ ਕਿਹਾ ਕਿ ਉਹ ਸਫ਼ਰ ਦੇ ਸਾਹਿਤ ਸਿਰਜ਼ਕ ਹਨ।
ਸਿੱਖ ਚਿੰਤਕ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਢਿੱਲੋਂ ਹੁਰਾਂ ਦੇ ਲਿਖਣ ਵਿੱਚ ਸਹਿਜ਼ਤਾ ਅਤੇ ਬੋਲਣ ਵਿੱਚ ਠਰੰਮਾ ਹੈ।ਇਹੋ ਸਹਿਜ਼ਤਾ ਇਹਨਾਂ ਦੀ ਜੀਵਨ ਸ਼ੈਲੀ ਵਿੱਚ ਵੀ ਝਲ਼ਕਦੀ ਹੈ।ਜਨਵਾਦੀ ਲੇਖਕ ਸੰਘ ਦੇ ਸਕੱਤਰ ਹਰਜੀਤ ਸਿੰਘ ਸੰਧੂ ਅਤੇ ਡਾ. ਮੋਹਨ ਨੇ ਕਿਹਾ ਕਿ ਅਜਿਹੇ ਸਮਾਗਮ ਲੇਖਕ ਨੂੰ ਮਾਣ ਇੱਜ਼ਤ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ।ਸਾਹਿਤਕਾਰ ਐਸ.ਪਰਸ਼ੋਤਮ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਬਰਕਰਾਰ ਰੱਖਣੀ ਚਾਹੀਦੀ ਹੈ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …