ਹੁਨਾਲ ਰੁੱਤ ਜਦੋਂ ਆਵੇ
ਸੂਰਜ ਅੱਗ ਬੱਦਲਾਂ ਨੂੰ ਲਾਵੇ
ਤਪਸ਼ ਪੂਰਾ ਪਿੰਡਾ ਝੁਲਸਾਵੇ
ਨਾਲੇ ਦਿਲ ਘਬਰਾਉਂਦਾ ਹੈ
ਠੰਡੀ ਹਵਾ ਤੇ ਪਾਣੀ ਹਰ ਕੋਈ ਚਾਹੁੰਦਾ ਹੈ।
ਵਰਖਾ ਰੁੱਤ ਜਦੋਂ ਆਵੇ
ਮੇਘ ਬਰਸੇ ਛਹਿਬਰ ਲਾਵੇ
ਕੁੱਲ ਕਾਇਨਾਤ ਭਿੱਜ ਜਾਵੇ
ਚਿੱਕੜ ਦਿਲ ਘਬਰਾਉਂਦਾ ਹੈ
ਓਟ ਤੇ ਛੱਤਰੀ ਹਰ ਕੋਈ ਚਾਹੁੰਦਾ ਹੈ।
ਸਿਆਲ ਰੁੱਤ ਜਦੋਂ ਆਵੇ
ਕੱਕਰ ਹੱਡ ਚੀਰਦਾ ਜਾਵੇ
ਪਾਲਾ ਦੰਦੋ-ੜਿੱਕਾ ਲਾਵੇ
ਹੱਥ ਸੁੰਨ, ਦਿਲ ਘਬਰਾਉਂਦਾ ਹੈ
ਧੂਣੀ ਤੇ ਲੋਈ ਹਰ ਕੋਈ ਚਾਹੁੰਦਾ ਹੈ।
ਪਤਝੜ੍ਹ ਰੁੱਤ ਜਦੋਂ ਆਵੇ
ਫੁੱਲ-ਪੱਤਾ ਸਭ ਝੜ੍ਹ ਜਾਵੇ
ਰੁੱਖ ਰੁੰਡ-ਮਰੁੰਡ ਹੋ ਜਾਵੇ
ਦ੍ਰਿਸ਼ ਮਨ ਨਾ ਭਾਉਂਦਾ ਹੈ
ਹਰ ਥਾਂ ਹਰਿਆਲੀ ਹਰ ਕੋਈ ਚਾਹੁੰਦਾ ਹੈ।
ਬਸੰਤ ਰੁੱਤ ਜਦੋਂ ਆਵੇ
ਪਾਲਾ ਉਡੰਤ ਹੋ ਜਾਵੇ
ਧਰਤ ਹਰਿਆਵਲ ਆਵੇ
ਖ਼ੇੜ੍ਹਾ ਮਨ ਲੁਭਾਉਂਦਾ ਹੈ
ਬਸੰਤ ਮੇਲੇ ਹਰ ਕੋਈ ਚਾਹੁੰਦਾ ਹੈ।
ਰੁੱਤਾਂ ਆਵਣ ਵਾਰੋ-ਵਾਰੀ
ਰੱਖੋ ਹਮੇਸ਼ਾਂ ਪੂਰੀ ਤਿਆਰੀ
ਇਹ ਹੀ ਗੱਲ ਸਿਆਣੀ ਹੈ
ਸਭ ਤੋਂ ਸੋਹਣੀ ਬਸੰਤ ਰੁੱਤ
ਸਭ ਰੁੱਤਾਂ ਦੀ ਰਾਣੀ ਹੈ।
ਕਵਿਤਾ 1508202404
ਹਰਕੀਰਤ ਕੌਰ
ਸ:ਪ:ਸ ਕਾਂਝਲਾ-1
ਮੋ – 9463279200